ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੂਹੇ ਦੇ ਨਾਨਕੇ

07:26 AM Sep 23, 2023 IST

ਇਕਬਾਲ ਸਿੰਘ ਹਮਜਾਪੁਰ

ਚੰਨੂ ਚੂਹੇ ਦਾ ਨਾਨਕੇ ਜਾਣ ਨੂੰ ਬਹੁਤ ਮਨ ਕਰਦਾ ਸੀ। ਉਹ ਸਾਰਾ ਦਿਨ ਗਾਉਂਦਾ ਰਾਹਿੰਦਾ-‘ਨਾਨਕੇ ਜਾਵਾਂਗੇ, ਮੋਟੇ ਹੋ ਕੇ ਆਵਾਂਗੇ।’ ਪਰ ਸਕੂਲ ਵਿੱਚ ਅਜੇ ਛੁੱਟੀਆਂ ਨਹੀਂ ਸਨ। ਛੁੱਟੀਆਂ ਵਿੱਚ ਹੀ ਉਹ ਨਾਨਕੇ ਜਾ ਸਕਦਾ ਸੀ। ਛੁੱਟੀਆਂ ਤੋਂ ਬਗ਼ੈਰ ਨਾਨਕੇ ਜਾਣ ਨਾਲ ਪੜ੍ਹਾਈ ਦਾ ਨੁਕਸਾਨ ਹੋ ਸਕਦਾ ਸੀ। ਉਹ ਛੁੱਟੀਆਂ ਹੋਣ ਦੀ ਉਡੀਕ ਕਰਨ ਲੱਗਾ ਤੇ ਫਿਰ ਜਿਸ ਦਿਨ ਛੁੱਟੀਆਂ ਹੋਈਆਂ, ਚੰਨੂ ਉਸੇ ਦਿਨ ਆਪਣੀ ਮਾਂ ਨਾਲ ਨਾਨਕੇ ਪਹੁੰਚ ਗਿਆ।
ਨਾਨਕੇ ਪਹੁੰਚ ਕੇ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਚੰਨੂ ਦੇ ਨਾਨਕੇ ਸ਼ਹਿਰ ਵਿੱਚ ਸਨ। ਸ਼ਹਿਰੀ ਚਕਾਚੌਂਧ ਨੇ ਉਸ ਦੀ ਨਾਨਕੇ ਜਾਣ ਦੀ ਰੀਝ ਨੂੰ ਹੋਰ ਵੀ ਦੂਣਾ-ਚੌਣਾ ਕਰ ਦਿੱਤਾ ਸੀ। ਆਪਣੀ ਨਾਨੀ-ਨਾਨੇ ਦੇ ਘਰ ਪਹੁੰਚ ਕੇ ਉਹ ਥੋੜ੍ਹੀ ਦੇਰ ਰੁਕਿਆ। ਫਿਰ ਉਹ ਇਕੱਲਾ ਹੀ ਘੁੰਮਣ ਤੁਰ ਪਿਆ। ਉਹ ਬਾਜ਼ਾਰ ਵਿੱਚ ਘੁੰਮਣਾ ਚਾਹੁੰਦਾ ਸੀ। ਬਾਜ਼ਾਰ ਵਿੱਚ ਘੁੰਮਦਾ-ਘੁੰਮਦਾ ਉਹ ਦੂਰ ਨਿਕਲ ਗਿਆ। ਬਾਜ਼ਾਰ ਵਿੱਚ ਆ ਕੇ ਉਸ ਨੇ ਇੱਕ ਰੇਹੜੀ ਤੋਂ ਕੁਲਫੀ ਖਾਧੀ। ਦੂਸਰੀ ਰੇਹੜੀ ਤੋਂਂ ਉਸ ਨੇ ਗੋਲਗੱਪੇ ਖਾਧੇ। ਉਸ ਨੇ ਨਾਨਕੇ ਆ ਕੇ ਖਰਚਣ ਲਈ ਪੈਸੇ ਥੋੜ੍ਹੇ-ਥੋੜ੍ਹੇ ਕਰਕੇ ਕਈ ਦਿਨਾਂ ਤੋਂ ਜੋੜੇ ਹੋਏ ਸਨ।
ਬਾਜ਼ਾਰ ਵਿੱਚੋਂ ਖਾ-ਪੀ ਕੇ ਉਹ ਵਾਪਸ ਆਪਣੀ ਨਾਨੀ-ਨਾਨੇ ਦੇ ਘਰ ਨੂੰ ਤੁਰ ਪਿਆ। ਚੰਨੂ ਕਿੰਨੀ ਦੇਰ ਤੁਰਦਾ ਰਿਹਾ, ਪਰ ਉਸ ਨੂੰ ਆਪਣੀ ਨਾਨੀ-ਨਾਨੇ ਦਾ ਘਰ ਨਾ ਲੱਭਾ। ਸ਼ਹਿਰ ਦੇ ਭੀੜ-ਭੜੱਕੇ ਤੇ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਉਸ ਨੂੰ ਉਨ੍ਹਾਂ ਦਾ ਘਰ ਭੁੱਲ ਗਿਆ ਸੀ। ਚੰਨੂ ਨੇ ਕਿੰਨੀਆਂ ਹੀ ਗਲੀਆਂ ਵੇਖੀਆਂ, ਪਰ ਉਸ ਨੂੰ ਆਪਣੀ ਨਾਨੀ-ਨਾਨੇ ਦਾ ਘਰ ਨਾ ਲੱਭਾ। ਹਾਰ ਕੇ ਉਹ ਰੋਣ ਲੱਗ ਪਿਆ।
‘‘ਕਿਉਂ ਰੋਂਦਾ ਏ ਬੱਚੂ?’’ ਚੰਨੂ ਨੂੰ ਰੋਂਦਿਆਂ ਵੇਖ ਕੇ ਉੱਥੋਂ ਗੁਜ਼ਰਦੇ ਇੱਕ ਬਜ਼ੁਰਗ ਚੂਹੇ ਨੇ ਪੁੱਛਿਆ।
‘‘ਮੈਂ ਬਾਜ਼ਾਰ ਵਿੱਚ ਘੁੰਮਣ ਆਇਆ ਸਾਂ। ਹੁਣ ਮੈਨੂੰ ਆਪਣੀ ਨਾਨੀ-ਨਾਨੇ ਦਾ ਘਰ ਨਹੀਂ ਲੱਭਦਾ।’’ ਚੰਨੂ ਨੇ ਡੁਸਕਦੇ ਹੋਏ ਨੇ ਦੱਸਿਆ, ਪਰ ਏਨਾ ਕੁ ਦੱਸਣ ਨਾਲ ਉਸ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਸੀ। ਚੰਨੂ ਨੂੰ ਵਾਪਸ ਆਪਣੇ ਨਾਨਕਿਆਂ ਦੇ ਘਰ ਪਹੁੰਚਣ ਲਈ ਗਲੀ ਨੰਬਰ ਤੇ ਹਾਊਸ ਨੰਬਰ ਦੱਸਣਾ ਪੈਣਾ ਸੀ। ਗਲੀ ਨੰਬਰ ਤੇ ਹਾਊਸ ਨੰਬਰ ਉਸ ਨੂੰ ਨਹੀਂ ਸੀ ਪਤਾ।
ਇੱਕ ਇੱਕ ਕਰਕੇ ਉੱਥੋਂ ਗੁਜ਼ਰਨ ਵਾਲੇ ਕਿੰਨੇ ਹੀ ਚੂਹੇ ਇਕੱਠੇ ਹੋ ਗਏ, ਪਰ ਚੰਨੂ ਦੀ ਸਮੱਸਿਆ ਦਾ ਕੋਈ ਹੱਲ ਨਾ ਕਰ ਸਕਿਆ। ਉਹ ਉਵੇਂ ਹੀ ਡੁਸਕਦਾ ਪਿਆ ਸੀ। ਬਹੁਤ ਦੇਰ ਬਾਅਦ ਉੱਥੋਂ ਚੀਕੂ ਚੂਹਾ ਲੰਘਿਆ। ਚੰਨੂ ਨੂੰ ਡੁਸਕਦੇ ਨੂੰ ਵੇਖ ਕੇ ਚੀਕੂ ਵੀ ਰੁਕ ਗਿਆ।
‘‘ਮੈਂ ਅੱਜ ਇਸ ਨੂੰ ਆਪਣੀ ਮਾਂ ਨਾਲ ਬੈਗ ਲੈ ਕੇ ਤਿੰਨ ਨੰਬਰ ਵਾਲੀ ਗਲੀ ਵਿੱਚ ਧੋਬੀਆਂ ਦੇ ਘਰ ਵੜਦੇ ਵੇਖਿਆ ਸੀ।’’ ਚੀਕੂ ਨੇ ਮੁਹਾਂਦਰਾ ਪਛਾਣਦੇ ਹੋਏ ਦੱਸਿਆ। ਹੁਣ ਇਕੱਠੇ ਹੋਏ ਸਾਰੇ ਚੂਹੇ ਸਮਝ ਗਏ ਕਿ ਚੰਨੂ ਦੇ ਨਾਨਾ-ਨਾਨੀ ਧੋਬੀਆਂ ਦੇ ਘਰ ਰਹਿੰਦੇ ਹਨ। ਚੰਨੂ ਨੂੰ ਆਪਣੇ ਨਾਨਕਿਆਂ ਦਾ ਘਰ ਲੱਭ ਗਿਆ ਸੀ। ਇਕੱਠੇ ਹੋਏ ਚੂਹਿਆਂ ਵਿੱਚੋਂ ਇੱਕ ਬਜ਼ੁਰਗ, ਉਸ ਨੂੰ ਉਸ ਦੀ ਨਾਨੀ-ਨਾਨੇ ਦੇ ਘਰ ਛੱਡਣ ਤੁਰ ਪਿਆ।
ਆਪਣੀ ਨਾਨੀ-ਨਾਨੇ ਦੇ ਘਰ ਪਹੁੰਚ ਕੇ ਚੰਨੂ ਆਪਣੀ ਮਾਂ ਦੇ ਗਲ਼ ਨਾਲ ਚਿੰਬੜ ਕੇ ਇੱਕ ਵਾਰ ਫੇਰ ਡੁਸਕਣ ਲੱਗ ਪਿਆ। ਚੰਨੂ ਨੂੰ ਡੁਸਕਦੇ ਨੂੰ ਵੇਖ ਕੇ ਉਸ ਦੀ ਮਾਂ ਦੀਆਂ ਵੀ ਅੱਖਾਂ ਭਰ ਆਈਆਂ। ਚੰਨੂ ਦੀ ਮਾਂ ਨੂੰ ਵੀ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਉਹ ਵੀ ਚੰਨੂ ਨੂੰ ਲੱਭਦੀ ਫਿਰਦੀ ਸੀ। ਮਾਂ ਨੇ ਚੰਨੂ ਦੇ ਦੋ ਚਪੇੜਾਂ ਠੋਕੀਆਂ ਤੇ ਅੱਗੇ ਤੋਂ ਇਸ ਤਰ੍ਹਾਂ ਇਕੱਲੇ ਬਾਜ਼ਾਰ ਜਾਣ ਤੋਂ ਵਰਜਿਆ। ਚੰਨੂ ਨੇ ਵੀ ਆਪਣੀ ਮਾਂ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਇਕੱਲਾ ਬਾਜ਼ਾਰ ਨਹੀਂ ਜਾਵੇਗਾ।
ਚੰਨੂ ਨੇ ਭਾਵੇਂ ਆਪਣੀ ਮਾਂ ਨਾਲ ਇਕੱਲਿਆਂ ਬਾਜ਼ਾਰ ਨਾ ਜਾਣ ਦਾ ਵਾਅਦਾ ਕੀਤਾ ਸੀ, ਫਿਰ ਵੀ ਮਾਂ ਨੂੰ ਚੰਨੂ ਦੇ ਦੁਬਾਰਾ ਗਵਾਚ ਜਾਣ ਦਾ ਡਰ ਸਤਾਉਣ ਲੱਗ ਪਿਆ ਸੀ। ਡਰਦੀ-ਮਾਰੀ ਉਹ ਇੱਕ ਗੱਤੇ ਦੇ ਟੁਕੜੇ ਉੱਪਰ ਥਾਂ-ਪਤਾ ਲਿਖ ਕੇ ਚੰਨੂ ਦੇ ਗਲ਼ ਵਿੱਚ ਪਾਉਣ ਲੱਗ ਪਈ ਸੀ।
ਉਸ ਦਿਨ ਤੋਂ ਬਾਅਦ ਚੰਨੂ ਇਕੱਲਿਆ ਬਾਜ਼ਾਰ ਜਾਣ ਦੀ ਥਾਂ ਆਂਢ-ਗੁਆਂਢ ਵਿੱਚ ਹਾਣੀਆਂ ਨਾਲ ਖੇਡਣ ਜਾਣ ਲੱਗ ਪਿਆ। ਇੱਕ ਦਿਨ ਉਹ ਹਾਣੀਆਂ ਨਾਲ ਛੂਹਣ-ਛੁਹਾਈ ਖੇਡਦਾ-ਖੇਡਦਾ ਗੁਆਂਢੀਆਂ ਦੇ ਘਰ ਵਿੱਚ ਅੰਗੀਠੀ ਉੱਪਰ ਚੜ੍ਹ ਗਿਆ। ਅੰਗੀਠੀ ਉੱਪਰ ਮੋਬਾਈਲ ਪਿਆ ਸੀ। ਚੰਨੂ ਦਾ ਪੈਰ ਵੱਜਾ ਤੇ ਅੰਗੀਠੀ ਉੱਪਰ ਪਿਆ ਮੋਬਾਈਲ ਹੇਠਾਂ ਡਿੱਗ ਪਿਆ। ਮੋਬਾਈਲ ਹੇਠਾਂ ਡਿੱਗਣ ਦੀ ਦੇਰ ਸੀ, ਚੰਨੂ ਦੀ ਸ਼ਾਮਤ ਆ ਗਈ। ਗੁਆਂਢੀਆਂ ਦਾ ਸਾਰਾ ਟੱਬਰ ਉਸ ਨੂੰ ਲੱਭਣ ਲੱਗਾ ਤੇ ਉਸ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ। ਗੁਆਂਢੀਆਂ ਦੇ ਸਾਰੇ ਟੱਬਰ ਨੇ ਉਸ ਨੂੰ ਮਾਰਨ ਲਈ ਕਮਰ ਕੱਸ ਲਈ ਸੀ। ਉਹ ਡੰਡੇ-ਸੋਟੇ ਲੈ ਕੇ ਚੰਨੂ ਦੇ ਪਿੱਛੇ ਪੈ ਗਏ ਸਨ। ਚੰਨੂ ਘਰ ਵਿੱਚ ਪਏ ਨਿੱਕ-ਸੁੱਕ ਪਿੱਛੇ ਛੁਪ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਹ ਜਿੱਥੇ ਵੀ ਛੁਪਦਾ, ਗੁਆਂਢੀਆਂ ਦਾ ਸਾਰਾ ਟੱਬਰ ਉੱਥੇ ਹੀ ਪਹੁੰਚ ਜਾਂਦਾ। ਚੰਨੂ ਤੇ ਗੁਆਂਢੀਆਂ ਦੇ ਸਾਰੇ ਟੱਬਰ ਦੀ ਛੂਹਣ-ਛੁਹਾਈ ਘੰਟਾ ਭਰ ਚੱਲਦੀ ਰਹੀ। ਚੰਨੂ ਦੇ ਹਾਣੀ ਸਭ ਕੁਝ ਵੇਖ ਰਹੇ ਸਨ। ਹਾਣੀ ਸਮਝ ਗਏ ਸਨ ਕਿ ਹੁਣ ਚੰਨੂ ਲਈ ਬਚਣਾ ਮੁਸ਼ਕਿਲ ਹੈ।
‘‘ਚੰਨੂ ਨੇ ਜਾਣ-ਬੁਝ ਕੇ ਮੋਬਾਈਲ ਨਹੀਂ ਸੁੱਟਿਆ। ਚੰਨੂ ਨਾਨਕੇ ਆਇਆ ਹੋਇਆ। ਇਹ ਨਾਨਕੇ ਆਉਣ ਦੇ ਚਾਅ ਵਿੱਚ ਭੁੜਕਦਾ ਫਿਰਦਾ ਸੀ। ਚਾਅ ਵਿੱਚ ਭੁੜਕਦਿਆਂ ਇਸ ਦਾ ਪੈਰ ਮੋਬਾਈਲ ਨੂੰ ਵੱਜ ਗਿਆ।’’ ਚੰਨੂ ਦੇ ਇੱਕ ਹਾਣੀ ਨੇ ਗੁਆਂਢੀ ਨੂੰ ਦੱਸਿਆ ਤੇ ਗੁਆਂਢੀ ਦਾ ਗੁੱਸਾ ਮੱਠਾ ਪੈ ਗਿਆ। ਪ੍ਰਾਹੁਣਾ ਸਮਝ ਕੇ ਗੁਆਂਢੀ ਨੇ ਚੰਨੂ ਨੂੰ ਛੱਡ ਦਿੱਤਾ।
ਹੁਣ ਗੁਆਂਢੀ ਤੋਂ ਜਾਨ ਬਚਾ ਕੇ ਚੰਨੂ ਸਿੱਧਾ ਆਪਣੇ ਮਾਮੇ ਦੇ ਘਰ ਪਹੁੰਚ ਗਿਆ। ਉਸ ਦਾ ਅਜੇ ਵੀ ਸਾਹ ਨਹੀਂ ਰਲ਼ ਰਿਹਾ ਸੀ। ਉਸ ਦਿਨ ਤੋਂ ਬਾਅਦ ਚੰਨੂ ਨੇ ਆਪਣੇ ਨਾਨਕਿਆਂ ਦੇ ਆਂਢ-ਗੁਆਂਢ ਵਿੱਚ ਵੀ ਖੇਡਣਾ ਬੰਦ ਕਰ ਦਿੱਤਾ ਸੀ। ਉਸ ਨੂੰ ਖਿਆਲ ਆਇਆਂ ਕਿ ਉਹ ਨਾਨਕੇ ਮੋਟਾ ਹੋਣ ਆਇਆ ਹੈ। ਮੋਟਾ ਹੋਣ ਦੇ ਇਰਾਦੇ ਨਾਲ ਚੰਨੂ ਫਿਰ ਬਾਜ਼ਾਰ ਨੂੰ ਤੁਰ ਪਿਆ। ਉਸ ਦੇ ਨਾਨੀ-ਨਾਨੇ ਦੇ ਘਰ ਤੋਂ ਥੋੜ੍ਹੀ ਦੂਰ ਬਾਜ਼ਾਰ ਵਿੱਚ ਇੱਕ ਹਲਵਾਈ ਦੀ ਦੁਕਾਨ ਸੀ। ਉਹ ਅੱਖ ਬਚਾ ਕੇ ਹਲਵਾਈ ਦੀ ਦੁਕਾਨ ਵਿੱਚ ਵੜ ਗਿਆ। ਦੁਕਾਨ ਵਿੱਚ ਵੜ ਕੇ ਉਹ ਹਲਵਾਈ ਤੋਂ ਚੋਰੀ ਮਿਠਾਈ ਖਾਣ ਲੱਗਾ। ਚੰਨੂ ਨੇ ਅਜੇ ਪਹਿਲੇ ਲੱਡੂ ਨੂੰ ਦੰਦੀ ਮਾਰੀ ਸੀ। ਹਲਵਾਈ ਦੀ ਨਿਗ੍ਹਾ ਪੈ ਗਈ ਤੇ ਚੰਨੂ ਦੀ ਫਿਰ ਸ਼ਾਮਤ ਆ ਗਈ। ਹਲਵਾਈ ਦੇ ਨੌਕਰਾਂ ਨੇ ਉਸ ਨੂੰ ਮਾਰਨ ਲਈ ਕਮਰ ਕੱਸ ਲਈ ਸੀ। ਉਹ ਹਲਵਾਈ ਦੇ ਨੌਕਰਾਂ ਤੋਂ ਡਰਦਾ ਹੋਇਆ ਇੱਕ ਮਿਠਾਈ ਦੇ ਡੱਬੇ ਵਿੱਚ ਵੜ ਗਿਆ।
‘‘ਜਦੋਂ ਦਾਅ ਲੱਗਾ, ਮੈਂ ਡੱਬੇ ਵਿੱਚੋਂ ਨਿਕਲ ਕੇ ਭੱਜ ਜਾਵਾਂਗਾ।’’ ਚੰਨੂ ਨੇ ਸੋਚਿਆ ਸੀ, ਪਰ ਉਸ ਦਾ ਡੱਬੇ ਵਿੱਚੋਂ ਨਿਕਲਣ ਲਈ ਸਾਰਾ ਦਿਨ ਦਾਅ ਨਾ ਲੱਗਾ। ਉਹ ਡੱਬੇ ਵਿੱਚੋਂ ਮਸ੍ਵਾਂ ਸ਼ਾਮ ਨੂੰ ਨਿਕਲ ਸਕਿਆ।
‘‘ਮਾਂ ਅੱਜ ਫਿਰ ਮੈਨੂੰ ਉਡੀਕਦੀ ਹੋਵੇਗੀ। ਮੈਨੂੰ ਲੱਭਦੀ-ਲੱਭਦੀ ਉਹ ਅੱਜ ਫਿਰ ਥੱਕ-ਹਾਰ ਗਈ ਹੋਵੇਗੀ।’’ ਚੰਨੂ ਨੂੰ ਖਿਆਲ ਆਇਆ ਤੇ ਮਿਠਾਈ ਵਾਲੇ ਡੱਬੇ ਵਿੱਚੋਂ ਨਿਕਲ ਕੇ ਉਹ ਆਪਣੀ ਨਾਨੀ-ਨਾਨੇੇ ਦੇ ਘਰ ਨੂੰ ਭੱਜ ਪਿਆ। ਆਪਣੀ ਨਾਨੀ-ਨਾਨੇ ਦੇ ਘਰ ਨੂੰ ਭੱਜੇ ਆਉਂਦੇ ਚੰਨੂ ਨੇ ਆਸੇ-ਪਾਸੇ ਨਾ ਵੇਖਿਆ। ਉਸ ਨੇ ਜ਼ੈਬਰਾ ਕਰਾਸਿੰਗ ਤੋਂ ਸੜਕ ਪਾਰ ਨਾ ਕੀਤੀ ਤੇ ਸੜਕ ਪਾਰ ਕਰਦੇ ਵਕਤ ਉਹ ਇੱਕ ਸਕੂਟਰ ਵਾਲੇ ਨਾਲ ਟਕਰਾ ਗਿਆ। ਸਕੂਟਰ ਵਾਲੇ ਨਾਲ ਟਕਰਾ ਕੇ ਉਹ ਸੜਕ ’ਤੇ ਡਿੱਗ ਪਿਆ। ਉਹ ਡਿੱਗਣ ਸਾਰ ਬੇਹੋਸ਼ ਹੋ ਗਿਆ। ਰਾਹੀਆਂ ਨੇ ਉਸ ਨੂੰ ਚੁੱਕ ਕੇ ਫਟਾਫਟ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਚੰਨੂ ਦੇ ਗਲ਼ ਵਿੱਚੋਂ ਥਾਂ-ਪਤਾ ਪੜ੍ਹ ਕੇ ਉਸ ਦੀ ਮਾਂ ਨੂੰ ਦੱਸਿਆ। ਚੰਨੂ ਦੀ ਮਾਂ ਵੀ ਉਸੇ ਵਕਤ ਹਸਪਤਾਲ ਪਹੁੰਚ ਗਈ।
ਡਾਕਟਰ ਦੇ ਦੱਸਣ ਅਨੁਸਾਰ ਚੰਨੂ ਦੇ ਗੁੰਮ ਸੱਟਾਂ ਲੱਗੀਆਂ ਸਨ। ਉਂਜ ਉਸ ਦੀ ਜਾਨ ਬਚ ਗਈ ਸੀ। ਹੁਣ ਬਾਕੀ ਦੀਆਂ ਬਚੀਆਂ ਸਾਰੀਆਂ ਛੁੱਟੀਆਂ ਚੰਨੂ ਹਸਪਤਾਲ ਵਿੱਚ ਰਿਹਾ। ਛੁੱਟੀਆਂ ਖਤਮ ਹੋਣ ਤੱਕ ਉਹ ਮਾੜਾ-ਮੋਟਾ ਤੁਰਨ-ਫਿਰਨ ਜੋਗਾ ਹੋਇਆ। ਨਾਨਕੇ ਆ ਕੇ ਮੋਟੇ ਹੋਣ ਦੀ ਥਾਂ ਉਹ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਿਆ ਸੀ। ਚੰਨੂ ਦੀ ਮਾਂ ਆਪਣੀ ਥਾਂ ਕਲਪਦੀ ਸੀ।
‘‘ਅੱਗੇ ਤੋਂ ਤੂੰ ਘਰ ਹੀ ਰਿਹਾ ਕਰੇਂਗਾ। ਕਿੰਨੇ ਪੈਸੇ ਲਗਵਾ ਦਿੱਤੇ ਤੇ ਦੁੱਖ ਭੋਗਿਆ ਵੱਖਰਾ।’’ ਮਾਂ ਵਾਰ ਵਾਰ ਆਖਦੀ ਸੀ।
ਛੁੱਟੀਆਂ ਖਤਮ ਹੋਣ ’ਤੇ ਚੰਨੂ ਆਪਣੀ ਮਾਂ ਨਾਲ ਘਰ ਨੂੰ ਤੁਰ ਪਿਆ। ਹੁਣ ਘਰ ਨੂੰ ਤੁਰੇ ਆਉਂਦੇ ਚੰਨੂ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਸੀ ਕਿ ਅੱਗੇ ਤੋਂ ਉਹ ਮਾਂ ਨੂੰ ਦੱਸੇ-ਪੁੱਛੇ ਬਗ਼ੈਰ ਕਿਧਰੇ ਨਹੀਂ ਜਾਇਆ ਕਰੇਗਾ। ਉਸ ਨੇ ਇਹ ਵੀ ਫੈਸਲਾ ਕਰ ਲਿਆ ਸੀ ਕਿ ਅੱਗੇ ਤੋਂਂ ਨਾਨਕੇ ਆਣ ਕੇ ਉਹ ਮਿਠਾਈ ਦੀ ਥਾਂ ਦੁੱਧ-ਘਿਉ ਖਾ ਕੇ ਮੋਟਾ ਹੋਣ ਦੀ ਕੋਸ਼ਿਸ਼ ਕਰਿਆ ਕਰੇਗਾ।
ਸੰਪਰਕ: 94165-92149

Advertisement

Advertisement