ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰੀ ਭਾਰਤ ’ਚ ਆਫ਼ਤ ਬਣ ਕੇ ਵਰ੍ਹਿਆ ਮੀਂਹ

06:56 AM Aug 02, 2024 IST
ਿਹਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਰਜਵਾਨ ਿਪੰਡ ’ਚ ਬਚਾਅ ਕਾਰਜ ’ਚ ਜੁਟੇ ਰਾਹਤ ਕਰਮੀ। -ਫੋਟੋ: ਪੀਟੀਆਈ

* ਸੁਰੱਖਿਆ ਬਲਾਂ ਵੱਲੋਂ ਬਚਾਅ ਤੇ ਰਾਹਤ ਕਾਰਜ ਜਾਰੀ
* ਢਿੱਗਾਂ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਨੁਕਸਾਨਿਆ
* ਮਲਾਣਾ ਡੈਮ ਨੂੰ ਨੁਕਸਾਨ ਪੁੱਜਾ

Advertisement

ਸ਼ਿਮਲਾ/ਮੰਡੀ/ਦੇਹਰਾਦੂਨ, 1 ਅਗਸਤ
ਉੱਤਰੀ ਭਾਰਤ ਵਿੱਚ ਭਾਰੀ ਮੀਂਹ ਪੈਣ ਤੇ ਬੱਦਲ ਫਟਣ ਦੀਆਂ ਘਟਨਾਵਾਂ ’ਚ ਘੱਟ ਤੋਂ ਘੱਟ 17 ਜਣਿਆਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਮਕਾਨਾਂ, ਪੁਲਾਂ ਤੇ ਸੜਕਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਨਿਰਮੰਡ, ਸੈਂਜ ਤੇ ਮਲਾਣਾ, ਮੰਡੀ ’ਚ ਪਧਾਰ ਤੇ ਸ਼ਿਮਲਾ ਦੇ ਰਾਮਪੁਰ ’ਚ ਬੱਦਲ ਫਟਣ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 50 ਦੇ ਕਰੀਬ ਲੋਕ ਲਾਪਤਾ ਹੋ ਗਏ ਹਨ ਜਦਕਿ ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਘੱਟ ਤੋਂ ਘੱਟ 12 ਜਣਿਆਂ ਦੀ ਮੌਤ ਹੋ ਗਈ ਹੈ।

ਕੁੱਲੂ ਦੇ ਭੁੰਤਰ ’ਚ ਹੜ੍ਹਾਂ ਕਾਰਨ ਨੁਕਸਾਨੀ ਇਮਾਰਤ ਦੇਖਦੇ ਹੋਏ ਲੋਕ। -ਫੋਟੋ: ਏਐੱਨਆਈ

ਰੁਦਰਪ੍ਰਯਾਗ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਕੇਦਾਰਨਾਥ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ।
ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਲੰਘੀ ਰਾਤ ਸ਼੍ਰੀਖੰਡ ਮਹਾਦੇਵ ਨੇੜੇ ਬੱਦਲ ਫਟਣ ਕਾਰਨ ਸਰਪਾਰਾ, ਗਨਵੀ ਤੇ ਕੁਰਬਨ ਨਾਲਿਆਂ ’ਚ ਹੜ੍ਹ ਆ ਗਏ ਜਿਸ ਕਾਰਨ ਰਾਮਪੁਰ ਸਬ-ਡਿਵੀਜ਼ਨ ਦੀ ਸਮੇਜ ਖੱਡ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਉਨ੍ਹਾਂ ਦੱਸਿਆ ਇੱਥੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ 30 ਦੇ ਕਰੀਬ ਲੋਕ ਲਾਪਤਾ ਹੋਏ ਹਨ। ਚਾਰ ਵਿਅਕਤੀਆਂ ਨੂੰ ਮੌਕੇ ’ਤੇ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਕਈ ਥਾਵਾਂ ’ਤੇ ਨੁਕਸਾਨਿਆ ਗਿਆ ਹੈ। ਸ਼ਿਮਲਾ ਦੇ ਡੀਸੀ ਤੇ ਐੱਸਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀਆਂ ਟੀਮਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੀ ਪਧਾਰ ਸਬ-ਡਿਵੀਜ਼ਨ ਦੇ ਰਾਜਬਨ ਪਿੰਡ ’ਚ ਬੱਦਲ ਫਟਿਆ ਹੈ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਸੱਤ ਵਿਅਕਤੀ ਲਾਪਤਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਦੋ ਘਰ ਰੁੜ੍ਹ ਗਏ ਹਨ। ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਬਲਾਕ ’ਚ ਵੀ ਬੱਦਲ ਫਟਿਆ ਹੈ ਜਿਸ ਕਾਰਨ ਸੱਤ ਵਿਅਕਤੀ ਲਾਪਤ ਹੋਏ ਹਨ ਤੇ 8-9 ਘਰ ਰੁੜ੍ਹ ਗਏ ਹਨ। ਸੁਰੱਖਿਆ ਬਲਾਂ ਦੇ ਜਵਾਨ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ। ਕੁੱਲੂ ਦੀ ਡਿਪਟੀ ਕਮਿਸ਼ਨਰ ਤੋਰੁਲ ਐੱਸ ਰਵੀਸ਼ ਨੇ ਦੱਸਿਆ ਕਿ ਮਲਾਣਾ ਡੈਮ ਟੁੱਟਣ ਦੀ ਵੀ ਰਿਪੋਰਟ ਹੈ ਪਰ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਮਲਾਣਾ-1 ਪਣ ਬਿਜਲੀ ਪ੍ਰਾਜੈਕਟ ’ਚ ਫਸ ਗਏ ਹਨ। ਉਹ ਜ਼ਮੀਨਦੋਜ਼ ਇਮਾਰਤਾਂ ’ਚ ਹਨ ਤੇ ਸੁਰੱਖਿਅਤ ਹਨ ਅਤੇ ਐੱਨਡੀਆਰਐੱਫ ਤੇ ਹੋਮਗਾਰਡ ਦੇ ਜਵਾਨ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮਾਮਲੇ ’ਚ ਹੰਗਾਮੀ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਲੰਘੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸ਼ਿਮਲਾ, ਕੁੱਲੂ ਤੇ ਮੰਡੀ ਜ਼ਿਲ੍ਹਿਆਂ ’ਚ ਵੱਡਾ ਨੁਕਸਾਨ ਹੋਇਆ ਹੈ ਅਤੇ ਤਕਰੀਬਨ 50 ਲੋਕ ਲਾਪਤਾ ਹਨ ਤੇ ਮਨਾਲੀ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ’ਚ ਕਈ ਸੜਕਾਂ ਆਵਾਜਾਈ ਲਈ ਬੰਦ ਹਨ। ਕੇਂਦਰੀ ਮੰਤਰੀ ਜੇਪੀ ਨੱਢਾ ਨੇ ਮੁੱਖ ਮੰਤਰੀ ਤੋਂ ਵਿਸਥਾਰਤ ਰਿਪੋਰਟ ਮੰਗ ਕੇ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਉੱਤਰਾਖੰਡ ਵਿਚ ਲੰਘੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਇਕ ਪਰਿਵਾਰ ਦੇ ਤਿੰਨ ਜੀਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮੀਂਹ ਕਰਕੇ ਕਈ ਥਾਵਾਂ ’ਤੇ ਘਰ ਢਹਿ ਗਏ ਤੇ ਇਲਾਕਿਆਂ ਵਿਚ ਪਾਣੀ ਭਰ ਗਿਆ। ਸੂਬੇ ਵਿਚ ਕਈ ਦਰਿਆਵਾਂ ’ਚ ਪਾਣੀ ਦਾ ਪੱਧਰ ਵਧ ਗਿਆ। ਦੇਹਰਾਦੂਨ, ਹਲਦਵਾਨੀ ਤੇ ਚਮੋਲੀ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਚਾਰ ਵਿਅਕਤੀ ਲਾਪਤਾ ਹਨ। ਇਸ ਦੌਰਾਨ ਮੁੱਖ ਮੰਤਰੀ ਧਾਮੀ ਨੇ ਅੱਜ ਸਵੇਰੇ ਆਫ਼ਤ ਪ੍ਰਬੰਧਨ ਸੈਂਟਰ ਦਾ ਦੌਰਾ ਕਰਕੇ ਸੂਬੇ ਵਿਚ ਹਾਲਾਤ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਕਿਹਾ ਕਿ ਭੀਮਬਾਲੀ ਚੌਕੀ ਨੇੜੇ 20-25 ਮੀਟਰ ਫੁੱਟਪਾਥ ਰੁੜ੍ਹਨ ਤੇ ਢਿੱਗਾਂ ਡਿੱਗਣ ਨਾਲ ਕੇਦਾਰਨਾਥ ਰੂਟ ’ਤੇ 200 ਮੁਸਾਫ਼ਰ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਫੇਸਬੁਕ ਪੋਸਟ ਵਿਚ ਕਿਹਾ ਕਿ ਕੇਦਾਰਨਾਥ ਰੂਟ ’ਤੇ ਫਸੇ ਸ਼ਰਧਾਲੂਆਂ ਨੂੰ ਐਮਰਜੈਂਸੀ ਹੈਲੀਪੈਡ ’ਤੇ ਲਿਆਂਦਾ ਗਿਆ ਹੈ। ਕੇਦਾਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸੜਕ ਖੁੱਲ੍ਹਣ ਤੱਕ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਲਈ ਨਵੀਂ ਰਜਿਸਟਰੇਸ਼ਨ ਵੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ। -ਪੀਟੀਆਈ

Advertisement

ਲੋਕ ਸਭਾ ਵਿੱਚ ਆਫ਼ਤ ਪ੍ਰਬੰਧਨ (ਸੋਧ) ਬਿੱਲ, 2024 ਪੇਸ਼

ਨਵੀਂ ਦਿੱਲੀ:

ਸਰਕਾਰ ਨੇ ਅੱਜ ਲੋਕ ਸਭਾ ਵਿੱਚ ਆਫ਼ਤ ਪ੍ਰਬੰਧਨ (ਸੋਧ) ਬਿੱਲ, 2024 ਪੇਸ਼ ਕੀਤਾ ਜਿਸ ਦਾ ਉਦੇਸ਼ ਕੌਮੀ ਤੇ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀਜ਼ ਦੀ ਕਾਰਜ ਸਮਰੱਥਾ ਵਧਾਉਣ ਅਤੇ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਹਿੱਤਧਾਰਕਾਂ ਵਿਚਾਲੇ ਵਧੇਰੇ ਸਪੱਸ਼ਟਤਾ ਲਿਆਉਣਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ ਵਿੱਚ ਇਹ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਕੌਮੀ ਸੰਕਟ ਪ੍ਰਬੰਧਨ ਕਮੇਟੀ ਵਰਗੀਆਂ ਕੁਝ ਸੰਸਥਾਵਾਂ ਨੂੰ ਵਿਧਾਨਕ ਦਰਜਾ ਦੇਣਾ ਵੀ ਹੈ। ਇਸ ਤੋਂ ਪਹਿਲਾਂ ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਇਸ ਬਿੱਲ ਵਿੱਚ ਸੂਬਾ ਸਰਕਾਰਾਂ ਦੇ ਅਧਿਕਾਰਾਂ ’ਤੇ ਕਬਜ਼ਾ ਕੀਤਾ ਗਿਆ ਹੈ। -ਪੀਟੀਆਈ

ਸ਼ਾਹ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਹਰ ਸੰਭਵ ਮਦਦ ਦਾ ਭਰੋਸਾ

ਨਵੀਂ ਦਿੱਲੀ:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਗੱਲਬਾਤ ਕੀਤੀ ਅਤੇ ਸੂਬੇ ’ਚ ਬੱਦਲ ਫਟਣ ਮਗਰੋਂ ਬਣੇ ਹਾਲਾਤ ਦੀ ਜਾਣਕਾਰੀ ਹਾਸਲ ਕੀਤੀ। ਸ਼ਾਹ ਨੇ ਇਨ੍ਹਾਂ ਹਾਲਾਤ ’ਚ ਮੁੱਖ ਮੰਤਰੀ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। -ਪੀਟੀਆਈ

ਕਾਂਗਰਸ ਨੇ ਘਟਨਾਵਾਂ ’ਤੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ:

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਹੁਲ ਗਾਂਧੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ ’ਤੇ ਗੱਲ ਕਰਕੇ ਹਾਲਾਤ ਦੀ ਜਾਣਕਾਰੀ ਹਾਸਲ ਕੀਤੀ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮੰਡੀ ਤੇ ਕੁੱਲੂ ਸਮੇਤ ਕਈ ਥਾਵਾਂ ’ਤੇ ਬੱਦਲ ਫਟਣ ਤੇ ਭਾਰੀ ਮੀਂਹ ਪੈਣ ਕਾਰਨ ਲੋਕਾਂ ਦੀ ਮੌਤ ਤੇ ਲਾਪਤਾ ਹੋਣ ਦੀ ਖ਼ਬਰ ਬਹੁਤ ਹੀ ਦੁੱਖ ਭਰੀ ਹੈ। ਦੁਖੀ ਪਰਿਵਾਰਾਂ ਨਾਲ ਅਸੀਂ ਹਮਦਰਦੀ ਜ਼ਾਹਿਰ ਕਰਦਿਆਂ ਪ੍ਰਾਰਥਨਾ ਕਰਦੇ ਹਾਂ ਕਿ ਲਾਪਤਾ ਲੋਕਾਂ ਨੂੰ ਜਲਦੀ ਲੱਭ ਲਿਆ ਜਾਵੇਗਾ।’ ਰਾਹੁਲ ਗਾਂਧੀ ਨੇ ਵੀ ਐਕਸ ’ਤੇ ਪੋਸਟ ਪਾ ਕੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ

ਦਿੱਲੀ-ਐੱਨਸੀਆਰ ਵਿੱਚ ਮੀਂਹ ਕਾਰਨ ਨੌਂ ਮੌਤਾਂ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਦਿੱਲੀ-ਐੱਨਸੀਆਰ ਵਿੱਚ ਮੀਂਹ ਕਾਰਨ ਮਾਂ-ਪੁੱਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਐੱਨਸੀਆਰ ਦੇ ਕਾਰੋਬਾਰੀ ਸ਼ਹਿਰ ਗੁਰੂਗ੍ਰਾਮ ਵਿੱਚ ਪਾਣੀ ਵਿੱਚ ਫੈਲੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਨੋਇਡਾ ਵਿੱਚ ਵੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਫਰੀਦਾਬਾਦ ਦੇ ਉੱਚਾ ਪਿੰਡ ਦੇ ਪ੍ਰਿੰਸ (23) ਦੀ ਮੋਹਨਾ ਨੂੰ ਜਾਂਦੀ ਸੜਕ ਕੋਲ ਵਗਦੇ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਉਹ ਰਾਤ ਨੂੰ ਖਾਣਾ ਲੈਣ ਗਿਆ ਸੀ ਕਿ ਸੜਕ ਕਿਨਾਰੇ ਨਾਲੇ ਵਿੱਚ ਡਿੱਗ ਗਿਆ। ਡੂੰਘੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਕੱਢੀ ਗਈ ਹੈ।

ਨਵੇਂ ਸੰਸਦ ਭਵਨ ਦੀ ਛੱਤ ਚੋਈ

ਸੰਸਦ ਭਵਨ ਦੀ ਛੱਤ ’ਚੋਂ ਰਿਸਦੇ ਪਾਣੀ ਨੂੰ ਇਕੱਠਾ ਕਰਨ ਲਈ ਰੱਖੀ ਗਈ ਬਾਲਟੀ। -ਫੋਟੋ: ਪੀਟੀਆਈ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ):

ਕੌਮੀ ਰਾਜਧਾਨੀ ਵਿੱਚ ਮੋਹਲੇਧਾਰ ਮੀਂਹ ਕਾਰਨ ਨਵੇਂ ਸੰਸਦ ਭਵਨ ਦੀ ਛੱਤ ’ਚੋਂ ਪਾਣੀ ਚੋਣ ਲੱਗ ਪਿਆ। ਇਸ ਕਾਰਨ 971 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭਵਨ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਸੰਸਦ ਭਵਨ ਦੀ ਉਸਾਰੀ ਦਾ ਕੰਮ ਪਿਛਲੇ ਸਾਲ ਹੀ ਪੂਰਾ ਹੋਇਆ ਸੀ। ਨਵੀਂ ਸੰਸਦ ਦੇ ਮਕਰ ਦੁਆਰ ਨੇੜੇ ਪਾਣੀ ਇਕੱਠਾ ਹੋਣ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਨਵੇਂ ਸੰਸਦ ਭਵਨ ਦੀ ਲਾਬੀ ’ਚ ਪਾਣੀ ਲੀਕੇਜ ਹੋਣ ’ਤੇ ਮੋਦੀ ਸਰਕਾਰ ਨੂੰ ਘੇਰਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਦੀ ਪੁਰਾਣੀ ਇਮਾਰਤ ਦੀ ਮਜ਼ਬੂਤੀ ਦੀ ਸ਼ਲਾਘਾ ਕੀਤੀ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨਿਕਮ ਟੈਗੋਰ ਨੇ ਨਵੇਂ ਸੰਸਦ ਭਵਨ ਦੀ ਲਾਬੀ ਦੀ ਛੱਤ ’ਚੋਂ ਪਾਣੀ ਲੀਕ ਹੋਣ ਅਤੇ ਹੇਠਾਂ ਬਾਲਟੀ ਰੱਖਣ ਦਾ ਵੀਡੀਓ ‘ਐਕਸ’ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਲੋਕ ਸਭਾ ’ਚ ਇਸ ਮੁੱਦੇ ’ਤੇ ਵਿਚਾਰ ਵਟਾਂਦਰੇ ਲਈ ਕੰਮ ਰੋਕੂ ਮਤੇ ਦਾ ਨੋਟਿਸ ਵੀ ਦਿੱਤਾ। ਵੀਡੀਓ ਸਾਂਝਾ ਕਰਦਿਆਂ ਟੈਗੋਰ ਨੇ ‘ਐਕਸ’ ’ਤੇ ਕਿਹਾ, ‘‘ਬਾਹਰ ਪੇਪਰ ਲੀਕੇਜ, ਅੰਦਰ ਪਾਣੀ ਲੀਕੇਜ। ਰਾਸ਼ਟਰਪਤੀ ਵੱਲੋਂ ਵਰਤੀ ਜਾਂਦੀ ਸੰਸਦ ਦੀ ਲਾਬੀ ’ਚ ਪਾਣੀ ਲੀਕੇਜ ਨਾਲ ਨਵੀਂ ਇਮਾਰਤ ’ਚ ਮੌਸਮ ਸਬੰਧੀ ਮੁੱਦੇ ਉਜਾਗਰ ਹੋਏ ਹਨ ਜਦਕਿ ਇਮਾਰਤ ਨੂੰ ਬਣਿਆਂ ਅਜੇ ਇਕ ਸਾਲ ਹੀ ਹੋਇਆ ਹੈ।’’ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੰਸਦ ’ਚ ਲੀਕੇਜ ਦਾ ਇੱਕ ਵੀਡੀਓ ਕੈਪਸ਼ਨ ਦੇ ਨਾਲ ਸਾਂਝਾ ਕਰਦਿਆਂ ਲਿਖਿਆ, ‘‘ਪੁਰਾਣੀ ਸੰਸਦ ਨਵੀਂ ਨਾਲੋਂ ਬਿਹਤਰ ਸੀ, ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਕੇ ਮਿਲ ਸਕਦੇ ਸਨ। ਜਦੋਂ ਤੱਕ ਅਰਬਾਂ ਰੁਪਏ ਦੀ ਲਾਗਤ ਨਾਲ ਬਣੀ ਪਾਰਲੀਮੈਂਟ ਵਿੱਚ ਪਾਣੀ ਕੱਢਣ ਦਾ ਪ੍ਰੋਗਰਾਮ ਚੱਲ ਰਿਹਾ ਹੈ, ਉਦੋਂ ਤੱਕ ਕਿਉਂ ਨਾ ਪੁਰਾਣੀ ਸੰਸਦ ਵਿੱਚ ਚਲੇ ਜਾਈਏ।’’ ਉਨ੍ਹਾਂ ਕੇਂਦਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਕੀ ਭਾਜਪਾ ਸਰਕਾਰ ਅਧੀਨ ਬਣਨ ਵਾਲੀ ਹਰ ਨਵੀਂ ਛੱਤ ਤੋਂ ਪਾਣੀ ਟਪਕਣਾ ਉਨ੍ਹਾਂ ਦੇ ਸੋਚੇ-ਸਮਝੇ ਡਿਜ਼ਾਈਨ ਦਾ ਹਿੱਸਾ ਹੈ?
ਇਸੇ ਤਰ੍ਹਾਂ ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ‘ਐਕਸ’ ’ਤੇ ਕਿਹਾ, ‘‘ਸੰਸਦ ਦੀ ਲਾਬੀ ’ਚ ਪਾਣੀ ਰਿਸ ਰਿਹਾ ਹੈ। ਇਹ ਦੇਖਦਿਆਂ ਕਿ ਇਮਾਰਤ ਨਰਿੰਦਰ ਮੋਦੀ ਦੇ ਹੰਕਾਰ ਨਾਲ ਜੁੜੀ ਹੋਈ ਹੈ, ਇਹ ਆਖਣਾ ਸਹੀ ਹੈ ਕਿ 2024 ਦੇ ਲੋਕ ਸਭਾ ਚੋਣ ਨਤੀਜਿਆਂ ਮਗਰੋਂ ਸਰਕਾਰ ਡਗਮਗਾ ਰਹੀ ਹੈ। ਭਾਰਤ ਮੰਡਪਮ ’ਚ ਲੀਕੇਜ ਵੀ ਇਸ ਦੀ ਮਿਸਾਲ ਹੈ।’’ ਟੀਐੱਮਸੀ ਦੀ ਇਕ ਹੋਰ ਆਗੂ ਸਾਗਰਿਕਾ ਘੋਸ਼ ਨੇ ਕਿਹਾ ਕਿ ਕਾਹਿਲੀ ’ਚ ਬਣਾਈ ਗਈ ਨਵੀਂ ਇਮਾਰਤ ’ਚ ਸਿਰ ਛਿਪਾਉਣ ਲਈ ਕੋਈ ਥਾਂ ਨਹੀਂ ਹੈ ਜਦਕਿ ਪੁਰਾਣੀ ਸੰਸਦ ਅਜੇ ਵੀ ਮਜ਼ਬੂਤੀ ਨਾਲ ਖੜ੍ਹੀ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸਈਅਦ ਨਾਸਿਰ ਹੁਸੈਨ ਨੇ ਦਾਅਵਾ ਕੀਤਾ ਕਿ ਕੁਝ ਘੰਟਿਆਂ ਦੇ ਮੀਂਹ ਮਗਰੋਂ ਦੇਸ਼ ਦੀ ਰਾਜਧਾਨੀ ਦੀ ਹਾਲਤ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੰਸਦ ਤੋਂ ਲੈ ਕੇ ਸੜਕਾਂ ਤੱਕ ਸਭ ਕੁਝ ਪਾਣੀ ’ਚ ਡੁੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਬਣੇ ਪੁਰਾਣੇ ਸੰਸਦ ਭਵਨ ’ਚ ਕਦੇ ਕੋਈ ਰਿਸਾਅ ਨਹੀਂ ਹੋਇਆ ਪਰ ਇਕ ਸਾਲ ਪਹਿਲਾਂ ਬਣੀ ਨਵੀਂ ਸੰਸਦ ’ਚ ਰਿਸਾਅ ਸ਼ੁਰੂ ਹੋ ਗਿਆ ਹੈ।

ਪਾਣੀ ਦੀ ਮਾਮੂਲੀ ਲੀਕੇਜ ਨੂੰ ਠੀਕ ਕੀਤਾ

ਨਵੀਂ ਦਿੱਲੀ:

ਨਵੇਂ ਸੰਸਦ ਭਵਨ ’ਚ ਲੀਕੇਜ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਘੇਰੇ ਜਾਣ ਮਗਰੋਂ ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਸਮੱਸਿਆ ਦਾ ਸਮੇਂ ਸਿਰ ਪਤਾ ਲਗਾ ਲਿਆ ਗਿਆ ਸੀ ਅਤੇ ਤੁਰੰਤ ਉਸ ਨੂੰ ਸੁਧਾਰਨ ਦੇ ਉਪਰਾਲੇ ਕੀਤੇ ਗਏ। ਸਕੱਤਰੇਤ ਨੇ ਕਿਹਾ ਕਿ ਲਾਬੀ ਦੇ ਉਪਰ ਲੱਗੇ ਸ਼ੀਸ਼ੇ ਦੇ ਗੁੰਬਦਾਂ ਨੂੰ ਜੋੜਨ ਲਈ ਲਾਈ ਗਈ ਸਮੱਗਰੀ ਹਟਣ ਕਾਰਨ ਪਾਣੀ ਦੀ ਮਾਮੂਲੀ ਲੀਕੇਜ ਹੋਈ ਸੀ ਜਿਸ ਨੂੰ ਫੌਰੀ ਠੀਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਕਰ ਦੁਆਰ ਦੇ ਸਾਹਮਣੇ ਜਮ੍ਹਾਂ ਪਾਣੀ ਵੀ ਜਲਦੀ ਨਿਕਲ ਗਿਆ।

Advertisement
Tags :
Cloud burstCM Sukhwinder Singh SukhuHeavy RainKedarnathLandslidesPunjabi khabarPunjabi NewsRudraprayagUttarakhand
Advertisement