ਪੰਜਾਬ ਵਿਚ ਕਿੰਨੂ ਦੇ ਮੰਦੇ ਨੇ ਖੇਤੀ ਵਿਭਿੰਨਤਾ ਦਾ ਜੂਸ ਕੱਢਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜਨਵਰੀ
ਪੰਜਾਬ ਵਿੱਚ ਭਾਅ ਨਾ ਮਿਲਣ ਕਰਕੇ ਕਿੰਨੂ ਦੇ ਕਈ ਬਾਗ਼ਬਾਨ ਤਾਂ ਅੱਕ ਕੇ ਆਪਣੇ ਬਾਗ਼ ਵੀ ਪੁੱਟਣ ਲੱਗੇ ਹਨ। ਇਸ ਰੁਝਾਨ ਨਾਲ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਦੇ ਟੀਚੇ ਨੂੰ ਸੱਟ ਵੱਜੇਗੀ ਅਤੇ ਕਿਸਾਨ ਮੁੜ ਕਣਕ ਝੋਨੇ ਦੇ ਗੇੜ ਵਿਚ ਪੈਣਗੇ। ਅਬੋਹਰ ਦੇ ਪਿੰਡ ਵਜੀਦਪੁਰ ਭੋਮਾ ਦੇ ਬਾਗ਼ਬਾਨ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਐਤਕੀਂ ਕਿੰਨੂ ਦੀ ਫ਼ਸਲ ਦਾ ਘੱਟ ਭਾਅ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਮਜਬੂਰੀ ਵਿਚ ਉਸ ਨੂੰ ਛੇ ਏਕੜ ਬਾਗ਼ ਹੀ ਪੁੱਟਣਾ ਪਿਆ ਹੈ।
ਰਣਜੀਤ ਸਿੰਘ ਹੁਣ ਇਸੇ ਜ਼ਮੀਨ ’ਤੇ ਝੋਨੇ ਦੀ ਕਾਸ਼ਤ ਕਰਨ ਦੇ ਰੌਂਅ ਵਿੱਚ ਹੈ। ਅਬੋਹਰ ਦੇ ਇੱਕ ਹੋਰ ਕਿਸਾਨ ਸੁਖਮਿੰਦਰ ਸਿੰਘ ਨੇ ਬੇਵੱਸੀ ਜ਼ਾਹਿਰ ਕੀਤੀ ਕਿ ਐਤਕੀਂ ਕਿੰਨੂ ਅੱਠ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਿਆ ਜਦੋਂ ਕਿ ਪਿਛਲੇ ਸਾਲ 25 ਰੁਪਏ ਭਾਅ ਸੀ। ਉਸ ਨੇ ਕਿਹਾ ਕਿ ਫ਼ਸਲ ਦਾ ਝਾੜ ਚੰਗਾ ਹੈ ਪਰ ਭਾਅ ਚੰਗਾ ਨਹੀਂ। ਪ੍ਰਤੀ ਕਿੱਲੋ ਪਿੱਛੇ 6 ਰੁਪਏ ਦੇ ਤਾਂ ਖ਼ਰਚੇ ਹੀ ਪੈ ਜਾਂਦੇ ਹਨ। ਅਬੋਹਰ ਦੇ ਇੱਕ ਹੋਰ ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਮੰਡੀਕਰਨ ਵਿੱਚ ਮਦਦ ਲਈ ਦਖ਼ਲ ਦੇਣਾ ਚਾਹੀਦਾ ਸੀ ਪਰ ਕਾਰਪੋਰੇਸ਼ਨ ਛੋਟੇ ਬਾਗ਼ਬਾਨਾਂ ਨੂੰ ਛੱਡ ਕੇ ਵੱਡੇ ਅਤੇ ਸਿਆਸੀ ਤੌਰ ’ਤੇ ਜੁੜੇ ਜ਼ਿਮੀਂਦਾਰਾਂ ਤੋਂ ਹੀ ਕਿੰਨੂ ਖ਼ਰੀਦ ਰਹੀ ਹੈ।
ਮਲੋਟ ਦੇ ਬਾਗ਼ਬਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੰਡੀ ਵਿੱਚ ਮਹਾਰਾਸ਼ਟਰ ਦਾ ਸੰਤਰਾ ਵੀ ਆ ਗਿਆ ਹੈ। ਪੰਜਾਬ ਤੋਂ ਕਿੰਨੂ ਬੰਗਲਾਦੇਸ਼, ਸ੍ਰੀਲੰਕਾ ਅਤੇ ਰੂਸ ਨੂੰ ਨਿਰਯਾਤ ਕੀਤਾ ਜਾਂਦਾ ਹੈ ਪਰ ਇਸ ਸਾਲ ਮਾੜੀ ਗੁਣਵੱਤਾ ਨੇ ਬਰਾਮਦ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਤਰ੍ਹਾਂ ਘਰੇਲੂ ਬ;ਜ਼ਾਰ ਵਿੱਚ ਉੱਚ ਸਪਲਾਈ ਅਤੇ ਘੱਟ ਮੰਗ ਹੈ ਜਿਸ ਕਾਰਨ ਕੀਮਤਾਂ ਵਿੱਚ ਗਿਰਾਵਟ ਆਈ ਹੈ। ਉਸ ਨੇ ਕਿਹਾ ਕਿ ਪਿਛਲੇ ਸਾਲ ਵੀ ਜਨਵਰੀ ਦੇ ਅੰਤ ਵਿੱਚ ਕਿੰਨੂ ਦੇ ਭਾਅ ਵਿੱਚ ਸੁਧਾਰ ਹੋਇਆ ਸੀ ਜਦੋਂ ਮਿੱਠਾ ਕਿੰਨੂ ਬਾਜ਼ਾਰ ਵਿੱਚ ਆਇਆ ਸੀ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 60 ਫ਼ੀਸਦੀ ਕਿੰਨੂ ਦੀ ਖੇਤੀ ਅਬੋਹਰ ਵਿੱਚ ਹੁੰਦੀ ਹੈ। ਸੂਬੇ ਦੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਿਛਲੇ ਸਾਲ ਜੁਲਾਈ ਅਤੇ ਅਗਸਤ ਵਿੱਚ ਲਗਾਤਾਰ ਦੋ ਹੜ੍ਹਾਂ ਕਾਰਨ ਮੌਸਮ ਬਦਲ ਗਿਆ ਸੀ ਅਤੇ ਫਲ਼ਾਂ ਦੇ ਡਿੱਗਣ ਦੀ ਕੁਦਰਤੀ ਪ੍ਰਕਿਰਿਆ ਨਹੀਂ ਵਾਪਰੀ ਸੀ।
ਕਾਰਪੋਰੇਸ਼ਨ ਨੇ 50 ਹਜ਼ਾਰ ਕਿੱਲੋ ਕਿੰਨੂ ਖਰੀਦੇ: ਡਾਇਰੈਕਟਰ
ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਦਾ ਕਹਿਣਾ ਸੀ ਕਿ ਪਿਛਲੇ ਵਰ੍ਹੇ ਕਿੰਨੂ ਦਾ ਉਤਪਾਦਨ ਅੱਠ ਲੱਖ ਟਨ ਸੀ ਕਿਉਂਕਿ ਉਪਜ ਜ਼ਿਆਦਾ ਹੋਈ ਸੀ ਪਰ ਗੁਣਵੱਤਾ ਚੰਗੀ ਨਹੀਂ ਸੀ ਜੋ ਬਰਾਮਦ ਦੇ ਮਿਆਰਾਂ ’ਤੇ ਖਰੀ ਨਹੀਂ ਉੱਤਰੀ ਸੀ। ਬਹੁਤੇ ਉਤਪਾਦਕ ਆਪਣੀ ਉਪਜ ਨੂੰ ਵਿਕਰੀ ਲਈ ਮੰਡੀ ਵਿੱਚ ਲਿਆਉਣ ਤੋਂ ਪਹਿਲਾਂ ਗ੍ਰੇਡ ਅਤੇ ਕ੍ਰਮਬੱਧ ਨਹੀਂ ਕਰਦੇ। ਜਿਹੜੇ ਕਿਸਾਨ ਅਜਿਹਾ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰੀਮੀਅਮ ਕੀਮਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੇ ਹੁਣ ਤੱਕ 50,000 ਕਿੱਲੋ ਕਿੰਨੂ ਦੀ ਖ਼ਰੀਦ ਕੀਤੀ ਹੈ।
ਮੁੱਖ ਮੰਤਰੀ ਮਿੱਡ-ਡੇਅ ਮੀਲ ’ਚ ਕਿੰਨੂ ਦੇਣ ਦੇ ਇੱਛੁਕ
ਮੁੱਖ ਮੰਤਰੀ ਭਗਵੰਤ ਮਾਨ ਨੇ ਮਿਡ-ਡੇ ਮੀਲ ਵਿੱਚ ਕਿੰਨੂ ਦੇਣ ’ਤੇ ਵਿਚਾਰ ਕੀਤਾ ਹੈ। ਉਨ੍ਹਾਂ ਅੰਦਾਜ਼ਾ ਲਾਇਆ ਹੈ ਕਿ 17 ਲੱਖ ਬੱਚਿਆਂ ਨੂੰ ਮਿਡ-ਡੇਅ ਮੀਲ ਵਿੱਚ ਕਿੰਨੂ ਦਿੱਤਾ ਜਾਂਦਾ ਹੈ ਤਾਂ ਪ੍ਰਤੀ ਮਹੀਨਾ 40 ਹਜ਼ਾਰ ਕੁਇੰਟਲ ਕਿੰਨੂ ਦੀ ਲਾਗਤ ਬਣ ਜਾਣੀ ਹੈ। ਇਸੇ ਦੌਰਾਨ ਕਾਂਗਰਸ ਦੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਝਾਅ ਵੀ ਦਿੱਤਾ ਸੀ ਕਿ ਮਿਡ-ਡੇਅ ਮੀਲ ਵਿੱਚ ਫਲ਼ਾਂ ਵਿੱਚ ਕਿੰਨੂ ਬੱਚਿਆਂ ਨੂੰ ਦਿੱਤਾ ਜਾਵੇ ਜਿਸ ਨਾਲ ਬਾਗ਼ਬਾਨਾਂ ਨੂੰ ਵੀ ਫ਼ਾਇਦਾ ਮਿਲੇਗਾ।