ਮੀਂਹ ਦੇ ਪਾਣੀ ਨਾਲ ਚਾਰਾ ਖ਼ਰਾਬ, ਪਸ਼ੂ ਵੀ ਭੁੱਖ ਨਾਲ ਵਿਲਕਣ ਲੱਗੇ
ਲਖਵਿੰਦਰ ਸਿੰਘ ਬਰਾੜ
ਮਲੋਟ, 24 ਜੁਲਾਈ
ਬਲਾਕ ਮਲੋਟ ਦੇ ਪਿੰਡ ਭੁਲੇਰੀਆਂ ਤੋਂ ਝੋਰੜ ਨੂੰ ਜਾਣ ਵਾਲੇ ਕੱਚੇ ਰਾਹ ’ਤੇ ਸਥਿਤ ਦਰਜਨ ਤੋਂ ਵਧੇਰੇ ਢਾਣੀਆਂ ਮੀਂਹ ਦੇ ਪਾਣੀ ਕਰਕੇ ਜਲ-ਥਲ ਹੋ ਚੁੱਕੀਆਂ ਹਨ। ਇਥੇ ਕਰੀਬ 200 ਏਕੜ ਰਕਬੇ ‘ਚ ਖੜ੍ਹੀ ਝੋਨੇ, ਨਰਮੇ ਦੇ ਨਾਲ ਨਾਲ ਮੂੰਗੀ, ਸਬਜ਼ੀਆਂ ਤੇ ਹੋਰ ਫਸਲਾਂ ਵੀ ਲਗਪਗ ਖਤਮ ਹੋ ਚੁੱਕੀਆਂ ਹਨ। ਢਾਣੀਆਂ ਦੇ ਬਸ਼ਿੰਦਿਆਂ ਵੱਖ-ਵੱਖ ਪਰਿਵਾਰਾਂ ਸੁੱਚਾ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ,ਅੰਗਰੇਜ਼ ਸਿੰਘ ,ਅਮਰ ਸਿੰਘ, ਗੁਰਮੇਜ ਸਿੰਘ,ਕਿਸਾਨ ਕਸ਼ਮੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਮਕਾਨਾਂ ਵਿਚ ਵੜ੍ਹਿਆ ਪਾਣੀ ਦਿਖਾਉਦਿਆਂ ਦੱਸਿਆ ਕਿ ਪਾਣੀ ਦੀ ਮਾਰ ਨੇ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਤਾਂ ਕਰਨਾ ਹੀ ਸੀ ਬਲਕਿ ਮਕਾਨਾਂ ਵਿਚ ਵੀ ਤਰੇੜਾਂ ਲਿਆ ਦਿੱਤੀਆਂ ਹਨ। ਬਜ਼ੁਰਗ ਮਾਤਾ ਦੇਸ ਕੌਰ ਅਤੇ ਜੰਗੀਰ ਕੌਰ ਨੇ ਦੱਸਿਆ ਕਿ ਪਾਣੀ ਕਰਕੇ ਪੱਠੇ ਆਦਿ ਦੀ ਫ਼ਸਲ ਖਤਮ ਹੋ ਜਾਣ ਕਰਕੇ ਹਾਲਾਤ ਇਹ ਹਨ ਕਿ ਪਸ਼ੂ ਡੰਗਰ ਤਾਂ ਭੁੱਖੇ ਮਰ ਹੀ ਰਹੇ ਹਨ, ਨਾਲ ਉਨ੍ਹਾਂ ਨੂੰ ਆਪਣੇ ਰੋਟੀ ਟੁੱਕ ਦਾ ਵੀ ਫ਼ਿਕਰ ਪੈ ਚੁੱਕਿਆ ਹੈ। ਕਿਸਾਨ ਕੁਲਦੀਪ ਸਿੰਘ ਤਾਂ ਪਾਣੀ ਕਰਕੇ ਆਪਣਾ ਘਰ ਹੀ ਛੱਡ ਕੇ ਪਰਿਵਾਰ ਸਮੇਤ ਪਲਾਇਨ ਕਰ ਗਿਆ। ਕਿਸਾਨ ਪਰਮਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛੋਂ ਚਾਰ ਪਿੰਡਾਂ ਦੀ ਨਿਕਾਸੀ ਜਿਸ ਹਿਸਾਬ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਹੋ ਰਹੀ ਹੈ, ਉਸ ਹਿਸਾਬ ਨਾਲ ਅੱਗੇ ਨਿਕਾਸ ਨਹੀਂ ਹੋ ਰਿਹਾ ,ਜਿਸ ਕਰਕੇ ਹਲਾਤ ਇਹ ਹਨ ਪਾਣੀ ਦਾ ਵਹਾਅ ਤੇ ਚੜਾਅ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਅਰਜ਼ਾਂ ਅਤੇ ਬੇਨਤੀਆਂ ਕੀਤੀਆਂ ਪਰ ਅਜੇ ਤੱਕ ਕੋਈ ਨਹੀਂ ਬਹੁੜਿਆ। ਉਧਰ ਐਸਡੀਐਮ ਮਲੋਟ ਗੋਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਤੁਰੰਤ ਹੀ ਨਾਇਬ ਤਹਿਸੀਲਦਾਰ ਅਤੇ ਬੀਡੀਪੀਓ ਮਲੋਟ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਹਦਾਇਤ ਕਰ ਰਹੇ ਹਨ, ਜਲਦੀ ਹੀ ਕਿਸਾਨਾਂ ਨੂੰ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ।