ਆੜ੍ਹਤੀਆਂ ਦੀ ਹੜਤਾਲ ਕਾਰਨ ਬਨੂੜ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਠੱਪ
ਪੱਤਰ ਪ੍ਰੇਰਕ
ਬਨੂੜ, 12 ਅਕਤੂਬਰ
ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੀਆਂ ਬਨੂੜ, ਖੇੜਾ ਗੱਜੂ ਅਤੇ ਮਾਣਕਪੁਰ ਦੀਆਂ ਮੰਡੀਆਂ ਤੇ ਜਲਾਲਪੁਰ ਅਤੇ ਖੇੜੀ ਗੁਰਨਾ ਦੇ ਖਰੀਦ ਕੇਂਦਰਾਂ ਵਿੱਚ ਆੜ੍ਹਤੀਆਂ ਵੱਲੋਂ ਕੀਤੀ ਹੜਤਾਲ ਕਾਰਨ ਅੱਜ ਝੋਨੇ ਦੀ ਖਰੀਦ ਠੱਪ ਹੋ ਗਈ। ਆੜ੍ਹਤੀਆਂ ਵੱਲੋਂ ਮੀਟਿੰਗ ਕਰ ਕੇ ਝੋਨਾ ਨਾ ਭਰਾਏ ਜਾਣ ਅਤੇ ਕਿਸੇ ਵੀ ਆੜ੍ਹਤ ਉੱਤੇ ਟਰਾਲੀ ਉਤਾਰੇ ਜਾਣ ਦੀ ਸੂਰਤ ਵਿੱਚ ਸਬੰਧਤ ਆੜ੍ਹਤੀ ਨੂੰ ਜੁਰਮਾਨਾ ਲਾਉਣ ਦਾ ਫੈਸਲਾ ਲਿਆ ਗਿਆ। ਉਸ ਤੋਂ ਬਾਅਦ ਬਨੂੜ ਮੰਡੀ ਵਿੱਚ ਝੋਨਾ ਲੈ ਕੇ ਆਏ ਕਿਸਾਨਾਂ ਦੀਆਂ ਟਰਾਲੀਆਂ ਇਸੇ ਤਰ੍ਹਾਂ ਭਰੀਆਂ ਖੜ੍ਹੀਆਂ ਹਨ। ਆੜ੍ਹਤੀਆਂ ਵੱਲੋਂ ਕੱਲ੍ਹ ਹੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ। ਮੁਹਾਲੀ ਦੀ ਐੱਸਡੀਐੱਮ ਦਮਨਦੀਪ ਕੌਰ ਵੱਲੋਂ ਆੜ੍ਹਤੀਆਂ ਤੇ ਸ਼ੈਲਰਾਂ ਵਾਲਿਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ ਪਰ ਆੜ੍ਹਤੀ ਮੰਡੀ ਵਿੱਚੋਂ ਪਹਿਲਾਂ ਲਿਫ਼ਟਿੰਗ ਕਰਾਉਣ ਦੀ ਮੰਗ ’ਤੇ ਅੜ੍ਹੇ ਰਹੇ ਅਤੇ ਸ਼ੈਲਰ ਮਾਲਕਾਂ ਨੂੰ ਮੰਡੀਆਂ ਵਿੱਚ ਆਉਣ ਤੱਕ ਝੋਨਾ ਨਾ ਖਰੀਦਣ ਦਾ ਐਲਾਨ ਕਰ ਦਿੱਤਾ। ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਸਾਨਾਂ ਨੂੰ ਆਪਣਾ ਪੂਰੀ ਤਰਾਂ ਪੱਕ ਚੁੱਕਿਆ ਅਤੇ ਬਿਲਕੁਲ ਸੁੱਕਾ ਝੋਨਾ ਵੇਚਣ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਸਯੁੰਕਤ ਕਿਸਾਨ ਮੋਰਚੇ ਵੱਲੋਂ ਝੋਨੇ ਦੀ ਖਰੀਦ ਸਬੰਧੀ ਆ ਰਹੀਆਂ ਦਿੱਕਤਾਂ ਦੇ ਰੋਸ ਵਜੋਂ ਐਤਵਾਰ ਨੂੰ ਦੁਪਹਿਰ 12 ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰਨ ਦੇ ਸੱਦੇ ਸਬੰਧੀ ਅੱਜ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਬਨੂੜ ਦੇ ਬੈਰੀਅਰ ਉੱਤੇ ਚੌਰਸਤੇ ’ਤੇ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਵਿੱਚ ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ, ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਤੇਜਿੰਦਰ ਸਿੰਘ ਪੂਨੀਆ, ਮੋਹਨ ਸਿੰਘ ਸੋਢੀ, ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਹਸਨਪੁਰ, ਮੁਹਾਲੀ ਦੇ ਪ੍ਰਧਾਨ ਸਤਨਾਮ ਸਿੰਘ ਖਾਸਪੁਰ, ਗੁਰਵਿੰਦਰ ਸਿੰਘ ਸਿਆਊ ਅਤੇ ਲਖਵਿੰਦਰ ਸਿੰਘ ਕਰਾਲਾ ਆਦਿ ਵੱਡੀ ਗਿਣਤੀ ਆਗੂ ਹਾਜ਼ਰ ਸਨ।