ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ’ਚ ਸ਼ੁਰੂ ਨਾ ਹੋਈ ਝੋਨੇ ਦੀ ਖਰੀਦ
ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਅਕਤੂਬਰ
ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਦੇ ਦਾਅਵੇ ਉਦੋਂ ਠੁੱਸ ਹੋ ਕੇ ਰਹਿ ਗਏ, ਜਦੋਂ ਅੱਜ ਏਸ਼ੀਆ ਦਾ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਕਿਸੇ ਵੀ ਸਰਕਾਰੀ ਏਜੰਸੀ ਨੇ ਝੋਨੇ ਦਾ ਇਕ ਦਾਣਾ ਤਕ ਨਾ ਖ਼ਰੀਦਿਆ। ਖੰਨਾ ਮੰਡੀ ਵਿੱਚ ਕਰੀਬ ਦੋ ਹਜ਼ਾਰ ਕੁਇੰਟਲ ਤੋਂ ਵਧੇਰੇ ਝੋਨਾ ਪੁੱਜ ਚੁੱਕਿਆ ਹੈ। ਖ਼ਰੀਦ ਨਾ ਹੋਣ ਕਾਰਨ ਝੋਨਾ ਲੈ ਕੇ ਮੰਡੀ ਵਿੱਚ ਆਏ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਦੇ ਨਾਲ-ਨਾਲ ਮਜ਼ਦੂਰ ਵੀ ਆਪਣੀਆਂ ਮੰਗਾਂ ਸਬੰਧੀ ਹੜਤਾਲ ’ਤੇ ਚੱਲ ਰਹੇ ਹਨ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਨਾਲ ਹੜਤਾਲ ਖੁੱਲ੍ਹਵਾਉਣ ਸਬੰਧੀ ਹੋਈ ਮੀਟਿੰਗ ਬੇਸਿੱਟਾ ਰਹੀ। ਇੱਥੋਂ ਤੱਕ ਕੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀਆਂ ਮੀਟਿੰਗਾਂ ਅਤੇ ਅਪੀਲਾਂ ਦਾ ਵੀ ਕੋਈ ਅਸਰ ਨਹੀਂ ਹੋਇਆ। ਆੜ੍ਹਤੀ ਪੰਜਾਬ ਸਰਕਾਰ ਤੋਂ ਢਾਈ ਫ਼ੀਸਦ ਆੜ੍ਹਤ ਲੈਣ ਲਈ ਅੜੇ ਹੋਏ ਹਨ। ਇਸ ਲਈ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਮੰਗ ਲਈ ਕੇਂਦਰ ’ਤੇ ਜ਼ੋਰ ਦੇਣ ਲਈ ਕਹਿ ਰਹੇ ਹਨ। ਆੜ੍ਹਤੀ ਆਗੂ ਹਰਬੰਸ ਸਿੰਘ ਰੋਸ਼ਾ ਅਤੇ ਯਾਦਵਿੰਦਰ ਸਿੰਘ ਲਿਬੜਾ ਨੇ ਕਿਹਾ ਕਿ ਆੜ੍ਹਤੀ ਤਾਂ ਝੋਨਾ ਪੰਜਾਬ ਸਰਕਾਰ ਲਈ ਖ਼ਰੀਦਦੇ ਹਨ ਤੇ ਸੂਬਾ ਸਰਕਾਰ ਹੀ ਉਨ੍ਹਾਂ ਨੂੰ ਪੈਸੇ ਦਿੰਦੀ ਹੈ ਤਾਂ ਆੜ੍ਹਤ ਦੀ ਢਾਈ ਫ਼ੀਸਦ ਪੰਜਾਬ ਸਰਕਾਰ ਹੀ ਦੇਵੇ। ਅੱਜ ਮੰਡੀ ਵਿੱਚ ਲੇਬਰ ਵੀ ਧਰਨਾ ਲਾ ਕੇ ਬੈਠੀ ਰਹੀ। ਲੇਬਰ ਯੂਨੀਅਰ ਦੇ ਆਗੂ ਦਰਸ਼ਨ ਲਾਲ ਨੇ ਕਿਹਾ ਕਿ ਲੇਬਰ ’ਚ ਜਿੰਨਾ ਚਿਰ ਪੰਜ ਰੁਪਏ ਦਾ ਵਾਧਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਧਿਕਾਰੀ
ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਖ਼ਰੀਦ ਸਮੇਂ ਕਿਸੇ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।