ਮੀਂਹ ਨੇ ਮੂੰਗੀ, ਮੱਕੀ, ਸਬਜ਼ੀਆਂ ਤੇ ਝੋਨੇ ਦੀ ਫਸਲ ਕੀਤੀ ਤਬਾਹ
ਦੇਵਿੰਦਰ ਸਿੰਘ ਜੱਗੀ
ਪਾਇਲ, 9 ਜੁਲਾਈ
ਭਾਰੀ ਮੀਂਹ ਕਾਰਨ ਪਾਇਲ ਏਰੀਏ ਵਿੱਚ ਮੂੰਗੀ ਦੀ ਪੱਕੀ ਫਸਲ, ਸਬਜ਼ੀਆਂ, ਮੱਕੀ ਅਤੇ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ।
ਕਿਸਾਨ ਭੁਪਿੰਦਰ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਪਾਇਲ ਨੇ ਦੱਸਿਆ ਕਿ ਉਹਨਾਂ ਦੀ ਮੂੰਗੀ ਦੀ ਪੱਕੀ ਖੜ੍ਹੀ ਫਸਲ ਭਾਰੀ ਬਾਰਸ਼ ਹੋਣ ਕਾਰਨ ਤਬਾਹ ਹੋ ਚੁੱਕੀ ਹੈ ਜੋ ਵੱਢਣ ਦੇ ਕਿਨਾਰੇ ਸੀ। ਉਹਨਾਂ ਮੂੰਗੀ ਦੀਆਂ ਫਲੀਆਂ ਵਿਖਾਉਂਦਿਆਂ ਕਿਹਾ ਕਿ ਮੂੰਗੀ ਫਲੀਆਂ ਵਿੱਚ ਹੀ ਪੁੰਗਰ ਆਈ ਹੈ।
ਜਿਹਨਾਂ ਦੀ ਢਾਈ ਏਕੜ ਮੂੰਗੀ ਦੀ ਫਸਲ ਖਰਾਬ ਹੋਣ ਕਾਰਨ ਇੱਕ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਦੇ 10 ਏਕੜ ਝੋਨੇ ਦੀ ਫਸਲ ਵੀ ਪਾਣੀ ਵਿੱਚ ਡੁੱਬਣ ਕਾਰਨ ਤਬਾਹ ਹੋ ਚੁੱਕੀ ਹੈ। ਮੀਂਹ ਦੇ ਪਾਣੀ ਚੋਂ ਡੁੱਬਣ ਕਾਰਨ ਝੋਨੇ ਦੀ ਫਸਲ ਗਲ ਚੁੱਕੀ ਹੈ।
ਕਿਸਾਨ ਤੇਜਿੰਦਰ ਸਿੰਘ ਤੇਜੀ ਨੇ ਦੱਸਿਆ ਕਿ ਝੋਨੇ ਦੇ ਖੇਤ ਟੋਭੇ ਦਾ ਰੂਪ ਧਾਰਨ ਕਰ ਚੁੱਕੇ ਹਨ। ਮੀਂਹ ਦੇ ਪਾਣੀ ਦੀ ਮਾਰ ਹੇਠ ਆਈ ਝੋਨੇ ਦੀ ਫਸਲ ਕਿਸਾਨ ਤੇਜਿੰਦਰ ਸਿੰਘ ਦੇ 5 ਏਕੜ, ਦਵਿੰਦਰ ਸਿੰਘ ਦੇ 5 ਏਕੜ, ਕਰਮਜੀਤ ਸਿੰਘ ਦੇ ਢਾਈ ਏਕੜ ਅਤੇ ਗੁਰਬਖਸ ਸਿੰਘ ਦੀ ਡੇਢ ਏਕੜ ਤੋ ਇਲਾਵਾ ਹੋਰ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਪੀੜਤ ਕਿਸਾਨ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।