ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ
ਗੁਰਬਖਸ਼ਪੁਰੀ
ਤਰਨ ਤਾਰਨ, 10 ਨਵੰਬਰ
ਮਾਝੇ ਤੇ ਦੋਆਬੇ ਦੀਆਂ ਕਈ ਥਾਵਾਂ ’ਤੇ ਅੱਜ ਮੀਂਹ ਪਿਆ। ਦਰਮਿਆਨੀ ਤੋਂ ਭਰਵੇਂ ਮੀਂਹ ਨੇ ਕਿਸਾਨਾਂ ਲਈ ਚਾਰ ਚੁਫੇਰਿਓਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ| ਇਸ ਮੀਂਹ ਨਾਲ ਝੋਨੇ ਦੀਆਂ ਪੂਰੀ ਤਰ੍ਹਾਂ ਨਾਲ ਪੱਕੀਆਂ 1121 ਜਿਹੀਆਂ ਪਛੇਤੀਆਂ ਕਿਸਮਾਂ ਦਾ ਦਾਣਾ ਡਿੱਗ ਗਿਆ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਪਾਲ ਸਿੰਘ ਪੰਨੂ ਨੇ ਅੱਜ ਦੀ ਬਾਰਸ਼ ਨੂੰ ਹਲਕੀ ਤੋਂ ਦਰਮਿਆਨੀ ਆਖਦਿਆਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਕਣਕ ਦੀ ਬਜਿਾਈ ਹੈਪੀ ਸੀਡਰ ਆਦਿ ਪ੍ਰਣਾਲੀ ਰਾਹੀਂ ਕੀਤੀ ਹੈ ਉਨ੍ਹਾਂ ਦੀ ਕਣਕ ਦੀ ਬੀਜੀ ਫਸਲ ਦਾ ਨੁਕਸਾਨ ਨਹੀਂ ਹੋਇਆ ਹੈ| ਇਲਾਕੇ ਦੇ ਭੈਲ ਢਾਏਵਾਲਾ ਦੇ ਕਿਸਾਨ ਰਛਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਕਰਨ ਉਪਰੰਤ ਪਰਾਲੀ ਦੀਆਂ ਬਣਾਈਆਂ ਗੱਠਾਂ ਦੇ ਗਿੱਲੀਆਂ ਹੋ ਜਾਣ ਕਰਕੇ ਕਿਸਾਨ ਵਲੋਂ ਉਨ੍ਹਾਂ ਦੀ ਸੰਭਾਲ ਕਰਨੀ ਮੁਸ਼ਕਲ ਬਣ ਗਈ ਹੈ| ਬਾਰਸ਼ ਨੇ ਤਰਨ ਤਾਰਨ ਸ਼ਹਿਰ ਦੇ ਇਕ ਵੱਡੇ ਭਾਗ ਦੀ ਬੱਤੀ ਗੁੱਲ ਕਰ ਦਿੱਤੀ ਜਿਹੜੀ ਘੰਟਿਆਂਬੰਦੀ ਤੱਕ ਬੰਦ ਰਹੀ|
ਪਠਾਨਕੋਟ (ਪੱਤਰ ਪ੍ਰੇਰਕ): ਇਥੇ ਬਾਰਸ਼ ਨਾਲ ਠੰਢ ਵੀ ਵਧ ਗਈ ਹੈ ਜਦ ਕਿ ਡਾਕਟਰਾਂ ਅਨੁਸਾਰ ਇਸ ਬਾਰਸ਼ ਨਾਲ ਬਿਮਾਰੀਆਂ ਤੋਂ ਨਜਿਾਤ ਮਿਲਣ ਵਿੱਚ ਮੱਦਦ ਮਿਲੇਗੀ। ਦੂਸਰੇ ਪਾਸੇ ਮੀਂਹ ਕਾਰਨ ਅੱਜ ਧਨਤਰੇਸ ਮੌਕੇ ਬਾਜ਼ਾਰਾਂ ਵਿੱਚ ਖਰੀਦਦਾਰੀ ਆਮ ਨਾਲੋਂ ਘੱਟ ਹੋਈ।
ਮੀਂਹ ਨਾਲ ਪ੍ਰਦੂਸ਼ਣ ਘਟਿਆ; ਸਬਜ਼ੀਆਂ ਤੇ ਹਰੇ ਚਾਰੇ ਲਈ ਲਾਭਦਾਇਕ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਸਵੇਰ ਤੋਂ ਹੀ ਪੈ ਰਹੇ ਮੀਂਹ ਨੇ ਅਸਮਾਨ ਵਿਚ ਚੜ੍ਹੇ ਧੂੰਏਂ ਨੂੰ ਸਾਫ ਕਰ ਦਿੱਤਾ। ਅੱਜ ਤੜਕਸਾਰ ਤੋਂ ਸ਼ੁਰੂ ਹੋਇਆ ਮੀਂਹ ਸਾਰਾ ਦਿਨ ਹੀ ਰੁਕ-ਰੁਕ ਕੇ ਪੈਂਦਾ ਰਿਹਾ ਜੋ ਦੇਰ ਰਾਤ ਤਕ ਵੀ ਜਾਰੀ ਸੀ। ਮੀਂਹ ਨੇ ਮੌਸਮ ਵਿਚ ਪੂਰੀ ਤਰਾਂ ਬਦਲਾਅ ਲਿਆ ਦਿੱਤਾ ਹੈ। ਇਸ ਮੀਂਹ ਨਾਲ ਸਰਦ ਰੁੱਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬੀ.ਕੇ.ਯੂ (ਉਗਰਾਹਾਂ) ਦੇ ਆਗੂ ਸੁਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਇਸ ਮੀਂਹ ਨਾਲ 2 ਜਾਂ 3 ਤਿੰਨਾਂ ਵਿਚ ਬੀਜੀ ਹੋਈ ਕਣਕ ਪੂਰੀ ਤਰ੍ਹਾਂ ਕਰੰਡੀ ਗਈ ਹੈ। ਅਗਲੇ 4 ਜਾਂ 5 ਦਿਨਾਂ ਤੱਕ ਕਣਕ ਦੀ ਬਜਿਾਈ ਨੂੰ ਬਰੇਕਾਂ ਲੱਗ ਗਈਆਂ ਹਨ। ਕਣਕ ਵਾਸਤੇ ਮੀਂਹ ਨੁਕਸਾਨਦਾਇਕ ਹੈ ਪਰ ਸਬਜ਼ੀਆਂ, ਆਲੂਆਂ ਅਤੇ ਹਰੇ ਚਾਰੇ ਲਈ ਲਾਭਦਾਇਕ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਮੀਂਹ ਨਾਲ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।
ਮੰਡੀਆਂ ਵਿੱਚ ਝੋਨੇ ਦਾ ਨੁਕਸਾਨ; ਕਣਕ ਦੀ ਬਜਿਾਈ ਵੀ ਪ੍ਰਭਾਵਤਿ
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਇਲਾਕੇ ਵਿਚ ਪਈ ਬੇਮੌਸਮੀ ਬਰਸਾਤ ਕਾਰਨ ਜਿਥੇ ਕਣਕ ਦੀ ਬਜਿਾਈ ਲੇਟ ਹੋਣ ਦੇ ਨਾਲ ਬੀਜੀ ਗਈ ਕਣਕ ਕਰੰਡੀ ਜਾਣ ਤੇ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਤੇ ਖਰੀਦੇ ਗਏ ਝੋਨੇ ਦੀਆਂ ਧਾਕਾਂ ਥੱਲੇ ਪਾਣੀ ਜਾਣ ਨਾਲ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕਿਸਾਨ ਜਸਵਿੰਦਰ ਸਿੰਘ ਵਾਸੀ ਭਟਨੂੰਰਾ ਕਲਾਂ ਨੇ ਦੱਸਿਆ ਕਿ ਉਸ ਨੇ ਬੀਤੇ ਦੋ ਦਿਨ ਵਿਚ ਦਸ ਏਕੜ ਕਣਕ ਦੀ ਬਜਿਾਈ ਕੀਤੀ ਸੀ ਤੇ ਅੱਜ ਭਾਰੀ ਬਾਰਸ਼ ਨਾਲ ਉਸ ਦੀ ਫਸਲ ਕਰੰਡੀ ਗਈ ਹੈ ਤੇ ਇਸ ਤਰ੍ਹਾਂ ਹੀ ਕਿਸਾਨ ਰਮਨਦੀਪ ਸਿੰਘ ਜਿਸ ਦਾ ਝੋਨਾ ਵਿਕਰੀ ਲਈ ਚੌਕ ਬਜਾਜ ਦੀ ਇੱਕ ਆੜ੍ਹਤ ’ਤੇ ਪਿਆ ਹੈ ਨੇ ਦੱਸਿਆ ਕਿ ਉਸ ਦੇ ਝੋਨੇ ਦੀਆਂ ਢੇਰੀਆਂ ਥੱਲੇ ਮੀਂਹ ਦਾ ਪਾਣੀ ਪੈਣ ਕਾਰਨ ਕਈ ਦਿਨ ਮੰਡੀ ਵਿੱਚ ਰੁਲਣਾ ਪੈ ਜਾਵੇਗਾ। ਪਿੰਡ ਬੱਸੀ ਦੇ ਕਿਸਾਨ ਬਲਵਿੰਦਰ ਸਿੰਘ, ਨਡਾਲੀ ਦੇ ਸੁਰਿੰਦਰ ਸਿੰਘ, ਜੈਦ ਦੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਕਾਰਨ ਪਿੰਡਾਂ ਦੇ ਛੰਭ ਵਿਚ ਕਣਕ ਦੀ ਬਜਿਾਈ ਕਾਫ਼ੀ ਲੇਟ ਹੋ ਜਾਵੇਗੀ।