ਮੀਂਹ ਦੇ ਪਾਣੀ ਨੇ ਮਿਰਚ ਕਾਸ਼ਤਕਾਰਾਂ ਦੇ ਸੁਫ਼ਨਿਆਂ ’ਚ ਕੁੜੱਤਣ ਭਰੀ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਜੁਲਾਈ
ਬਨੂੜ ਖੇਤਰ ਵਿੱਚ ਵੱਡੀ ਪੱਧਰ ’ਤੇ ਹਰੀ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸੁਫ਼ਨੇ ਬੀਤੇ ਦਨਿੀਂ ਹੋਈ ਭਰਵੀਂ ਬਾਰਿਸ਼ ਨੇ ਤੋੜ ਦਿੱਤੇ ਹਨ। ਸੱਤਰ ਤੋਂ ਅੱਸੀ ਫ਼ੀਸਦੀ ਮਿਰਚ ਦੀ ਫ਼ਸਲ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ਅਤੇ ਮਿਰਚਾਂ ਦੇ ਬੂਟੇ ਸੁੱਕ ਗਏ ਹਨ। ਇਸ ਖੇਤਰ ਦੇ ਸਮੁੱਚੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵੱਡੀ ਮਾਤਰਾ ਵਿੱਚ ਮਿਰਚ ਲਗਾਈ ਹੋਈ ਸੀ।
ਮਿਰਚ ਕਾਸ਼ਤਕਾਰ ਕੁਲਵੰਤ ਸਿੰਘ ਨਡਿਆਲੀ, ਜਗਤਾਰ ਸਿੰਘ ਕੰਬੋਜ ਬਨੂੜ, ਹਰਮਨਜੀਤ ਸ਼ੰਭੂ ਕਲਾਂ, ਸੈਲੀ ਝਿਊਰਮਾਜਰਾ, ਮਨਜੀਤ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ ਨਡਿਆਲੀ ਅਤੇ ਨਿੱਕਾ ਸਿੰਘ ਬਾਡਿਆਂ ਬਸੀ ਨੇ ਦੱਸਿਆ ਕਿ ਇੱਕ ਦਨਿ ਤੋਂ ਵੱਧ ਪਾਣੀ ਖੜਨ ਨਾਲ ਮਿਰਚ ਦਾ ਬੂਟਾ ਸੁੱਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਤਕੀਂ ਦੋ ਤਿੰਨ ਪਈ ਭਾਰੀ ਬਾਰਿਸ਼ ਦੌਰਾਨ ਤਿੰਨ-ਚਾਰ ਦਨਿ ਖੇਤਾਂ ਵਿੱਚ ਪਾਣੀ ਭਰਿਆ ਰਿਹਾ ਹੈ, ਜਿਸ ਨੇ ਮਿਰਚਾਂ ਦੇ ਬੂਟੇ ਸੁਕਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮਿਰਚ ਦੇ ਬੀਜ, ਲਵਾਈ, ਗੁਡਾਈ, ਖਾਦ ਅਤੇ ਸਪਰੇਅ ’ਤੇ 30 ਹਜ਼ਾਰ ਪ੍ਰਤੀ ਏਕੜ ਦੇ ਕਰੀਬ ਖਰਚ ਆਇਆ ਸੀ। ਉਨ੍ਹਾਂ ਕਿਹਾ ਕਿ ਹੁਣ ਮਿਰਚ ਦੀ ਫ਼ਸਲ ਤੁੜਾਈ ਲਈ ਪੂਰੀ ਤਰ੍ਹਾਂ ਤਿਆਰ ਸੀ ਕਿ ਕੁਦਰਤ ਦੀ ਮਾਰ ਪੈ ਗਈ। ਕਿਸਾਨਾਂ ਨੇ ਦੱਸਿਆ ਕਿ ਮਿਰਚ ਤੋਂ ਇਲਾਵਾ ਹੋਰ ਵੀ ਫ਼ਸਲਾਂ ਨੂੰ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮਿਰਚ ਅਤੇ ਹੋਰ ਫ਼ਸਲਾਂ ਦੇ ਖਰਾਬੇ ਸਬੰਧੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇ।
ਡੀਸੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਕੁਰਾਲੀ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਹਿਰ ਤੇ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਸ਼ਹਿਰ ਵਿੱਚ ਹੜ੍ਹ ਪ੍ਰਭਾਵਿਤ ਕਲੋਨੀਆਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚੋਂ ਲੰਘਦੀ ਸਿੱਸਵਾਂ ਨਦੀ ’ਤੇ ਵੱਸੀਆਂ ਦੋ ਕਲੋਨੀਆਂ ਦਾ ਉਚੇਚੇ ਤੌਰ ‘ਤੇ ਦੌਰਾ ਕੀਤਾ ਅਤੇ ਹੜ੍ਹ ਪੀੜਤ ਪਰਿਵਾਰਾਂ ਦਾ ਪੱਖ ਸੁਣਿਆ। ਡਿਪਟੀ ਕਮਿਸ਼ਨਰ ਨੇ ਵਾਰਡ ਨੰਬਰ 11 ਵਿੱਚ ਆ ਰਹੇ ਸੀਵਰੇਜ ਦੇ ਦੂਸ਼ਿਤ ਪਾਣੀ ਦੀ ਸਮੱਸਿਆ ਸਬੰਧੀ ਵੀ ਮੌਕਾ ਦੇਖਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨ ਨੇ ਕੌਮੀ ਮਾਰਗ ਦੇ ਉਸ ਹਿੱਸੇ ਦਾ ਵੀ ਜਾਇਜ਼ਾ ਲਿਆ, ਜਿੱਥੋਂ ਨਿਕਾਸੀ ਪੁਲੀ ਠੱਪ ਹੋਣ ਕਾਰਨ ਕਈ ਵਾਰਡ ਕਾਲੇ ਰੰਗ ਤੇ ਤੇਜ਼ਾਬੀ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਮਾਡਾ ਦੀ ਇਸ 200 ਫੁੱਟ ਕਲਵਟ (ਪੁਲੀ) ਹੈ ਦੀ ਸਫਾਈ ਲਈ ਸੀਏ ਗਮਾਡਾ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਨੂੰ ਮੌਕੇ ’ਤੇ ਹੀ ਦਿਸ਼ਾ ਨਿਰਦੇਸ਼ ਦਿੱਤੇ ਅਤੇ ਸਮੱਸਿਆ ਦੇ ਹੱਲ ਦੀ ਹਦਾਇਤ ਕੀਤੀ।
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਫ਼ਸਲਾਂ ਦਾ ਜਾੲਿਜ਼ਾ
ਬਨੂੜ (ਪੱਤਰ ਪ੍ਰੇਰਕ): ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਨੇ ਆਪਣੀ ਟੀਮ ਨਾਲ ਪਿੰਡ ਬਾਸਮਾਂ, ਝੱਜੋ, ਬੁੱਢਣਪੁਰ, ਖਲੌਰ, ਮਨੌਲੀ ਸੂਰਤ, ਬਨੂੜ, ਹੁਲਕਾ, ਨੰਡਿਆਲੀ ਵਿੱਚ ਘੱਗਰ ਦੇ ਪਾਣੀ ਅਤੇ ਬਾਰਿਸ਼ ਨਾਲ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਝੋਨਾ, ਮਿਰਚਾਂ, ਮੱਕੀ ਅਤੇ ਹਰੇ ਚਾਰੇ ਦਾ ਵੱਡੀ ਪੱਧਰ ਉੱਤੇ ਨੁਕਸਾਨ ਹੋਇਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਵਿਭਾਗ ਕੋਲ ਮੱਕੀ ਦਾ ਬੀਜ ਸਬਸਿਡੀ ਤੇ ਉਪਲਬਧ ਹੈ ਅਤੇ ਝੋਨੇ/ਬਾਸਮਤੀ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ. 126., ਬਾਸਮਤੀ 1509 ਕਿਸਮਾਂ ਦੇ ਬੀਜ ਦਾ ਪ੍ਰਬੰਧ ਕਰ ਲਿਆ ਗਿਆ ਹੈ ਤਾਂ ਜੋ ਪਨੀਰੀ ਨਾ ਮਿਲਣ ਦੀ ਸੂਰਤ ਵਿਚ ਦੁਬਾਰਾ ਪਨੀਰੀ ਬੀਜ ਕੇ ਝੋਨਾ ਲਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਨਿ੍ਹਾਂ ਕਿਸਾਨਾ ਕੋਲ ਝੋਨੇ ਦੀ ਵਾਧੂ ਪਨੀਰੀ ਹੈ, ਉਹ ਲੋੜਵੰਦ ਕਿਸਾਨਾਂ ਨੂੰ ਪਨੀਰੀ ਦੇਣ।