ਪੰਜਾਬੀ ਸਾਹਿਤ ਸਭਾ ਵੱਲੋਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਸਭਾ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਲ ‘ਪੰਨੂ’ ਅਤੇ ਕੈਲਗਰੀ ਦੇ ਕਵੀ ਇਕਬਾਲ ਖਾਨ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਗੁਰਦਿਆਲ ਸਿੰਘ ਖਹਿਰਾ ਨੇ ਸੁਰਜੀਤ ਸਿੰਘ ਸੀਤਲ ਦੀ ਇੱਕ ਰੁਬਾਈ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਾਇਰ ਅਤੇ ਚਿੰਤਕ ਜਸਵੰਤ ਜਫ਼ਰ ਦੀ ਇੱਕ ਨਜ਼ਮ ਸਾਂਝੀ ਕੀਤੀ। ਕਵਿਤਾ ਦੀਆਂ ਅੰਤਿਮ ਸਤਰਾਂ ਇਸ ਪ੍ਰਕਾਰ ਸਨ: ਉਂਜ ਅਸੀਸ ਤਾਂ ਸਭ ਮਾਵਾਂ ਦਿੰਦੀਆਂ ਹਨ/ ਜਿਊਂਦਾ ਰਹੇ ਸਦਾ ਜਵਾਨੀਆਂ ਮਾਣੇੇ/ਪਰ ਤੂੰ ਸਚ-ਮੁੱਚ ਜਿਊਂਦਾ ਹੈ/ਭਰ ਜਵਾਨ ਗੱਭਰੂ ਸਦਾ ਜਵਾਨੀਆਂ ਮਾਣਦਾ ਹੈ/ਜਿਨ੍ਹਾਂ ਅਜੇ ਪੈਦਾ ਹੋਣਾ ਹੈ/ਉਨ੍ਹਾਂ ਦੇ ਵੀ ਤੂੰ ਹਾਣਦਾ ਹੈ।
ਸਭਾ ਦੇ ਖ਼ਜ਼ਾਨਚੀ ਮਨਜੀਤ ਬਰਾੜ ਨੇ ਭਾਵਪੂਰਤ ਕਹਾਣੀ ਸੁਣਾਈ ਅਤੇ ਉਪਰੰਤ ਆਪਣੀ ਸੁਰੀਲੀ ਆਵਾਜ਼ ਵਿੱਚ ਬੜਾ ਖ਼ੂਬਸੂਰਤ ਗੀਤ ਸੁਣਾਇਆ। ਪ੍ਰਸ਼ੋਤਮ ਭਰਦਵਾਜ ਨੇ ਸ਼ਹੀਦਾਂ ਦੀ ਸ਼ਹਾਦਤ ਨਾਲ ਸਬੰਧਤ ਇੱਕ ਕਵਿਤਾ ਸੁਣਾਈ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਤੇਜਾ ਸਿੰਘ ਪ੍ਰੇਮੀ ਨੇ ਬੋਲੀਆਂ ਸੁਣਾਈਆਂ। ਸਭਾ ਦੇ ਨਵੇਂ ਮੈਂਬਰ ਤਰਜੀਤ ਸਿੰਘ ਲਾਲੀ ਨੇ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਪਰੰਤ ਗੁਰਬਾਣੀ ਉਚਾਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੁਖਮੰਦਰ ਸਿੰਘ ਤੂਰ ਨੇ ਆਪਣੀ ਅਤਿ ਸੁਰੀਲੀ ਆਵਾਜ਼ ਵਿੱਚ ਜਸਵਿੰਦਰ ਸਿੰਘ ਰੂਪਾਲ ਅਤੇ ਗੁਰਦੀਸ਼ ਕੌਰ ਗਰੇਵਾਲ ਦੀਆਂ ਰਚਨਾਵਾਂ ਦਾ ਗਾਇਨ ਕੀਤਾ। ਮਨਜੀਤ ਕੌਰ ਖਹਿਰਾ ਨੇ ਔਰਤ ਦਿਵਸ ਨੂੰ ਯਾਦ ਕਰਦਿਆਂ, ਇਤਿਹਾਸ ਦੇ ਪੰਨੇ ਫਰੋਲਦਿਆਂ ਕੁਝ ਮਹਾਨ ਔਰਤਾਂ ਦਾ ਜ਼ਿਕਰ ਕੀਤਾ। ਸੁਰਿੰਦਰ ਗੀਤ ਨੇ ਦੋ ਕਿਤਾਬਾਂ ਮਨਜੀਤ ਕੌਰ ਖਹਿਰਾ ਨੂੰ ਭੇਟ ਕੀਤੀਆਂ। ਗੁਰਬਖ਼ਸ਼ ਗਿੱਲ ਤੇ ਸੁਖਵੰਤ ਲਾਲੀ ਤੇ ਹੋਰਾਂ ਨੇ ਸਭਾ ਦੀ ਰੌਣਕ ਨੂੰ ਵਧਾਇਆ।
ਅੰਤ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੀ ਭਾਰਤ ਫੇਰੀ ਅਤੇ ਨਵੀਆਂ ਸਫਲਤਾਵਾਂ ਦਾ ਵਰਨਣ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਨਵੀਂ ਦਿੱਲੀ ਅਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਜੋ ਮਾਨ ਸਨਮਾਨ ਪ੍ਰਾਪਤ ਹੋਇਆ ਹੈ, ਉਹ ਉਸ ਦੀ ਲੇਖਣੀ ਵਿੱਚ ਹੋਰ ਨਵੀਨਤਾ ਲਿਆਏਗਾ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ
ਅੰਤਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ
ਨਿਰਮਲ ਸਿੰਘ ਕੰਧਾਲਵੀ
ਯੂਕੇ: ਵੁਲਵਰਹੈਪਟਨ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਕੁਝ ਜਥੇਬੰਦੀਆਂ ਨੇ ਮਿਲ ਕੇ ਅੰਤਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ। ਇਨ੍ਹਾਂ ਵਿੱਚ ਪ੍ਰਗਤੀਸ਼ੀਲ ਲਿਖਾਰੀ ਸਭਾ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ, ਯੂਰਪੀਅਨ ਪੰਜਾਬੀ ਸੱਥ, ਪੰਜਾਬੀ ਸਿੱਖਿਆ ਅਤੇ ਅਧਿਆਪਕ ਸਿਖਲਾਈ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਵੁਲਵਰਹੈਪਟਨ ਸ਼ਾਮਲ ਸਨ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਬਹੁਤੇ ਬੁਲਾਰੇ ਉਹ ਨੌਜਵਾਨ ਬੱਚੇ ਬੱਚੀਆਂ ਸਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਜੀ.ਸੀ.ਐੱਸ.ਈ. ਅਤੇ ‘ਏ’ ਲੈਵਲ ਦੇ ਇਮਤਿਹਾਨ ਪਾਸ ਕੀਤੇ ਤੇ ਹੋਰ ਉੱਚ ਵਿਦਿਆ ਹਾਸਲ ਕਰ ਕੇ ਹੁਣ ਉੱਚੇ ਉੱਚੇ ਅਹੁਦਿਆ ਉੱਪਰ ਕੰਮ ਕਰ ਰਹੇ ਹਨ।
ਇਨ੍ਹਾਂ ਬੁਲਾਰਿਆਂ ਨੇ ਸਰੋਤਿਆਂ ਨੂੰ ਦੱਸਿਆ ਕਿ ਉਹ ਕਿਵੇਂ ਪੰਜਾਬੀ ਭਾਸ਼ਾ ਦੀ ਆਪਣੇ ਕੰਮ-ਕਾਰ ਵਿੱਚ ਵਰਤੋਂ ਕਰਦੇ ਹਨ। ਉਨ੍ਹਾਂ ਨੇ ਆਪਣੇ ਬੜੇ ਉਸਾਰੂ ਤਜਰਬੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਪ੍ਰਬੰਧਕਾਂ ਵੱਲੋਂ ਇਹ ਤਜਰਬਾ ਇਸ ਲਈ ਕੀਤਾ ਗਿਆ ਤਾਂ ਕਿ ਮਾਪਿਆਂ ਅਤੇ ਬੱਚਿਆਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਪੰਜਾਬੀ ਪੜ੍ਹਨ ਨਾਲ ਬੱਚਿਆਂ ਦੀ ਕਾਬਲੀਅਤ ਵਿੱਚ ਹੋਰ ਵਾਧਾ ਹੁੰਦਾ ਹੈ ਤੇ ਇਹ ਰੁਜ਼ਗਾਰ ਲੱਭਣ ਵਿੱਚ ਵੀ ਸਹਾਈ ਹੁੰਦੀ ਹੈ। ਯਾਦ ਰਹੇ ਕਿ ਯੂ. ਕੇ. ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵੇਲੇ ਪੰਜਾਬੀ ਭਾਸ਼ਾ ਦੇ ‘ਏ’ ਲੈਵਲ ਨੂੰ ਵੀ ਬਾਕੀ ਵਿਸ਼ਿਆਂ ਦੇ ਬਰਾਬਰ ਹੀ ਨੰਬਰ ਮਿਲਦੇ ਹਨ। ਹੋਰ ਬੁਲਾਰਿਆਂ ਨੇ ਵੀ ਮਾਤ-ਭਾਸ਼ਾ ਦੀ ਮਹਾਨਤਾ ਸਬੰਧੀ ਵਡਮੁੱਲੇ ਵਿਚਾਰ ਸਾਂਝੇ ਕੀਤੇ। ਪੰਜਾਬੀ ਭਾਸ਼ਾ ਨੂੰ ਸਰਕਾਰ ਦੇ ਹਰ ਪੱਧਰ ’ਤੇ ਲਾਗੂ ਕਰਨ ਲਈ ਪੰਜਾਬ ਸਰਕਾਰ ਨੂੰ ਭੇਜਣ ਵਾਸਤੇ ਇੱਕ ਮਤਾ ਵੀ ਪੇਸ਼ ਕੀਤਾ ਗਿਆ ਜਿਸ ਨੂੰ ਸਰੋਤਿਆਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।