ਬਸੀ ਪਠਾਣਾਂ ਵਾਸੀਆਂ ਲਈ ਕਹਿਰ ਬਣ ਕੇ ਵਰ੍ਹਿਆ ਮੀਂਹ
ਅਜੇ ਮਲਹੋਤਰਾ
ਬਸੀ ਪਠਾਣਾਂ, 3 ਸਤੰਬਰ
ਇੱਥੇ ਦੁਪਹਿਰੇ ਦੋ ਘੰਟੇ ਪਏ ਮੀਂਹ ਤੋਂ ਬਾਅਦ ਭਾਵੇਂ ਗਰਮੀ ਤੋਂ ਰਾਹਤ ਮਿਲੀ ਹੈ ਪਰ ਸ਼ਹਿਰ ਵਿੱਚ ਕਈ ਥਾਈਂ ਪਾਣੀ ਭਰ ਗਿਆ। ਅੱਜ ਦੀ ਬਰਸਾਤ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ| ਮੀਂਹ ਕਾਰਨ ਸ਼ਹਿਰ ਦੇ ਮੁੱਖ ਮਾਰਗਾਂ ’ਤੇ ਮੀਂਹ ਦਾ ਪਾਣੀ ਭਰ ਗਿਆ। ਇਸ ਕਾਰਨ ਆਮ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ|
ਇੱਥੇ ਕਈ ਮੁਹੱਲਿਆਂ ਦੇ ਵਾਸੀ ਆਪਣੇ ਘਰਾਂ ’ਚੋਂ ਬਰਸਾਤ ਦਾ ਪਾਣੀ ਬਾਹਰ ਕੱਢਣ ਲਈ ਮੁਸ਼ੱਕਤ ਕਰਦੇ ਨਜ਼ਰ ਆਏ| ਮੁਹੱਲਾ ਪਿੱਪਲਾਂ ਵਾਲਾ ਚੌਕ, ਸੰਤ ਨਾਮ ਦੇਵ ਮੰਦਰ ਸੜਕ, ਮੋਟੇ ਵਾਲਾ ਚੌਕ, ਸ਼ਹਿਰ ਦਾ ਮੁੱਖ ਬਾਜ਼ਾਰ, ਪੁਰਾਣੀ ਅਨਾਜ ਮੰਡੀ, ਮੁਹੱਲਾ ਗਿਲਜੀਆਂ ਅਤੇ ਮੁਹੱਲਾ ਪੁਰਾ ਇਲਾਕੇ ਜ਼ਿਆਦਾ ਪ੍ਰਭਾਵਿਤ ਰਹੇ|
ਸਮਾਜਸੇਵੀ ਇੰਦਰਜੀਤ ਸਿੰਘ ਸੇਠੀ, ਜਸਵਿੰਦਰ ਸਿੰਘ ਢਿੱਲੋਂ, ਨਰੇਸ਼ ਵਰਮਾ, ਮਨੋਜ ਬਾਂਡਾ ਆਦਿ ਨੇ ਪੰਜਾਬ ਸਰਕਾਰ ’ਤੇ ਵਿਕਾਸ ਨਾ ਕਰਵਾਉਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਦਾਅਵੇ ਕਰ ਕੇ ਸੱਤਾ ਵਿੱਚ ਆਏ ‘ਆਪ’ ਦੇ ਆਗੂ ਅੱਜ ਕਿਤੇ ਨਜ਼ਰ ਨਹੀਂ ਆਏ|
ਇਸ ਸਬੰਧੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ‘ਆਪ’ ਦੇ ਕੌਂਸਲਰ ਰਾਜ ਪੁਰੀ ਨੇ ਦੱਸਿਆ ਕਿ ਸੰਤ ਨਾਮ ਦੇਵ ਮੰਦਰ ਸੜਕ ਦਾ ਐਸਟੀਮੇਟ ਬਣ ਚੁੱਕਾ ਹੈ ਅਤੇ ਇਸ ਨਾਲ ਬਣੇ ਨਿਕਾਸੀ ਨਾਲੇ ਦੀ ਵੀ ਮੁੜ ਤੋਂ ਉਸਾਰੀ ਕੀਤੀ ਜਾਵੇਗੀ| ਸ਼ਹਿਰ ਦੀਆਂ ਹੋਰ 29 ਗਲੀਆਂ ਦੀ ਉਸਾਰੀ ਲਈ ਵੀ ਟੈਂਡਰ ਜਲਦੀ ਹੀ ਲਗਾਏ ਜਾਣਗੇ|