ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦਾ ਨਤੀਜਾ ਐਲਾਨਿਆ
ਬਰਨਾਲਾ (ਖੇਤਰੀ ਪ੍ਰਤੀਨਿਧ): ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿਚ 20-21 ਅਕਤੂਬਰ ਅਤੇ 13 ਨਵੰਬਰ ਨੂੰ ਦੋ ਪੜਾਵਾਂ ਵਿੱਚ ਕਰਵਾਈ ਗਈ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। ਇਹ ਨਤੀਜਾ ਵੈਬਸਾਈਟ ਉਤੇ ਵੇਖਿਆ ਜਾ ਸਕਦਾ ਹੈ। ਸੁਸਾਇਟੀ ਦੇ ਸੂਬਾਈ ਮੁੱਖ ਦਫ਼ਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਸਿੰਘ ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਦੇ ਦੋ ਗਰੁੱਪਾਂ ਵਿਚ ਹੋਈ ਇਸ ਪ੍ਰੀਖਿਆ ਵਿੱਚ ਪੂਰੇ ਪੰਜਾਬ ‘ਚੋਂ ਛੇਵੀਂ ਜਮਾਤ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਚ ਹੈਰੀਨਪ੍ਰੀਤ ਸਿੰਘ, ਸੱਤਵੀਂ ਜਮਾਤ ’ਚੋਂ ਦੀਪਿਕਾ ਰਾਣੀ, ਗੋਲੂ ਅਤੇ ਰਿਤਿਕਾ ਠਾਕੁਰ, ਅੱਠਵੀਂ ਜਮਾਤ ’ਚੋਂ ਉਤਮਪ੍ਰੀਤ ਕੌਰ, ਨੌਵੀਂ ਜਮਾਤ ਦੇ ਮੋਹਿਤ ਕੁਮਾਰ, ਦਸਵੀਂ ਜਮਾਤ ਦੀ ਕਿਰਨ, ਗਿਆਰਵੀਂ ਜਮਾਤ ਦੀ ਸ਼ਗੁਨਪ੍ਰੀਤ ਕੌਰ, ਬਾਰ੍ਹਵੀਂ ਜਮਾਤ ਦੀ ਮਾਇਆ ਕੌਰ ਅਤੇ ਬੀਏ ਭਾਗ ਪਹਿਲਾ ਦੇ ਅਰਜੁਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਚ 26382 ਵਿਦਿਆਰਥੀਆਂ ਨੇ ਭਾਗ ਲਿਆ।