For the best experience, open
https://m.punjabitribuneonline.com
on your mobile browser.
Advertisement

ਰਾਮਗੜ੍ਹੀਆ ਭਾਈਚਾਰੇ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ‘ਘੜੀਆਂ ਗੁੱਲੀਆਂ’

10:27 AM Apr 22, 2024 IST
ਰਾਮਗੜ੍ਹੀਆ ਭਾਈਚਾਰੇ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ‘ਘੜੀਆਂ ਗੁੱਲੀਆਂ’
ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦੇ ਹੋਏ ਰਾਮਗੜ੍ਹੀਆ ਭਾਈਚਾਰੇ ਦੇ ਲੋਕ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਅਪਰੈਲ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਭਾਈਚਾਰੇ ਖ਼ਿਲਾਫ਼ ਕਥਿਤ ਵਿਵਾਦਿਤ ਟਿੱਪਣੀ ਕਰਨ ਤੋਂ ਖਫ਼ਾ ਰਾਮਗੜ੍ਹੀਆ ਭਾਈਚਾਰੇ ਦੇ ਪੰਜਾਬ ਭਰ ਤੋਂ ਪੁੱਜੇ ਲੋਕਾਂ ਨੇ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ‘ਗੁੱਲੀਆਂ ਘੜ’ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ। ਲੋਕ ਹੱਥਾਂ ਵਿਚ ਆਪਣੇ ਔਜ਼ਾਰ ਆਰੀਆਂ, ਤੇਸੇ, ਰੰਦੇ, ਬਰਮੇ, ਗੁਣੀਏ ਆਦਿ ਲੈ ਕੇ ਪੁੱਜੇ ਹੋਏ ਸਨ। ਰੋਸ ਧਰਨੇ ਦੌਰਾਨ ਭਾਈ ਲਾਲੋ ਦੇ ਵਾਰਸਾਂ ਨੇ ਸੜਕ ’ਤੇ ਬੈਠ ਕੇ ‘ਗੁੱਲੀਆਂ ਘੜਦਿਆਂ’ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 25 ਅਪਰੈਲ ਤੱਕ ਲਾਲਜੀਤ ਭੁੱਲਰ ਦੀ ਲੋਕ ਸਭਾ ਦੀ ਟਿਕਟ ਵਾਪਸ ਨਾ ਲਈ ਅਤੇ ਮੰਤਰੀ ਦੇ ਅਹੁਦੇ ਤੋਂ ਲਾਂਭੇ ਨਾ ਕੀਤਾ ਤਾਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਚ ਜਾ ਕੇ ‘ਆਪ’ ਉਮੀਦਵਾਰਾਂ ਦਾ ਡਟਵਾਂ ਵਿਰੋਧ ਕਰਾਂਗੇ। ਇੱਥੇ ਅੱਜ ਸੂਬੇ ਭਰ ਤੋਂ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਕੌਮੀ ਹਾਈਵੇਅ-7 ’ਤੇ ਪਟਿਆਲਾ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ। ਇੱਥੇ ਉਨ੍ਹਾਂ ਪਹਿਲਾਂ ਰੋਸ ਰੈਲੀ ਕੀਤੀ ਮਗਰੋਂ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ।
ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਨਾਕੇ ਦੌਰਾਨ ਰਿਹਾਇਸ਼ ਕਲੋਨੀ ਦੇ ਮੁੱਖ ਗੇਟ ਨੇੜੇ ਸੜਕ ਉਪਰ ਰੋਕ ਲਿਆ। ਇਸ ਮੌਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਹੱਥਾਂ ਵਿੱਚ ਚੁੱਕੇ ਔਜ਼ਾਰਾਂ ਨਾਲ ਧਰਨੇ ’ਚ ਬੈਠ ਕੇ ਲੱਕੜ ਦੀਆਂ ਗੁੱਲੀਆਂ ਘੜੀਆਂ। ਇਸ ਮੌਕੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ, ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਅਤੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰਾਮਗੜ੍ਹੀਆ ਭਾਈਚਾਰੇ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਕੇ ਸਮੁੱਚੇ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਲਾਲਜੀਤ ਸਿੰਘ ਭੁੱਲਰ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਕੱਟੀ ਜਾਵੇ, ਮੰਤਰੀ ਮੰਡਲ ਤੋਂ ਲਾਂਭੇ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਜੇ 25 ਅਪਰੈਲ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਦੇ 13 ਹਲਕਿਆਂ ’ਚ ‘ਆਪ’ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਜਲਦੀ ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਡਿਊਟੀ ਮੈਜਿਸਟ੍ਰੇਟ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ, ਲੁਧਿਆਣਾ, ਸ੍ਰੀ ਫਤਹਿਗੜ੍ਹ ਸਾਹਿਬ, ਮੁਹਾਲੀ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਤਰਨ ਤਾਰਨ, ਮਾਨਸਾ, ਮਾਲੇਰਕੋਟਲਾ ਤੇ ਸੰਗਰੂਰ ਤੋਂ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਪੁੱਜੇ ਹੋਏ ਸਨ।

Advertisement

Advertisement
Author Image

sukhwinder singh

View all posts

Advertisement
Advertisement
×