For the best experience, open
https://m.punjabitribuneonline.com
on your mobile browser.
Advertisement

ਲੋਕਾਂ ਲਈ ਮੁਸੀਬਤ ਬਣ ਕੇ ਵਰ੍ਹਿਆ ਮੀਂਹ

11:25 AM Sep 11, 2024 IST
ਲੋਕਾਂ ਲਈ ਮੁਸੀਬਤ ਬਣ ਕੇ ਵਰ੍ਹਿਆ ਮੀਂਹ
ਚੰਡੀਗੜ੍ਹ ਦੇ ਸੈਕਟਰ-26 ਦੀ ਸਬਜ਼ੀ ਮੰਡੀ ਦੇ ਬਾਹਰ ਸੜਕ ’ਤੇ ਭਰਿਆ ਹੋਇਆ ਮੀਂਹ ਦਾ ਪਾਣੀ। -ਫੋਟੋ: ਪ੍ਰਦੀਪ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਸਤੰਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਸ ਦੇ ਨਾਲ ਮੀਂਹ ਕਾਰਨ ਸੈਕਟਰ-26 ਦੀ ਮੰਡੀ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਮੀਂਹ ਸਵੇਰੇ ਤੜਕੇ ਪੈਣਾ ਸ਼ੁਰੂ ਹੋ ਗਿਆ ਸੀ ਜੋ ਕਰੀਬ 10 ਵਜੇ ਤੱਕ ਰੁਕ-ਰੁਕ ਕੇ ਪੈਂਦਾ ਰਿਹਾ ਹੈ, ਜਿਸ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 15.6 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 0.2 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਹਾਲਾਂਕਿ ਅੱਜ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 24 ਘੰਟਿਆਂ ਵਿੱਚ 2.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 1.4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਦੂਜੇ ਪਾਸੇ, ਮੌਸਮ ਵਿਗਿਆਨੀਆਂ ਨੇ 11 ਤੇ 12 ਸਤੰਬਰ ਨੂੰ ਰੁਕ-ਰੁਕ ਕੇ ਮੀਂਹ ਪੈਣ ਅਤੇ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕੇ ਕਿਣ-ਮਿਣ ਹੋਣੀ ਸ਼ੁਰੂ ਹੋ ਗਈ ਸੀ ਜੋ ਕਿ 10 ਵਜੇ ਤੱਕ ਹੁੰਦੀ ਰਹੀ। ਉਸ ਤੋਂ ਬਾਅਦ ਵੀ ਬੱਦਲ ਛਾਏ ਰਹੇ, ਜਿਸ ਕਰ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਚੰਡੀਗੜ੍ਹ ਵਿੱਚ ਦੁਪਹਿਰੇ 12-1 ਵਜੇ ਦੇ ਕਰੀਬ ਹਲਕੀ ਧੁੱਪ ਨਿਕਲ ਗਈ ਸੀ, ਪਰ ਮੌਸਮ ’ਚ ਪਹਿਲਾਂ ਨਾਲੋਂ ਤਪਸ਼ ਘੱਟ ਰਹੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਪਏ ਮੀਂਹ ਨੇ ਪੰਚਕੂਲਾ ਦੀਆਂ ਵੱਖ ਵੱਖ ਥਾਵਾਂ ’ਤੇ ਪਾਣੀ ਭਰ ਦਿੱਤਾ। ਅੱਜ ਸਵੇਰੇ ਸੈਕਟਰ-20 ਦੀਆਂ ਟਰੈਫਿਕ ਲਾਈਟਾਂ, ਤਵਾ ਚੌਕ, ਸ਼ਕਤੀ ਭਵਨ ਚੌਕ, ਪੁਰਾਣਾ ਪੰਚਕੂਲਾ ਅਤੇ ਕਈ ਹਾਊਸਿੰਗ ਸੁਸਾਇਟੀਆਂ ਦੇ ਬਾਹਰ ਡਰੇਨਿੰਗ ਸਿਸਟਮ ਠੀਕ ਨਾ ਹੋਣ ਕਾਰਨ ਉੱਥੇ ਪਾਣੀ ਭਰ ਗਿਆ। ਇਸੇ ਤਰ੍ਹਾਂ ਕੁਸ਼ੱਲਿਆ ਡੈਮ ਅਤੇ ਘੱਗਰ ਵਿੱਚ ਪਾਣੀ ਚੜ੍ਹਿਆ ਰਿਹਾ। ਅੱਜ ਦੀ ਸਵੇਰੇ ਪਈ ਭਾਰੀ ਬਰਸਾਤ ਕਾਰਨ ਮਾਰਕੀਟਾਂ ਦੇਰੀ ਨਾਲ ਖੁੱਲ੍ਹੀਆਂ।

Advertisement

ਰੇਲਵੇ ਸਟੇਸ਼ਨ ਦੇ ਬਾਹਰ ਪਾਣੀ ਭਰਿਆ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਇਲਾਕੇ ਅੰਦਰ ਪਈ ਬਰਸਾਤ ਤੋਂ ਬਾਅਦ ਰੇਲਵੇ ਸਟੇਸ਼ਨ ਲਾਗੇ ਮੁਹੱਲਾ ਘੱਟੀਵਾਲ ਮੁੱਖ ਸੜਕ ’ਤੇ ਭਰੇ ਪਾਣੀ ਕਾਰਨ ਕਈ ਘੰਟਿਆਂ ਤਕ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਜਾਣਕਾਰੀ ਅਨੁਸਾਰ ਇੱਥੇ ਕਰੀਬ ਦੋ ਦਹਾਕਿਆਂ ਤੋਂ ਮੀਂਹ ਦਾ ਪਾਣੀ ਭਰ ਰਿਹਾ ਹੈ। ਇੰਨਾ ਹੀ ਨਹੀਂ ਇਹ ਪਾਣੀ ਨੇੜਲੇ ਘਰਾਂ ਵਿੱਚ ਵੀ ਵੜ ਜਾਂਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਭਰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਕੌਂਸਲਰ ਬਿਕਰਮਜੀਤ ਸਿਘ ਸੰਧੂ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਇਸ ਵਾਰ ਨਿਕਾਸੀ ਪਾਈਪ ’ਤੇ ਮਿੱਟੀ ਪੈਣ ਕਾਰਨ ਇਹ ਸਮੱਸਿਆ ਵਧ ਗਈ ਹੈ। ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਦਾ ਪੱਕਾ ਹੱਲ ਕਰਨਗੇ। ਹੁਣ ਮਸ਼ੀਨ ਲਗਾ ਕੇ ਪਾਣੀ ਕੱਢ ਦਿੱਤਾ ਗਿਆ ਹੈ।

Advertisement

ਚੌਕ ’ਚ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ

ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਬਿਲਕੁੱਲ ਵਿਚਕਾਰ ਸਥਿਤ ਕਪੂਰ ਚੌਕ ਰਾਹੀਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਆਉਂਦੇ-ਜਾਂਦੇ ਹਨ ਪਰ ਇੱਕੇ ਅਕਸਰ ਮੀਂਹ ਪੈਣ ਕਾਰਨ ਪਾਣੀ ਭਰ ਜਾਂਦਾ ਹੈ। ਮੀਂਹ ਪੈਣ ਦੇ ਕਾਫ਼ੀ ਸਮਾਂ ਮਗਰੋਂ ਤਕ ਇੱਥੇ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦਾ ਨਿਕਾਸ ਲਾਂਡਰਾ ਰੋਡ ’ਤੇ ਸਥਿਤ ਨਾਲੇ ਵਿੱਚ ਹੁੰਦਾ ਹੈ ਜਿਸ ਦੀ ਸਫ਼ਾਈ ਨਹੀਂ ਹੁੰਦੀ। ਲੋਕਾਂ ਨੇ ਨਗਰ ਕੌਸਲ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਨਾਲੇ ਦੀ ਸਫ਼ਾਈ ਕਰਵਾਈ ਜਾਵੇ।

Advertisement
Author Image

sukhwinder singh

View all posts

Advertisement