ਜਬਰ ਜਨਾਹ ਦੇ ਦੋਸ਼ ਨੇ ਵਿਧਾਇਕ ਦੀ ਮੁਸ਼ਕਲ ਵਧਾਈ
ਪੱਤਰ ਪ੍ਰੇਰਕ
ਜੀਂਦ, 31 ਅਗਸਤ
ਨਰਵਾਣਾ ਦੇ ਵਿਧਾਇਕ ਰਾਮ ਨਿਵਾਸ ਸੁਰਜਾਖੇੜਾ ’ਤੇ ਲੱਗੇ ਦੋਸ਼ ਕਾਰਨ ਉਨ੍ਹਾਂ ਦੀਆਂ ਮੁਸੀਬਤਾਂ ਵਧ ਰਹੀਆਂ ਹਨ। ਵਿਧਾਇਕ ਖ਼ਿਲਾਫ਼ ਜੀਂਦ ਮਹਿਲਾ ਥਾਣੇ ਵਿੱਚ ਕੇਸ ਦਰਜਹੋਣ ਮਗਰੋਂ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਇਸ ਮਾਮਲੇ ਵਿੱਚ ਵਿਧਾਇਕ ਤੋਂ ਇਲਾਵਾ 3 ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਪੀੜਤ ਮਹਿਲਾ ਨੇ ਜੀਂਦ ਮਹਿਲਾ ਪੁਲੀਸ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਇਸੇ ਦੌਰਾਨ ਉਸ ਦੇ ਜੀਜਾ ਨੇ ਉਸ ਨੂੰ ਕਿਹਾ ਕਿ ਨਰਵਾਣਾ ਦਾ ਵਿਧਾਇਕ ਰਾਮ ਨਿਵਾਸ ਉਸ ਦਾ ਦੋਸਤ ਹੈ ਤੇ ਉਹ ਉਸ ਨੂੰ ਨੌਕਰੀ ਲਗਵਾ ਦੇਵੇਗਾ। ਇਸ ਤੋਂ ਬਾਅਦ ਉਸ ਨੇ ਮਹਿਲਾ ਦੀ ਵਿਧਾਇਕ ਨਾਲ ਮੁਲਾਕਾਤ ਕਰਵਾ ਦਿੱਤੀ। ਵਿਧਾਇਕ ਮਹਿਲਾ ਤੋਂ ਉਸ ਦਾ ਬਾਇਓਡਾਟਾ, ਕਾਗ਼ਜਾਤ ਲੈ ਲਏ ਤੇ ਕੁਝ ਦਿਨਾਂ ਮਗਰੋਂ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਚੰਡੀਗੜ੍ਹ ਲੈ ਗਏ। ਔਰਤ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਉਸ ਨੂੰ ਕੋਲਡ ਡਰਿੰਕ ਪਿਲਾਈ, ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਈ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਅਪਣੇ ਆਪ ਨੂੰ ਇੱਕ ਕਮਰੇ ਵਿੱਚ ਪਾਇਆ। ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਜਬਰ ਜਨਾਹ ਕੀਤਾ ਹੈ। ਮਗਰੋਂ ਉਸ ਨੂੰ ਧਮਕੀਆਂ ਦਿੱਤੀਆਂ। ਔਰਤ ਨੇ ਦੱਸਿਆ ਕਿ ਇਹ ਮਾਮਲਾ 2021 ਦਾ ਹੈ। ਜੀਂਦ ਮਹਿਲਾ ਪੁਲੀਸ ਨੇ ਦੱਸਿਆ ਕਿ ਔਰਤ ਨੇ ਪੰਜਾਬ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਉੱਥੇ ਇਨ੍ਹਾਂ ਦਾ ਸਮਝੌਤਾ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਹੁਣ ਮਹਿਲਾ ਦੀ ਸ਼ਿਕਾਇਤ ’ਤੇ ਵਿਧਾਇਕ ਸਣੇ ਚਾਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਦੋਵੇਂ ਪੱਖਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਉਧਰ, ਵਿਧਾਇਕ ਵੱਲੋਂ ਇਸ ਸਾਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਹੈ।