ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਛੇਵੀਂ ਮੰਜ਼ਿਲ ਤੋਂ ਦਿੱਤਾ ਸੀ ਧੱਕਾ
ਹਰਜੀਤ ਸਿੰਘ
ਡੇਰਾਬੱਸੀ, 28 ਜੂਨ
ਇੱਥੋਂ ਦੀ ਹੈਬਤਪੁਰ ਸੜਕ ‘ਤੇ ਸਥਿਤ ਗੁਲਮੋਹਰ ਸਿਟੀ ਵਿੱਚ ਇਕ ਵਿਅਕਤੀ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਫਲੈਟ ਤੋਂ ਡਿੱਗ ਕੇ ਸ਼ੱਕੀ ਹਾਲਤ ਵਿੱਚ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਤਿੰਨ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪੁਨੀਤ, ਸੰਜੂ ਅਤੇ ਰਿੰਕੂ ਦੇ ਰੂਪ ਵਿੱਚ ਹੋਈ ਹੈ। ਤਿੰਨੋਂ ਮੁਲਜ਼ਮ ਵਾਰਦਾਤ ਵਾਲੀ ਰਾਤ ਮ੍ਰਿਤਕ ਦੇ ਨਾਲ ਫਲੈਟ ਵਿੱਚ ਸੀ ਜਿੱਥੇ ਉਨ੍ਹਾਂ ਨੇ ਇਕੱਠ ਸ਼ਰਾਬ ਪੀਤੀ ਸੀ।
ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਨੇ ਕਿਹਾ ਕਿ45 ਸਾਲਾ ਸ਼ਰਨਜੀਤ ਸਿੰਘ ਵਾਸੀ ਗੁਲਮੋਹਰ ਸਿਟੀ ਸੁਸਾਇਟੀ ਦੇ ਬਾਹਰ ਮੋਬਾਈਲਾਂ ਦੀ ਅਸੈਸਰੀ ਵੇਚਣ ਦਾ ਕੰਮ ਕਰਦਾ ਸੀ। ਉਸ ਨੇ ਫਾਇਨਾਂਸ ਦਾ ਕੰਮ ਕਰਨ ਵਾਲੇ ਪੁਨੀਤ ਤੋਂ ਕੁਝ ਰੁਪਏ ਉਧਾਰ ਲਏ ਸਨ ਜੋ ਉਸ ਤੋਂ ਵਾਪਸ ਨਹੀਂ ਦਿੱਤੇ ਜਾ ਰਹੇ ਸੀ ਜਦਕਿ ਪੁਨੀਤ ਉਸ ‘ਤੇ ਪੈਸੇ ਮੋੜਨ ਲਈ ਦਬਾਅ ਬਣਾ ਰਿਹਾ ਸੀ। 26 ਤਰੀਕ ਦੀ ਰਾਤ ਨੂੰ ਪੁਨੀਤ ਨੇ ਸ਼ਰਨਜੀਤ ਨੂੰ ਆਪਣੇ ਫਲੈਟ ਵਿੱਚ ਸੱਦਿਆ ਜਿੱਥੇ ਪੁਨੀਤ ਦੇ ਨਾਲ ਉਸ ਦਾ ਡਰਾਈਵਰ ਸੰਜੂ ਅਤੇ ਇਕ ਹੋਰ ਸਾਥੀ ਰਿੰਕੂ ਵੀ ਸੀ। ਚਾਰੋਂ ਜਣਿਆਂ ਨੇ ਫਲੈਟ ਵਿੱਚ ਦੇਰ ਰਾਤ ਤੱਕ ਸ਼ਰਾਬ ਪੀਤੀ, ਜਿਸ ਮਗਰੋਂ ਪੁਨੀਤ ਦਾ ਸ਼ਰਨਜੀਤ ਨਾਲ ਪੈਸੇ ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਪੁਨੀਤ ਤੇ ਉਸ ਦੇ ਸਾਥੀਆਂ ਨੇ ਸ਼ਰਨਜੀਤ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਛੇਵੀਂ ਮੰਜ਼ਿਲ ‘ਤੇ ਸਥਿਤ ਫਲੈਟ ਦੀ ਬਾਲਕਨੀ ਤੋਂ ਹੇਠਾਂ ਧੱਕਾ ਦੇ ਦਿੱਤਾ ਤੇ ਸ਼ਰਨਜੀਤ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਹੋਣ ਮਗਰੋਂ ਉਹ ਲਾਸ਼ ਨੂੰ ਬਾਲਕਨੀ ਤੋਂ ਦੂਰ ਪਾਰਕ ਵਿੱਚ ਸੁੱਟ ਕੇ ਫ਼ਰਾਰ ਹੋ ਗਏ ਤਾਂ ਜੋ ਪਤਾ ਨਾ ਲੱਗ ਸਕੇ ਕਿ ਉਹ ਉਸ ਦੇ ਫਲੈਟ ਵਿੱਚ ਸੀ। ਮ੍ਰਿਤਕ ਦੀ ਮਾਂ ਅਤੇ ਪਤਨੀ ਨੇ ਪੁਲੀਸ ਨੂੰ ਦੱਸਿਆ ਕਿ ਸ਼ਰਨਜੀਤ ਨੇ ਉਸੇ ਰਾਤ ਘਰ ਤੋਂ ਸਾਰਿਆਂ ਲਈ ਰੋਟੀ ਮੰਗਵਾਈ ਸੀ ਜਿਸ ਨੂੰ ਪੁਨੀਤ ਦਾ ਡਰਾਈਵਰ ਸੰਜੂ ਲੈਣ ਆਇਆ ਸੀ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਅਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਰਿੰਕੂ ਅਜੇ ਫ਼ਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।