For the best experience, open
https://m.punjabitribuneonline.com
on your mobile browser.
Advertisement

‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ

12:17 PM Apr 06, 2024 IST
‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ
Advertisement

ਪ੍ਰਿੰ. ਸਰਵਣ ਸਿੰਘ

ਮਿਲਖਾ ਸਿੰਘ ਤੇਜ਼ਤਰਾਰ ਦੌੜਾਂ ਦਾ ਬਾਦਸ਼ਾਹ ਸੀ। ਏਸ਼ੀਆ ਮਹਾਂਦੀਪ ਦਾ ਬੈੱਸਟ ਅਥਲੀਟ। ਉਸ ਨੇ ਕਾਮਨਵੈੱਲਥ ਤੇ ਏਸ਼ਿਆਈ ਖੇਡਾਂ ਵਿੱਚੋਂ ਪੰਜ ਗੋਲਡ ਮੈਡਲ ਜਿੱਤੇ ਸਨ। ਭਾਰਤ ਨੂੰ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਮਿਲਖਾ ਸਿੰਘ ਨੇ ਹੀ ਦੁਆਇਆ ਸੀ। ਉਸ ਨੇ ਤਿੰਨ ਓਲੰਪਿਕਸ ਵਿੱਚ ਭਾਗ ਲਿਆ ਸੀ ਤੇ ਰੋਮ ਦੀਆਂ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਦਾ-ਜਿੱਤਦਾ ਹਾਰ ਗਿਆ ਸੀ। ਉੱਥੇ ਉਹ ਪਹਿਲਾ ਓਲੰਪਿਕ ਰਿਕਾਰਡ ਮਾਤ ਪਾ ਗਿਆ ਸੀ। ਭਾਰਤੀ ਅਥਲੀਟਾਂ ’ਚ ਉਸ ਦੀ ਬੱਲੇ-ਬੱਲੇ ਸਭ ਤੋਂ ਵੱਧ ਹੋਈ। ਉਹ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਸ ਦੇ ਜੀਵਨ ’ਤੇ ਆਧਾਰਿਤ ਬਣੀ ਫਿਲਮ ‘ਭਾਗ ਮਿਲਖਾ ਭਾਗ’ ਕਾਰਲ ਲੇਵਿਸ ਵਰਗੇ ਮਹਾਨ ਅਥਲੀਟ ਨੇ ਵੀ ਸਲਾਹੀ। ਉਸ ਨੂੰ ‘ਫਲਾਈਂਗ ਸਿੱਖ’ ਵੀ ਕਿਹਾ ਜਾਂਦਾ ਰਿਹਾ। ਇਹ ਖ਼ਿਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿੱਚ ਮਿਲਿਆ ਸੀ। ਦੌੜ ਜਿੱਤਣ ਪਿੱਛੋਂ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ ਸੀ, “ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ। ਅਸੀਂ ਏਹਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦੇਨੇ ਆਂ!”
ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਂ ਨੇ ਉਸ ਨੂੰ ਮੈਡਲ ਪਹਿਨਾਉਂਦਿਆਂ ਕਿਹਾ ਸੀ, “ਮਿਲਖਾ ਸਿੰਘ ਜੀ, ਤੁਸੀਂ ਵਾਕਿਆ ਈ ‘ਫਲਾਈਂਗ ਸਿੱਖ’ ਹੋ।” ਉੱਥੇ ਉਹ 200 ਮੀਟਰ ਦੀ ਦੌੜ 20.7 ਸੈਕੰਡ ਵਿੱਚ ਦੌੜਿਆ ਸੀ ਜੋ ਉਸ ਸਮੇਂ ਵਿਸ਼ਵ ਰਿਕਾਰਡ ਸੀ। ਰੋਮ ਵਿੱਚ ਉਹ 400 ਮੀਟਰ ਦੀ ਦੌੜ 45.6 ਸੈਕੰਡ ਵਿੱਚ ਦੌੜਿਆ। ਉਦੋਂ ਓਲੰਪਿਕ ਰਿਕਾਰਡ 45.9 ਸੈਕੰਡ ਦਾ ਸੀ। ਉਸ ਨੇ 80 ਇੰਟਰਨੈਸ਼ਨਲ ਦੌੜਾਂ ’ਚੋਂ 77 ਦੌੜਾਂ ਜਿੱਤੀਆਂ ਸਨ। ਇੱਕ ਸਮੇਂ 100, 200, 400 ਤੇ 4+400 ਮੀਟਰ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦਾ ਕੋਈ ਹੋਰ ਦੌੜਾਕ 20ਵੀ ਸਦੀ ਦੇ ਅੰਤ ਤੱਕ ਵੀ ਨਹੀਂ ਸੀ ਤੋੜ ਸਕਿਆ। ਉਹ ਆਖ਼ਰ ਕੇਰਲਾ ਦੇ ਕੇ. ਐੱਮ. ਬੀਨੂ ਨੇ 2004 ਵਿੱਚ ਤੋੜਿਆ ਜਿਸ ਨੂੰ ਮਿਲਖਾ ਸਿੰਘ ਨੇ ਐਲਾਨ ਕੀਤਾ ਹੋਇਆ ਦੋ ਲੱਖ ਰੁਪਏ ਦਾ ਇਨਾਮ ਵੀ ਦਿੱਤਾ।
ਮਿਲਖਾ ਸਿੰਘ ਦਾ ਜਨਮ 20 ਨਵੰਬਰ 1932 ਨੂੰ ਪੱਛਮੀ ਪੰਜਾਬ ਦੇ ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਮੁਜ਼ੱਫਰਗੜ੍ਹ ਵਿੱਚ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਬਾਈ ਦੀ ਕੁੱਖੋਂ ਹੋਇਆ ਸੀ। ਉਹ ਅੱਠ ਭੈਣ ਭਰਾ ਸਨ। ਅਮੀਰ ਸਿੰਘ, ਦੌਲਤ ਸਿੰਘ, ਮੱਖਣ ਸਿੰਘ, ਮਿਲਖਾ ਸਿੰਘ, ਗੋਬਿੰਦ ਸਿੰਘ, ਈਸ਼ਰ, ਹਰਬੰਸ ਤੇ ਮਖਣੀ। ਦੇਸ਼-ਵੰਡ ਦੇ ਉਜਾੜੇ ਵੇਲੇ ਇੱਕ ਭੈਣ ਤੇ ਦੋ ਭਰਾ ਹੀ ਬਚ ਸਕੇ, ਬਾਕੀ ਸਾਰਾ ਪਰਿਵਾਰ ਕਤਲ ਕਰ ਦਿੱਤਾ ਗਿਆ ਸੀ। ਮਿਲਖਾ ਸਿੰਘ ਤੇ ਉਸ ਦੀ ਪਤਨੀ ਨਿਰਮਲ ਨਿੰਮੀ ਲੰਮੀ ਉਮਰ ਜੀਵੇ। ਦੋਵੇਂ ਪੰਜਾਬ ਤੇ ਚੰਡੀਗੜ੍ਹ ਦੇ ਸਪੋਰਟਸ ਡਾਇਰੈਕਟਰ ਰਹੇ। ਕੋਵਿਡ ਕਾਲ ਦੌਰਾਨ ਉਹ ਜੂਨ 2021 ਵਿੱਚ ਅੱਗੜ ਪਿੱਛੜ ਪਰਲੋਕ ਸਿਧਾਰੇ। ਆਪਣੇ ਪਿੱਛੇ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਦਾ ਭਰਿਆ ਪਰਿਵਾਰ ਛੱਡ ਗਏ।
ਉਮਰ ਦੇ ਆਖ਼ਰੀ ਸਾਲਾਂ ’ਚ ਮਿਲਖਾ ਸਿੰਘ ਨੇ ਆਪਣੀ ਧੀ ਸੋਨੀਆ ਸਨਵਾਲਕਾ ਤੋਂ ਅੰਗਰੇਜ਼ੀ ਵਿੱਚ ਆਪਣੀ ਆਟੋਬਾਇਓਗ੍ਰਾਫੀ ਲਿਖਵਾਈ: ਦਿ ਰੇਸ ਆਫ ਮਾਈ ਲਾਈਫ।’ ਪਹਿਲਾਂ ਪੰਜਾਬੀ ਵਿੱਚ ਵੀ ਉਸ ਨੇ ਪ੍ਰਸਿੱਧ ਕਵੀ ਪਾਸ਼ ਤੋਂ ਆਪਣੀ ਸਵੈਜੀਵਨੀ ਲਿਖਵਾਈ ਸੀ: ਫਲਾਈਂਗ ਸਿੱਖ ਮਿਲਖਾ ਸਿੰਘ। 2020 ਵਿੱਚ ਮੈਂ ਉਸ ਦੀ ਸੰਖੇਪ ਜੀਵਨੀ ‘ਉੱਡਣਾ ਸਿੱਖ ਮਿਲਖਾ ਸਿੰਘ’ ਲਿਖੀ।

Advertisement

ਮਿਲਖਾ ਸਿੰਘ ਨੂੰ ਮੈਂ ਪਹਿਲੀ ਵਾਰ 1958 ’ਚ ਟੀਵੀ ’ਤੇ ਦੌੜਦਾ ਵੇਖਿਆ ਸੀ। ਉਦੋਂ ਉਸ ਨੇ ਕਾਰਡਿਫ ਦੀਆਂ ਕਾਮਨਵੈੱਲਥ ਖੇਡਾਂ ’ਚੋਂ ਗੋਲਡ ਮੈਡਲ ਜਿੱਤਿਆ ਸੀ। ਫਿਰ 1962 ’ਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਦੌੜਦੇ ਵੇਖਿਆ। ਉਦੋਂ ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਉੱਥੇ ਪ੍ਰੈਕਟਿਸ ਕਰਦੇ ਸਾਂ। ਪ੍ਰੈਕਟਿਸ ਪਿੱਛੋਂ ਜਦੋਂ ਉਹ ਵਿਹਲਾ ਹੋਇਆ ਤਾਂ ਮੈਂ ਉਹਦੇ ਨਾਲ ਹੱਥ ਮਿਲਾਇਆ ਸੀ। ਉਹਦੇ ਹੱਥ ਪਤਲੇ, ਕਲਾਈਆਂ ਵੀ ਪਤਲੀਆਂ ਤੇ ਗਿੱਟੇ-ਗੋਡੇ ਵੀ ਪਤਲੇ ਸਨ। ਸੂਤਵਾਂ ਚਿਹਰਾ ਤਕੜੇ ਖਿਡਾਰੀਆਂ ਵਰਗਾ ਨਹੀਂ ਅਨੀਂਦਰੇ ਮਾਰੇ ਪਾੜ੍ਹਿਆਂ ਵਰਗਾ ਸੀ। ਦੰਦ ਵੱਡੇ ਤੇ ਬੁੱਲ੍ਹ ਮੋਟੇ ਸਨ। ਗੱਲ੍ਹਾਂ ਜਾਭਾਂ ’ਚ ਵੜੀਆਂ ਪਈਆਂ ਸਨ। ਜੂੜਾ ਵੱਡਾ ਸੀ ਜੋ ਚਿੱਟੇ ਰੁਮਾਲ ਨਾਲ ਬੱਧਾ ਹੋਇਆ ਸੀ। ਉਦੋਂ ਮੇਰਾ ਵਜ਼ਨ ਤਾਂ ਸੱਤਰ ਕਿਲੋ ਸੀ ਜਦ ਕਿ ਮਿਲਖਾ ਸਿੰਘ ਦਾ ਵਜ਼ਨ ਮੈਨੂੰ ਸੱਠ ਕੁ ਕਿਲੋ ਲੱਗਾ ਸੀ। ਉਹਦੇ ਨਾਲ ਮੱਲਾਂ ਵਰਗੇ ਥਰੋਅਰ ਪ੍ਰਦੁੱਮਣ ਸਿੰਘ ਤੇ ਬਲਕਾਰ ਸਿੰਘ ਹੋਰੀਂ ਸਨ। ਮੱਖਣ ਸਿੰਘ, ਗੁਰਬਚਨ ਰੰਧਾਵਾ, ਤਰਲੋਕ ਸਿੰਘ ਤੇ ਮਹਿੰਦਰ ਸਿੰਘ ਹੋਰੀਂ ਦਸ ਪੰਦਰਾਂ ਅਥਲੀਟ ਸਨ ਜਿਹੜੇ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਲਈ ਤਿਆਰੀ ਕਰ ਰਹੇ ਸਨ।
ਮਿਲਖਾ ਸਿੰਘ ਦੀ ਜੀਵਨ ਕਹਾਣੀ ਦੌੜਾਂ ਦੀ ਐਸੀ ਗਾਥਾ ਹੈ ਜੋ ਜੱਗੋਂ ਨਿਆਰੀ ਹੈ। ਦੌੜਾਂ ਸਦਾ ਉਹਦੇ ਅੰਗ ਸੰਗ ਰਹੀਆਂ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਰਾਹਾਂ ’ਤੇ ਪੈਰ ਭੁੱਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਇੱਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿੱਚ ਉਹ ਪਾਕਿਸਤਾਨ ’ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਬਰਾਬਰ ਦੌੜਿਆ ਤੇ ਚੋਰੀਆਂ ਚਕਾਰੀਆਂ ਕੀਤੀਆਂ। ਇੱਟਾਂ ਰੋੜੇ ਤੇ ਚਾਕੂ ਚਲਾਏ। ਪੁਲੀਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬੇਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਫੜਿਆ ਗਿਆ ਤੇ ਜੇਲ੍ਹ ਜਾ ਪੁੱਜਾ। ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲੋਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ’ਚ ਉਹ ਇੱਕ ਗ਼ਰੀਬੜੀ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਉਹਦੇ ਹੱਥ ਨਾ ਆਈ। ਇੱਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫ਼ੌਜ ’ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸ਼ਾਂ ਵਿਦੇਸ਼ਾਂ ਵਿੱਚ ਦੌੜ ਕੇ ਮੈਡਲ ਤੇ ਕੱਪ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। ਭਾਰਤ ਸਰਕਾਰ ਨੇ ਅਰਜਨ ਐਵਾਰਡ ਤੇ ਪਦਮਸ਼੍ਰੀ ਦੇ ਪੁਰਸਕਾਰਾਂ ਨਾਲ ਨਿਵਾਜਿਆ। ਰੋਮ ਦੀਆਂ ਓਲੰਪਿਕ ਖੇਡਾਂ ’ਚ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਤਾਂ ਕੁਲ ਦੁਨੀਆ ’ਚ ਮਿਲਖਾ ਮਿਲਖਾ ਹੋ ਗਈ। ਲਾਹੌਰ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਦਾ ਸਾਹਮਣਾ ਕਰਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਮਰ ਰਹੇ ਬਾਪ ਦੇ ਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾ...।”
1947 ਦੀ ਮਾਰ-ਧਾੜ ’ਚੋਂ ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਜਿਨ੍ਹਾਂ ਰਾਹਾਂ, ਪਹਿਆਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੇਨਾਂ, ਟਰੈਕਾਂ, ਸਟੇਡੀਅਮਾਂ ਤੇ ਗੌਲਫ਼ ਗਰਾਊਂਡਾਂ ’ਚ ਉਹ ਦੌੜਿਆ ਉੱਥੋਂ ਅੱਜ ਵੀ ਉਹਦੇ ਮੁੜਕੇ ਦੀ ਮਹਿਕ ਆ ਰਹੀ ਹੈ।
1966 ’ਚ ਮਿਲਖਾ ਸਿੰਘ ਨਾਲ ਕੀਤੀ ਪਹਿਲੀ ਮੁਲਾਕਾਤ ਪਿੱਛੋਂ ਮੈਂ ਜਿਹੜਾ ਲੇਖ ਲਿਖਿਆ ਸੀ ਉਸ ਦੀਆਂ ਕੁਝ ਟੂਕਾਂ ਹਾਜ਼ਰ ਹਨ, “ਟਰੈਕ ਮਿਲਖਾ ਸਿੰਘ ਲਈ ਤੀਰਥ ਸਥਾਨ ਬਣ ਗਿਆ ਸੀ ਤੇ ਦੌੜਨਾ ਨਿਤਨੇਮ। ਦੌੜ ਉਹਦਾ ਇਸ਼ਟ ਬਣ ਗਈ ਸੀ। ਵਿਤੋਂ ਬਾਹਰਾ ਦੌੜਨ ਨਾਲ ਉਹ ਕਈ ਵਾਰ ਬੇਹੋਸ਼ ਹੋਇਆ ਤੇ ਲਹੂ ਦੀਆਂ ਉਲਟੀਆਂ ਕਰਦਾ ਰਿਹਾ। ਸਿਕੰਦਰਾਬਾਦ ਉਹਦਾ ਸੈਂਟਰ ਸੀ। ਫ਼ੌਜੀ ਬੈਰਕ ਤੇ ਟਰੈਕ ਉਹਦੀ ਦੁਨੀਆ ਸੀ। ਦੌੜਨ ਦੀ ਤਪੱਸਿਆ ਜਿੱਥੇ ਸਰੀਰ ਦਾ ਮੁੜਕਾ ਵਹਾਉਂਦੀ, ਲਹੂ ਪੀਂਦੀ, ਨਿਢਾਲ ਕਰਦੀ, ਰਾਤਾਂ ਨੂੰ ਵੀ ਦੌੜਾਂ ਲੁਆਉਂਦੀ, ਅਨੀਂਦਰੇ ਮਾਰਦੀ, ਉੱਥੇ ਜਿੱਤਾਂ ਜਿੱਤਣ ਦੀ ਤਾਂਘ ’ਚ ਇਹੋ ਤਪੱਸਿਆ ਉਹਨੂੰ ਗਗਨਾਂ ਦੇ ਪਰੀ-ਮੰਡਲਾਂ ਵਿੱਚ ਸੰਵਾ ਦਿੰਦੀ!’’
“ਟੋਕੀਓ-58 ਦੀਆਂ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਦਾ ਓਲੰਪੀਅਨ ਦੌੜਾਕ ਅਬਦੁੱਲ ਖ਼ਾਲਿਕ ਕਿਸੇ ਨੂੰ ਨਿਗ੍ਹਾ ਹੇਠ ਨਹੀਂ ਸੀ ਲਿਆਉਂਦਾ। ਉਹ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਜਦਕਿ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ ’ਚੋਂ ਜਿਹੜਾ 200 ਮੀਟਰ ਦੀ ਦੌੜ ਜਿਤਦਾ ਉਹੀ ਏਸ਼ੀਆ ਦਾ ਬੈੱਸਟ ਅਥਲੀਟ ਬਣਨਾ ਸੀ। ਆਖ਼ਰ 200 ਮੀਟਰ ਦੌੜ ਸ਼ੁਰੂ ਹੋਈ। ਅਖ਼ੀਰ ਤੱਕ ਦੋਵੇਂ ਬਰਾਬਰ ਦੌੜਦੇ ਗਏ। ਹੱਲਾਸ਼ੇਰੀ ਦਿੰਦੇ ਦਰਸ਼ਕ ਪੱਬਾਂ ਭਾਰ ਖੜ੍ਹੇ ਹੋ ਗਏ। ਦੋਹੇਂ ਦੌੜਾਕ ਫੀਤੇ ਨੂੰ ਇੱਕੋ ਸਮੇਂ ਛੋਹੇ। ਦੌੜ ਪੂਰੀ ਕਰਦਿਆਂ ਮਿਲਖਾ ਸਿੰਘ ਲੜਖੜਾ ਕੇ ਡਿੱਗ ਪਿਆ। ਕਾਫ਼ੀ ਸਮਾਂ ਉਡੀਕਣ ਤੇ ਦੌੜ ਸਮਾਪਤੀ ਦੀ ਫੋਟੋ ਵਾਰ ਵਾਰ ਘੋਖਣ ਉਪਰੰਤ ਐਲਾਨ ਹੋਇਆ-ਮਿਲਖਾ ਸਿੰਘ ਫਸਟ! ਟਾਈਮ... ਤਾੜੀਆਂ ਦੀ ਗੁੰਜਾਰ ਵਿੱਚ ਟਾਈਮ ਕਿਸੇ ਨੇ ਵੀ ਨਾ ਸੁਣਿਆ।
“ਮਿਲਖਾ ਸਿੰਘ ਦੇ ਖ਼ੁਸ਼ੀ ਵਿੱਚ ਹੰਝੂ ਵਹਿ ਤੁਰੇ। ਤਸਵੀਰਾਂ ਖਿੱਚਣ ਲਈ ਕੈਮਰਿਆਂ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਸਾਥੀਆਂ ਦੀਆਂ ਜੱਫੀਆਂ ਨੇ ਉਹਨੂੰ ਮਧੋਲ ਲਿਆ। ਡੌਰ-ਭੌਰ ਉਹ ਆਪਣੇ ਕਮਰੇ ’ਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ। ਉਸ ਨੇ ਆਪਣੇ ਆਪ ਨੂੰ ਗਹੁ ਨਾਲ ਵੇਖਿਆ... ਭੁੱਜਦੇ ਪੈਰਾਂ ਨਾਲ ਤਪਦੇ ਰਾਹਾਂ ’ਤੇ ਰੁੱਖਾਂ ਦੀਆਂ ਛਾਵਾਂ ਵੱਲ ਦੌੜਦਾ, ਲਹੂ ਲਿੱਬੜੀ ਗੱਡੀ ’ਚ ਲੁਕ ਕੇ ਸਫ਼ਰ ਕਰਦਾ, ਸ਼ਰਨਾਰਥੀ ਕੈਂਪਾਂ ’ਚ ਰੁਲਦਾ, ਫ਼ੌਜੀਆਂ ਦੇ ਬੂਟ ਪਾਲਸ਼ ਕਰਦਾ, ਲੁਕਾਅ ਕੇ ਰੱਖੀ ਬੇਹੀ ਰੋਟੀ ਨਿਗਲਦਾ...। ਉਸ ਨੇ ਅੱਖਾਂ ਮੁੰਦ ਲਈਆਂ। ਸਿਰ ਬਾਹਾਂ ਵਿੱਚ ਘੁੱਟ ਲਿਆ ਤੇ ਮੰਜੇ ’ਤੇ ਲੇਟ ਗਿਆ। ਜੋ ਖ਼ੁਆਬ ਵਿੱਚ ਵੀ ਨਹੀਂ ਸੀ ਉਹ ਹਕੀਕਤ ਬਣ ਗਿਆ ਸੀ। ਜਪਾਨ ਦਾ ਸ਼ਹਿਨਸ਼ਾਹ ਉਹਨੂੰ ਵਧਾਈ ਦੇ ਰਿਹਾ ਸੀ। ਤਿਰੰਗਾ ਲਹਿਰਾ ਰਿਹਾ ਸੀ ਤੇ ‘ਜਨ ਗਨ ਮਨ’ ਗੂੰਜ ਰਿਹਾ ਸੀ। ਦੁਨੀਆ ਭਰ ’ਚ ‘ਮਿਲਖਾ ਸਿੰਘ-ਮਿਲਖਾ ਸਿੰਘ’ ਹੋ ਰਹੀ ਸੀ! ਹੋਰ ਉਸ ਨੂੰ ਕੀ ਚਾਹੀਦਾ ਸੀ?”
ਉਸ ਲੇਖ ਦੇ ਅੰਤ ’ਚ ਮੈਂ ਲਿਖਿਆ ਸੀ, “ਆਖ਼ਰ ਟੋਕੀਓ ਦੀ ਓਲੰਪਿਕ ਦੌੜ ਦੌੜਨ ਪਿੱਛੋਂ ਉਸ ਨੇ ਦੌੜਾਂ ਨੂੰ ਅਲਵਿਦਾ ਕਹਿ ਕੇ ਆਪਣੇ ਕਿੱਲਾਂ ਵਾਲੇ ਬੂਟ ਕਿੱਲੀ ’ਤੇ ਟੰਗ ਦਿੱਤੇ ਜੋ ਵੰਗਾਰ ਰਹੇ ਹਨ-ਆਵੇ ਕੋਈ ਨਿੱਤਰੇ!”
ਮਿਲਖਾ ਸਿੰਘ ਬਾਰੇ ‘ਭਾਗ ਮਿਲਖਾ ਭਾਗ’ ਫਿਲਮ ਬਣੀ ਤਾਂ ਜਿੱਥੇ ਉਹਦੀ ਮਸ਼ਹੂਰੀ ਨੂੰ ਚਾਰ ਚੰਨ ਲੱਗੇ ਉੱਥੇ ਉਹਦੇ ਬਾਰੇ ਦੰਦ ਕਥਾਵਾਂ ਵਿੱਚ ਵੀ ਵਾਧਾ ਹੋਇਆ। ਫਿਲਮ ਵਿੱਚ ਮਿਲਖਾ ਸਿੰਘ ਨੂੰ ਇੱਕੋ ਡੀਕੇ ਦੋ ਕਿਲੋ ਘਿਓ ਦਾ ਭਰਿਆ ਡੱਬਾ ਪੀਂਦਾ ਵਿਖਾਇਆ ਗਿਆ। ਫਿਰ ਡੰਡ ਕੱਢ ਕੇ ਘਿਓ ਦਾ ਦੂਜਾ ਡੱਬਾ ਵੀ ਖਾਲੀ ਕਰ ਦਿੱਤਾ! ਤਮਾਸ਼ਬੀਨ ਭੰਗੜੇ ਪਾਈ ਗਏ। ਇਹ ਬੜਾ ਵਧਾ ਚੜ੍ਹਾ ਕੇ ਵਿਖਾਇਆ ਦ੍ਰਿਸ਼ ਹੈ। ਕੋਈ ਦੌੜਾਕ ਚਾਰ ਕਿਲੋ ਘਿਓ ਨਹੀਂ ਪੀ ਸਕਦਾ। ਪੀ ਲਵੇ ਤਾਂ ਹਜ਼ਮ ਨਹੀਂ ਕਰ ਸਕਦਾ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਗੋਰੀ ਕੁੜੀ ਨਾਲ ਇਸ਼ਕ ਮੁਸ਼ਕ ਵੀ ਫਿਲਮੀ ਇਸ਼ਕ ਹੈ। ਉਹਦਾ ਇਸ਼ਕ ਨਿਰਮਲ ਸੈਣੀ ਨਾਲ ਹੀ ਹੋਇਆ ਜੋ ਵਿਆਹ ਨਾਲ ਨੇਪਰੇ ਚੜ੍ਹਿਆ।
ਮਿਲਖਾ ਸਿੰਘ ਦੀ ਵਡਿਆਈ ਇਸ ਤੱਥ ਵਿੱਚ ਨਹੀਂ ਕਿ ਉਸ ਨੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਜਾਂ ਭਾਰਤ ਲਈ ਕਾਮਨਵੈਲਥ ਤੇ ਏਸ਼ਿਆਈ ਖੇਡਾਂ ਦੇ ਪੰਜ ਗੋਲਡ ਮੈਡਲ ਜਿੱਤੇ। ਉਸ ਦੀ ਵਡਿਆਈ ਤਾਂ ਇਸ ਤੱਥ ਵਿੱਚ ਹੈ ਕਿ 1947 ਦੀ ਵੱਢ-ਟੁੱਕ ਵਿੱਚ ਯਤੀਮ ਹੋਏ ਉਸ ਬਾਲਕ ਨੇ ਬਿਪਤਾਵਾਂ ਦੇ ਦੌਰ ’ਚੋਂ ਗੁਜ਼ਰਦਿਆਂ ਬਿਨਾਂ ਖੇਡ ਸਹੂਲਤਾਂ ਦੇ ਏਸ਼ੀਆ ਦਾ ਬੈੱਸਟ ਅਥਲੀਟ ਬਣ ਵਿਖਾਇਆ। ਉਹ ਆਪਣੀ ਰਾਖ ’ਚੋਂ ਉੱਗਿਆ। ਉਸ ਨੇ ਤਨ ਮਨ ਦੀ ਅੰਦਰਲੀ ਅੱਗ ਨੂੰ ਆਪੇ ਸੀਖ ਲਾਈ। ਧੁਖਿਆ, ਤਪਿਆ, ਬਲਿਆ ਤੇ ਚਾਨਣ ਮੁਨਾਰਾ ਬਣਿਆ! ਉਸ ਦੀ ਜੀਵਨੀ ’ਤੇ ਬਣੀ ਫਿਲਮ ਵੀ ਇਹੋ ਸੰਦੇਸ਼ ਦਿੰਦੀ ਹੈ ਕਿ ਜੁਆਨੋ ਉੱਠੋ, ਆਪਣੇ ਅੰਦਰਲੇ ਨੂੰ ਜਗਾਓ, ਸਖ਼ਤ ਮਿਹਨਤ ਕਰੋ ਤੇ ਕੁਝ ਕਰ ਕੇ ਵਿਖਾਓ। ਜੋ ਕੁਝ ਮਾੜੀਆਂ ਹਾਲਤਾਂ ਵਿੱਚ ਮਾੜਚੂ ਜਿਹੇ ਸਰੀਰ ਦੇ ਮਿਲਖਾ ਸਿੰਘ ਨੇ ਕੀਤਾ ਤੁਸੀਂ ਉਸ ਤੋਂ ਚੰਗੇਰੀਆਂ ਹਾਲਤਾਂ ’ਚ ਜੰਮ ਪਲ ਕੇ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਹੋ ਜੇ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਦ੍ਰਿੜ ਇਰਾਦਾ ਧਾਰ ਲਵੋਂ। ਮਿਲਖਾ ਸਿੰਘ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸੋਮਾ ਹੈ। ਭੁੱਲੇ ਭਟਕਿਆਂ ਦਾ ਰਾਹ ਦਸੇਰਾ। ਖਿਡਾਰੀਆਂ ਲਈ ਰੋਲ ਮਾਡਲ।
ਮਿਲਖਾ ਸਿੰਘ ਦੇ ਸ਼ਬਦਾਂ ਵਿੱਚ ਭਾਰਤ ’ਚ ਪ੍ਰਤਿਭਾ ਦੀ ਘਾਟ ਨਹੀਂ। ਘਾਟ ਹੈ ਤਾਂ ਦ੍ਰਿੜ ਇਰਾਦੇ ਦੀ ਹੈ, ਅਨੁਸਾਸ਼ਨ ਦੀ ਤੇ ਸਖ਼ਤ ਮਿਹਨਤ ਦੀ। ਘਾਟ ਕਥਨੀ ਦੀ ਨਹੀਂ, ਕਰਨੀ ਦੀ ਹੈ। ਗੱਲੀਂ ਬਾਤੀਂ ਸਾਡੇ ਅਖੌਤੀ ਨੇਤਾ ‘ਮਹਾਨ’ ਕਹੇ ਜਾਂਦੇ ਹਨ ਪਰ ਨਬਿੇੜੇ ਤਾਂ ਅਮਲਾਂ ’ਤੇ ਹੀ ਹੋਣੇ ਹੁੰਦੇ ਹਨ! ਪਿੜ ਭਾਵੇਂ ਖੇਡਾਂ ਦਾ ਹੋਵੇ, ਸਿਆਸਤ ਦਾ ਹੋਵੇ, ਸਰਵਿਸ ਦਾ ਜਾਂ ਕਿਸੇ ਵੀ ਕਾਰੋਬਾਰ ਦਾ ਹੋਵੇ, ਨਿਤਾਰਾ ਅਮਲਾਂ ਨੇ ਹੀ ਕਰਨਾ ਹੁੰਦੈ। ਭਾਰਤ ਦੀ ਬਦਬਖਤੀ ਹੈ ਕਿ ਇੱਥੇ ਕਿਰਤ ਦੇ ਲੁਟੇਰੇ ਮੌਜਾਂ ਮਾਣ ਰਹੇ ਨੇ ਤੇ ਕਿਰਤੀ ਭੁੱਖੇ ਮਰ ਰਹੇ ਨੇ। ਗ਼ਰੀਬਾਂ ਨੂੰ ਦੋ ਮੰਨੀਆਂ ਦਾ ਫ਼ਿਕਰ ਹੈ ਜਦ ਕਿ ਅਮੀਰਾਂ ਤੋਂ ਅਣਮਿਣੀ ਦੌਲਤ ਸਾਂਭ ਨਹੀਂ ਹੁੰਦੀ। ਸਿੱਟੇ ਵਜੋਂ ਗ਼ਰੀਬ ਹੋਰ ਗ਼ਰੀਬ ਹੋਈ ਜਾਂਦੇ ਨੇ ਤੇ ਅਮੀਰ ਹੋਰ ਅਮੀਰ! ਫਿਰ ਵੀ ਭਾਰਤ ਲਈ ਖੇਡਾਂ ਦੇ ਜਿੰਨੇ ਮੈਡਲ ਗ਼ਰੀਬ ਘਰਾਂ ਦਿਆਂ ਬੱਚਿਆਂ ਨੇ ਜਿੱਤੇ ਹਨ ਅਮੀਰ ਘਰਾਂ ਦੇ ਲਾਡਲਿਆਂ ਨੇ ਉਹਦਾ ਦਸਵਾਂ ਹਿੱਸਾ ਵੀ ਨਹੀਂ ਜਿੱਤੇ।
ਇੱਕ ਕਿਸਾਨ ਘਰ ਦਾ ਜੰਮਪਲ ਹੋ ਕੇ, ਅਨਾਥ ਹੋ ਕੇ, ਬਚਪਨ ਟੁਕੜੇ ਟੁਕੜੇ ਕਰਾ ਕੇ, ਉੱਜੜ ਪੁੱਜੜ ਕੇ, ਜੇਲ੍ਹ ਜਾ ਕੇ, ਅੰਤਾਂ ਦੀਆਂ ਔਖਿਆਈਆਂ ’ਚੋਂ ਲੰਘ ਕੇ, ਵੱਡੀ ਉਮਰ ’ਚ ਦੌੜ ਸ਼ੁਰੂ ਕਰ ਕੇ ਤੇ ਫਿਰ ਵੀ ਦੌੜ ਦਾ ਬਾਦਸ਼ਾਹ ਬਣ ਕੇ ਜੋ ਮਸ਼ਾਲ ਮਿਲਖਾ ਸਿੰਘ ਨੇ ਜਗਾਈ ਉਸ ਨੂੰ ਸਲਾਮ ਹੈ! ਇਹੋ ਮਸ਼ਾਲ ਹਰ ਬੱਚੇ ਨੂੰ, ਜੁਆਨ ਨੂੰ, ਇਨਸਾਨ ਨੂੰ ਉੱਚੀਆਂ ਉਡਾਰੀਆਂ ਭਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਰਾਹਦਸੇਰਾ ਹੋ ਸਕਦੀ ਹੈ, ਰਹਬਿਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ ਕੇਵਲ ਕੁਝ ਕਦਮਾਂ ਦੀ ਦੌੜ ਨਹੀਂ ਬਲਕਿ ਹਰ ਬਾਲਕ ਅੰਦਰ ਛੁਪੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ। ਬਸ ਦ੍ਰਿੜ ਇਰਾਦਾ, ਲਗਾਤਾਰ ਲਗਨ ਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ। ਫਿਰ ਦਿੱਲੀ ਦੂਰ ਨਹੀਂ!

Advertisement
Author Image

sukhwinder singh

View all posts

Advertisement
Advertisement
×