For the best experience, open
https://m.punjabitribuneonline.com
on your mobile browser.
Advertisement

ਅੱਸੂ ਦੇ ਮੀਂਹ ਨੇ ਧਰਤੀ ’ਤੇ ਵਿਛਾਇਆ ਪੱਕਣ ਕਿਨਾਰੇ ਪੁੱਜਿਆ ਝੋਨਾ

07:25 AM Sep 27, 2024 IST
ਅੱਸੂ ਦੇ ਮੀਂਹ ਨੇ ਧਰਤੀ ’ਤੇ ਵਿਛਾਇਆ ਪੱਕਣ ਕਿਨਾਰੇ ਪੁੱਜਿਆ ਝੋਨਾ
ਬਨੂੜ ਖੇਤਰ ਵਿਚਲੇ ਖੇਤ ’ਚ ਵਿਛੀ ਹੋਈ ਝੋਨੇ ਦੀ ਫ਼ਸਲ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 26 ਸਤੰਬਰ
ਅੱਜ ਸਵੇਰੇ ਅੱਸੂ ਦੇ ਮਹੀਨੇ ਪਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕਣ ਕਿਨਾਰੇ ਪਹੁੰਚੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ। ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਲਗਪਗ ਪੱਕ ਚੁੱਕੀਆਂ ਤੇ ਅਗਲੇ ਦੋ ਚਾਰ ਦਿਨਾਂ ਵਿੱਚ ਝੋਨੇ ਦੀ ਵਾਢੀ ਨੇ ਜ਼ੋਰ ਫੜ ਜਾਣਾ ਸੀ। ਤਾਜ਼ਾ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਤੇ ਝੋਨੇ ਦੀ ਧਰਤੀ ’ਤੇ ਵਿਛੀ ਫ਼ਸਲ ਦੀ ਜਿੱਥੇ ਕਟਾਈ ਵਿੱਚ ਦਿੱਕਤ ਆਵੇਗੀ, ਉੱਥੇ ਝਾੜ ’ਤੇ ਵੀ ਫ਼ਰਕ ਪਵੇਗਾ। ਇਸ ਖੇਤਰ ਦੇ ਸਮੁੱਚੇ ਪਿੰਡਾਂ ਵਿੱਚ ਝੋਨੇ ਦੀ ਜ਼ਿਆਦਾਤਰ ਫ਼ਸਲ ਧਰਤੀ ’ਤੇ ਵਿਛੀ ਹੋਈ ਨਜ਼ਰ ਆਈ। ਇਸੇ ਤਰ੍ਹਾਂ ਇਸ ਖੇਤਰ ਵਿੱਚ ਆਲੂਆਂ ਦੀ ਲਵਾਈ ਜ਼ੋਰਾਂ ਨਾਲ ਚੱਲ ਰਹੀ ਸੀ ਤੇ ਤਾਜ਼ਾ ਲੱਗੇ ਹੋਏ ਆਲੂਆਂ ਦੀਆਂ ਵੱਟਾਂ ਵਿੱਚ ਪਾਣੀ ਭਰਨ ਨਾਲ ਆਲੂਆਂ ਦੇ ਬੂਟੇ ਨਾ ਜੰਮਣ ਦਾ ਖਦਸ਼ਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਫਿਰ ਮਹਿੰਗੇ ਮੁੱਲ ਦਾ ਬੀਜ ਲੈ ਕੇ ਆਲੂ ਲਗਾਉਣੇ ਪੈਣਗੇ। ਇਸ ਨਾਲ ਖਾਦਾਂ, ਤੇਲ ਅਤੇ ਲੇਬਰ ਦੇ ਹੋਰ ਖਰਚੇ ਵੀ ਵੱਧਣਗੇ। ਇਸੇ ਤਰ੍ਹਾਂ ਗੋਭੀ ਦੀ ਫ਼ਸਲ ਨੂੰ ਵੀ ਤਾਜ਼ਾ ਮੀਂਹ ਨਾਲ ਨੁਕਸਾਨ ਹੋਵੇਗਾ। ਨੀਂਵੇਂ ਖੇਤਾਂ ਵਿੱਚ ਪਾਣੀ ਭਰਨ ਨਾਲ ਗੋਭੀ ਦੇ ਬੂਟੇ ਸੁੱਕ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਮਿਰਚਾਂ ਦੀ ਫ਼ਸਲ ਨੂੰ ਵੀ ਬਾਰਿਸ਼ ਕਾਰਨ ਨੁਕਸਾਨ ਪਹੁੰਚਿਆ ਹੈ। ਇਸੇ ਤਰ੍ਹਾਂ ਚਰੀਆਂ-ਮੱਕੀਆਂ ਵੀ ਮੀਂਹ ਅਤੇ ਹਵਾਵਾਂ ਕਾਰਨ ਧਰਤੀ ’ਤੇ ਡਿੱਗ ਗਈਆਂ ਹਨ। ਕਿਸਾਨਾਂ ਅਨੁਸਾਰ ਤਾਜ਼ਾ ਮੀਂਹ ਨਾਲ ਝੋਨੇ ਦੀ ਵਾਢੀ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ। ਬਨੂੜ ਮੰਡੀ ਵਿੱਚ ਪਹੁੰਚੇ ਹੋਏ ਝੋਨੇ ਦੀਆਂ ਢੇਰੀਆਂ ਦੇ ਥੱਲਿਉਂ ਮੀਂਹ ਦਾ ਪਾਣੀ ਫਿਰ ਗਿਆ।

Advertisement

ਐੱਮਸੀ ਰੋਡ ਦੀਆਂ ਦੁਕਾਨਾਂ ਵਿੱਚ ਭਰਿਆ ਮੀਂਹ ਦਾ ਪਾਣੀ

ਬਨੂੜ ਦੀ ਐੱਮਸੀ ਰੋਡ ’ਤੇ ਸਥਿਤ ਦਰਜਨਾਂ ਦੁਕਾਨਾਂ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ। ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਇਸ ਮਾਰਗ ਤੇ ਸਥਿਤ ਦੁਕਾਨਾਂ ਵਿੱਚ ਹਰੇਕ ਮੀਂਹ ਸਮੇਂ ਪਾਣੀ ਭਰਦਾ ਹੈ। ਕਈਂ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੁਕਾਨਾਂ ਵਿੱਚ ਆਉਣ ਤੋਂ ਪਹਿਲਾਂ ਹੀ ਪਾਣੀ ਦੁਕਾਨਾਂ ਵਿਚ ਭਰ ਗਿਆ ਸੀ, ਜਿਸ ਕਾਰਨ ਸਾਮਾਨ ਦਾ ਵੀ ਨੁਕਸਾਨ ਹੋਇਆ। ਖੇਤੀਬਾੜੀ ਸਹਿਕਾਰੀ ਸਭਾ ਬਨੂੜ ਦੇ ਪ੍ਰਧਾਨ ਲਖਬੀਰ ਸਿੰਘ ਟਿੱਕੂ ਖਟੜਾ ਨੇ ਦੱਸਿਆ ਕਿ ਐੱਮਸੀ ਰੋਡ ’ਤੇ ਸਥਿਤ ਖੇਤੀਬਾੜੀ ਸਹਿਕਾਰੀ ਬੈਂਕ ਦੀ ਸਾਖ਼ਾ ਵੀ ਪਾਣੀ ਭਰ ਗਿਆ।

Advertisement

Advertisement
Author Image

joginder kumar

View all posts

Advertisement