For the best experience, open
https://m.punjabitribuneonline.com
on your mobile browser.
Advertisement

ਸਕੂਲਾਂ ’ਚ ਬੰਬ ਦੀ ਧਮਕੀ ਦਾ ਮਕਸਦ ਦਹਿਸ਼ਤ ਫੈਲਾਉਣਾ ਸੀ: ਦਿੱਲੀ ਪੁਲੀਸ

08:22 AM May 03, 2024 IST
ਸਕੂਲਾਂ ’ਚ ਬੰਬ ਦੀ ਧਮਕੀ ਦਾ ਮਕਸਦ ਦਹਿਸ਼ਤ ਫੈਲਾਉਣਾ ਸੀ  ਦਿੱਲੀ ਪੁਲੀਸ
ਨੋਇਡਾ ਦੇ ਡੀਪੀਐੱਸ ਸਕੂਲ ’ਚ ਬੁੱਧਵਾਰ ਨੂੰ ਕਲਾਸਰੂਮ ਦੀ ਚੈਕਿੰਗ ਕਰਦੇ ਹੋਏ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 2 ਮਈ
ਦਿੱਲੀ ਪੁਲੀਸ ਨੇ ਅੱਜ ਕਿਹਾ ਕਿ ਬੁੁੁੱਧਵਾਰ ਨੂੰ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ 200 ਤੋਂ ਵੱਧ ਸਕੂਲਾਂ ਨੂੰ ਈ-ਮੇਲ ਭੇਜ ਕੇ ਬੰਬ ਰੱਖੇ ਹੋਣ ਦੀ ਧਮਕੀ ਦੇਣ ਪਿੱਛੇ ਅਸਲ ਮੰਤਵ ‘ਵੱਡੇ ਪੱਧਰ ’ਤੇ ਦਹਿਸ਼ਤ ਪੈਦਾ ਕਰਨਾ ਤੇ ਅਮਨ ਕਾਨੂੰਨ ਦੀ ਸਥਿਤੀ ਵਿਗਾੜਨਾ’ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਦਰਜ ਐੱਫਆਈਆਰ ’ਚ ਉਪਰੋਕਤ ਦਾਅਵਾ ਕੀਤਾ ਗਿਆ ਹੈ। ਦਰਜ ਐੱਫਆਈਆਰ ਤੱਕ ਰਸਾਈ ਰੱਖਣ ਵਾਲੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬੁੱਧਵਾਰ ਸਵੇਰੇ 5:47 ਤੋਂ ਬਾਅਦ ਦੁਪਹਿਰ 2:13 ਵਜੇ ਤੱਕ ਵੱਖ ਵੱਖ ਸਕੂਲਾਂ ਤੋਂ ਬੰਬ ਰੱਖੇ ਹੋਣ ਸਬੰਧੀ 125 ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਮਗਰੋਂ ਪੀਸੀਆਰ ਵਾਹਨਾਂ ਨੂੰ ਸਕੂਲ ਵੱਲ ਰਵਾਨਾ ਕੀਤਾ ਗਿਆ ਤੇ ਜ਼ਿਲ੍ਹਾ ਪੁਲੀਸ, ਬੀਡੀਐੱਸ, ਐੱਮਏਸੀ, ਸਪੈਸ਼ਲ ਸੈੱਲ ਤੇ ਕ੍ਰਾਈਮ ਕੰਟਰੋਲ ਰੂਮ, ਡੀਡੀਐੱਮਏ, ਐੱਂਨਡੀਆਰਐੱਫ, ਫਾਇਰ ਕੈਟਸ ਤੇ ਕਈ ਹੋਰ ਏਜੰਸੀਆਂ ਨੂੰ ਚੌਕਸ ਕੀਤਾ ਗਿਆ।
ਸੂਤਰ ਮੁਤਾਬਕ ਐੱਫਆਈਆਰ ਦੇ ਇਕ ਹਿੱਸੇ ਵਿਚ ਇਹ ਵੀ ਲਿਖਿਆ ਗਿਆ ਕਿ ਇਨ੍ਹਾਂ ਸੁਰੱਖਿਆ ਏਜੰਸੀਆਂ ਦੀ ਸਕੂਲਾਂ ਵੱਲ ਆਮਦੋਰਫ਼ਤ ਕਰਕੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ। ਸਪੈਸ਼ਲ ਸੈੱਲ ਪੁਲੀਸ ਥਾਣੇ ਵਿਚ ਦਰਜ ਐੱਫਆਈਆਰ ਵਿਚ ਆਈਪੀਸੀ ਦੀ ਧਾਰਾ 505(2), 507 ਤੇ 120ਬੀ ਲਾਈ ਗਈ ਹੈ। ਚੇਤੇ ਰਹੇ ਕਿ ਦਿੱਲੀ-ਐੱਨਸੀਆਰ ਦੇ ਕਰੀਬ 200 ਸਕੂਲਾਂ ਨੂੰ ਮਿਲਦੀ ਜੁਲਦੀਆਂ ਈ-ਮੇਲਾਂ ਜ਼ਰੀਏ ਸਕੂਲ ਅਹਾਤਿਆਂ ਵਿਚ ਬੰਬ ਰੱਖੇ ਹੋਣ ਦੀ ਧਮਕੀ ਦਿੱਤੀ ਗਈ ਸੀ। ਧਮਕੀ ਕਰਕੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਦਹਿਸ਼ਤਜ਼ਦਾ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਪਹੁੰਚ ਗਏ। ਬੰਬ ਨਕਾਰਾ ਦਸਤਿਆਂ ਵੱਲੋਂ ਲਈ ਤਲਾਸ਼ੀ ਦੌਰਾਨ ਹਾਲਾਂਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ। -ਪੀਟੀਆਈ

Advertisement

ਧਮਕੀ ਵਾਲੀ ਈ-ਮੇਲ ਦੇ ਤਾਰ ਵੱਡੀ ਸਾਜ਼ਿਸ਼ ਨਾਲ ਜੁੜੇ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੇ ਸਪੈਸ਼ਲ ਸੀਪੀ ਰਵਿੰਦਰ ਯਾਦਵ ਨੇ ਕਿਹਾ ਕਿ ਸਕੂਲਾਂ ਤੋਂ ਇਲਾਵਾ ਕੁਝ ਹਸਪਤਾਲਾਂ ਨੂੰ ਵੀ ਧਮਕੀ ਵਾਲੀਆਂ ਈ-ਮੇਲਾਂ ਮਿਲੀਆਂ ਹਨ। ਦੁਆਰਕਾ ਵਿੱਚ ਦਿੱਲੀ ਪਬਲਿਕ ਸਕੂਲ, ਆਰਕੇ ਪੁਰਮ, ਨੋਇਡਾ ਅਤੇ ਵਸੰਤ ਕੁੰਜ, ਪੂਰਬੀ ਦਿੱਲੀ ਮਯੂਰ ਵਿਹਾਰ ਵਿੱਚ ਮਦਰ ਮੈਰੀ ਸਕੂਲ, ਅਤੇ ਚਾਣਕਿਆਪੁਰੀ ਵਿੱਚ ਸੰਸਕ੍ਰਿਤੀ ਸਕੂਲ ਉਨ੍ਹਾਂ 200 ਤੋਂ ਵੱਧ ਸਕੂਲਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਬੁੱਧਵਾਰ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਲੋਕ ਸਭਾ ਚੋਣਾਂ ਦੌਰਾਨ ਇਕ ਦਹਿਸ਼ਤੀ ਸਮੂਹ ਵੱਲੋਂ ‘ਡੂੰਘੀ ਸਾਜ਼ਿਸ਼’ ਦਾ ਸ਼ੱਕ ਹੈ ਤੇ ਇਹ ਵੀ ਸ਼ੱਕ ਹੈ ਕਿ ਧਮਕੀ ਪੱਤਰ ਆਈਐੱਸਆਈਐੱਸ ਮਾਡਿਊਲ ਦੁਆਰਾ ਭੇਜਿਆ ਗਿਆ ਸੀ। ਦਿੱਲੀ ਪੁਲੀਸ ਦੇ ਅਤਿਵਾਦ ਰੋਕੂ ਯੂਨਿਟ ਦੇ ਵਿਸ਼ੇਸ਼ ਸੈੱਲ ਨੇ ਰੂਸ ਤੋਂ ਈ-ਮੇਲਾਂ ਦੇ ਡੋਮੇਨ ਦਾ ਪਤਾ ਲਗਾਇਆ ਹੈ ਅਤੇ ਸ਼ੱਕ ਹੈ ਕਿ ਇਹ ‘ਡਾਰਕ ਵੈੱਬ’ ਦੀ ਮਦਦ ਨਾਲ ਬਣਾਈ ਗਈ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ(ਐੱਨਆਈਏ) ਵੀ ਜਾਂਚ ਸ਼ੁਰੂ ਕਰ ਸਕਦੀ ਹੈ।

Advertisement
Author Image

sukhwinder singh

View all posts

Advertisement
Advertisement
×