ਕੌਮੀ ਰਾਜਧਾਨੀ ਵਿੱਚ ਮੀਂਹ ਨੇ ਮੁੜ ਠੰਢ ਵਧਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਫਰਵਰੀ
ਦਿੱਲੀ-ਐੱਨਸੀਆਰ ਵਿੱਚ ਅੱਜ ਹਨੇਰੀ ਦੇ ਨਾਲ ਭਾਰੀ ਮੀਂਹ ਪਿਆ, ਜਿਸ ਮਗਰੋਂ ਠੰਢ ਨੇ ਇੱਕ ਵਾਰ ਫਿਰ ਕੰਬਣੀ ਛੇੜ ਦਿੱਤੀ ਹੈ। ਸਰਦੀਆਂ ਦੇ ਮੌਸਮ ਵਿਚ ਲਗਾਤਾਰ ਦੂਜੇ ਦਿਨ ਅਚਾਨਕ ਤਬਦੀਲੀ ਦੇਖੀ ਗਈ ਹੈ। ਬੁੱਧਵਾਰ ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਨੇ ਪੂਰੇ ਸ਼ਹਿਰ ਵਿੱਚ ਕਈ ਸੜਕਾਂ ਜਾਮ ਕਰ ਦਿੱਤੀਆਂ। ਕੜਾਕੇ ਦੀ ਠੰਢ ਨਾਲ ਜੂਝ ਰਹੇ ਲੋਕਾਂ ਦੀਆਂ ਦਰਪੇਸ਼ ਚੁਣੌਤੀਆਂ ਹੋਰ ਵਧ ਗਈਆਂ ਹਨ। ਭਾਰਤੀ ਮੌਸਮ ਵਿਭਾਗ ਅਨੁਸਾਰ ਖਰਾਬ ਮੌਸਮ ਅੱਜ ਦਿਨ ਭਰ ਜਾਰੀ ਰਿਹਾ। ਆਈਐੱਮਡੀ ਦੀ ਭਵਿੱਖਬਾਣੀ ਅਨੁਸਾਰ ਕਈ ਖੇਤਰਾਂ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਸੀਤ ਲਹਿਰ ਦੇ ਹਾਲਾਤਾਂ ਦੇ ਵਿਚਕਾਰ ਰਾਜਧਾਨੀ ਵਿੱਚ ਲਗਾਤਾਰ ਦੂਜੇ ਦਿਨ ਵੀਰਵਾਰ ਸਵੇਰੇ ਤੂਫ਼ਾਨ ਦੇ ਨਾਲ ਭਾਰੀ ਮੀਂਹ ਪਿਆ। ਬੁੱਧਵਾਰ ਨੂੰ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਖੜ੍ਹਨ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਸੀ, ਜਿਸ ਨੇ ਦਿੱਲੀ ਵਾਸੀਆਂ ਦੀ ਮੁਸ਼ਕਲ ਵਧਾ ਦਿੱਤੀ। ਭਾਰੀ ਮੀਂਹ ਨਾਲ ਕੌਮੀ ਰਾਜਧਾਨੀ ਦੇ ਵੱਖ-ਵੱਖ ਹਿੱਸੇ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਆਰਕੇ ਪੁਰਮ, ਸਫਦਰਜੰਗ, ਆਈਐੱਨਏ ਮਾਰਕੀਟ, ਸਰਾਏ ਕਾਲੇ ਖਾਨ ਅਤੇ ਲੋਧੀ ਕਲੋਨੀ ਸ਼ਾਮਲ ਹਨ। ਦਿੱਲੀ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਝੱਜਰ ਸਮੇਤ ਦਿੱਲੀ ਅਤੇ ਐੱਨਸੀਆਰ ਦੇ ਖਾਸ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਗਰਜ ਨਾਲ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਦੇ ਨਰੇਲਾ ਵਿੱਚ 25 ਮਿਲੀਮੀਟਰ, ਪੀਤਮਪੁਰਾ ਵਿੱਚ 16, ਪੂਸਾ ਵਿੱਚ 15, ਲੋਧੀ ਰੋਡ ਵਿੱਚ 19, ਗੁਰੂਗ੍ਰਾਮ ਵਿੱਚ 1.5, ਫਰੀਦਾਬਾਦ ਵਿੱਚ 12, ਗੌਤਮ ਬੁੱਧ ਨਗਰ ਵਿੱਚ 20.5 ਅਤੇ ਗਾਜ਼ੀਆਬਾਦ ਵਿੱਚ 20 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।