ਪੰਜਾਬੀ ਮਨ: ਅਮਰੀਕਾ ਨੂੰ ਸਵੀਕਾਰ ਕਰਨ ਦਾ ਦਵੰਦ
ਡਾ. ਸੁਖਪਾਲ ਸੰਘੇੜਾ
ਹਰ ਸਾਲ 4 ਜੁਲਾਈ ਅਮਰੀਕਾ ਵਿੱਚ ਆਜ਼ਾਦੀ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਅਮਰੀਕਾ ਵਿੱਚ 4 ਜੁਲਾਈ, 1776 ਨੂੰ ‘ਆਜ਼ਾਦੀ ਦਾ ਐਲਾਨਨਾਮਾ’ ਨਾਮੀ ਦਸਤਾਵੇਜ਼ ਜਾਰੀ ਕਰਕੇ ਇੰਗਲੈਂਡ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ ਗਿਆ ਸੀ। ਅਮਰੀਕਾ ਵਿੱਚ ਵੱਸਦੇ ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ’ਚੋਂ ਬਹੁਗਿਣਤੀ ਨੇ ਆਪਣੇ ਆਪ ਨੂੰ ‘ਅਮਰੀਕੀ ਲੋਕਾਂ’ ਵਿੱਚ ਸ਼ਾਮਲ ਨਹੀਂ ਕੀਤਾ ਹੋਵੇਗਾ। ਪਹਿਲੀ ਪੀੜ੍ਹੀ ਦੇ ਪੰਜਾਬੀ-ਅਮਰੀਕਨਾਂ ਤੋਂ ਮੇਰਾ ਭਾਵ ਉਨ੍ਹਾਂ ਪੰਜਾਬੀ ਪਰਵਾਸੀਆਂ ਤੋਂ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਚੁੱਕੀ ਹੈ।
ਅਸੀਂ ਅਮਰੀਕੀ ਨਾਗਰਿਕਤਾ ਦਾ ਕਾਰਡ/ਸਰਟੀਫਿਕੇਟ ਤੇ ਉਸ ਉੱਪਰ ਆਧਾਰਿਤ ਸੋਸ਼ਲ ਸਿਕਿਊਰਿਟੀ ਕਾਰਡ ਤੇ ਪਾਸਪੋਰਟ ਤਾਂ ਸਾਂਭ ਸਾਂਭ ਰੱਖਦੇ ਹਾਂ, ਪਰ ਸਾਡੇ ਵਿੱਚੋਂ ਬਹੁਤੇ ਸਾਨੂੰ ਦੱਸੀ ਇਹ ਗੱਲ ਭੁੱਲ ਜਾਂਦੇ ਨੇ ਜਾਂ ਨਜ਼ਰਅੰਦਾਜ਼ ਕਰ ਜਾਂਦੇ ਹਨ ਕਿ ਅਮਰੀਕੀ ਨਾਗਰਿਕ ਬਣਨ ਦੇ ਰਸਮੀ ਜਸ਼ਨ ਤੋਂ ਬਾਅਦ ਅਸੀਂ ਵੀ ਅਮਰੀਕਨ ਹਾਂ। ਅਸੀਂ ਜੋ ਇਸ ਦੇਸ਼ ਵਿੱਚ ਨਹੀਂ ਜੰਮੇ, ਇਸ ਦੇਸ਼ ਵਿੱਚ ਆਪਣੇ ਖ਼ਾਨਦਾਨ ਵਿੱਚ ਪਹਿਲੀ ਪੀੜ੍ਹੀ ਦੇ ਅਮਰੀਕੀ ਹਾਂ ਤੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਇਸ ਦੇਸ਼ ਦੇ ਪ੍ਰਧਾਨ ਤੇ ਉਪ-ਪ੍ਰਧਾਨ ਤੋਂ ਸਿਵਾਏ ਕੁਝ ਵੀ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ, ਅਸੀਂ ਅਮਰੀਕੀ ਨਾਗਰਿਕ ਹੁੰਦੇ ਹੋਏ ਵੀ ‘ਅਮਰੀਕੀ ਲੋਕਾਂ’ ਦਾ ਹਵਾਲਾ ‘ਇੱਥੋਂ ਦੇ ਲੋਕ’ ਜਾਂ ‘ਅਮੈਰਿਕਨ’ ਆਦਿ ਨਾਵਾਂ ਨਾਲ ਦਿੰਦੇ ਹਾਂ ਜਿਨ੍ਹਾਂ ਵਿੱਚ ਅਸੀਂ ਆਪਣੇ ਆਪ ਨੂੰ ਤਾਂ ਕੀ ਆਪਣੇ ਇੱਧਰ ਜੰਮੇ ਪਲੇ ਬੱਚਿਆਂ ਨੂੰ ਵੀ ਸ਼ਾਮਲ ਨਹੀਂ ਕਰਦੇ। ਆਪਾਂ ਵਿੱਚੋਂ ਕੁਝ ਤਾਂ ਸਿਰਫ਼ ‘ਗੋਰੇ’ ਭਾਵ ਯੂਰਪੀਅਨ ਮੂਲ ਵਾਲੇ ਲੋਕਾਂ ਨੂੰ ਹੀ ਅਮਰੀਕਨ ਸਮਝਦੇ ਹਨ। ਇਸ ਤਰ੍ਹਾਂ ਦਾ ਰਵੱਈਆ ਆਮ ਪੰਜਾਬੀ ਅਮਰੀਕਨਾਂ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਅਮਰੀਕਨਾਂ ਦੇ ਬੁੱਧੀਜੀਵੀ/ਲੇਖਕ ਤਬਕੇ ਦੇ ਵੱਡੇ ਹਿੱਸੇ ਵਿੱਚ ਵੀ ਘਰ ਚੁੱਕਿਆ ਹੈ। ਇਸ ਹਿੱਸੇ ਦੇ ਲੇਖਕ ਆਪਣੀਆਂ ਰਚਨਾਵਾਂ ਵਿੱਚ ਇਸ ਰਵੱਈਏ ਨੂੰ ਖ਼ੂਬ ਪੱਠੇ ਪਾਉਂਦੇ ਰਹਿੰਦੇ ਹਨ।
ਅਸਲ ਵਿੱਚ ਜੇ ਹਕੀਕਤ ਦਾ ਪੱਲਾ ਫੜੀ ਰੱਖੀਏ ਤਾਂ ਇਹ ਵਿਸ਼ਾ ਜਾਂ ਮੁੱਦਾ ਇੰਨਾ ਜਟਿਲ ਵੀ ਨਹੀਂ। ਜਦੋਂ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਸੇ ਦੂਜੇ ਦੇਸ਼ ਵਿੱਚ ਆਣ ਵੱਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਦੂਜਾ ਹੁਣ ਦਾ ਦੇਸ਼: ਪ੍ਰਦੇਸ਼ ਕੋਈ ਨਹੀਂ ਹੈ। ਇਹ ਇਸ ਸਥਿਤੀ ਪ੍ਰਤੀ ਉਚਿਤ ਤੇ ਸਹਿਜ ਪਹੁੰਚ ਹੈ, ਜੋ ਹਕੀਕਤ ਉੱਪਰ ਆਧਾਰਿਤ ਹੈ। ਪਰ ਇਸ ਪਹੁੰਚ ਦੇ ਸਮਰਥਕ ਪੰਜਾਬੀ ਲੋਕਾਂ ਤੇ ਲੇਖਕਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਹਨ। ਜ਼ਿਆਦਾਤਰ ਪੰਜਾਬ ਵਿੱਚ ਜੰਮੇ ਤੇ ਦੂਜੇ ਦੇਸ਼ਾਂ ਵਿੱਚ ਆ ਵੱਸੇ ਪੰਜਾਬੀ ਦੂਜੇ ਨੂੰ ਵਿਦੇਸ਼ ਸਮਝ ਕੇ ਆਪੇ ਸਿਰਜਿਆ ਪਰਵਾਸੀ/ਵਿਦੇਸ਼ੀ ਹੋਣ ਦਾ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਹਨ। ਆਪਣੀ ਚੋਣ ਦੇ ਦੇਸ਼ ਵਿੱਚ ਪਰਵਾਸੀ, ਉਸ ਦੇਸ਼ ਦੇ ਸਿਸਟਮ ਵਿੱਚ ਪਲਦੇ, ਪੜ੍ਹਦੇ, ਨੌਕਰੀਆਂ ਕਰਦੇ ਆਪਣੇ ਬੱਚਿਆਂ ਵਿਚਕਾਰ ਖ਼ੁਦ ਪਰਵਾਸੀ ਹਨ।
ਉੱਧਰ ਪੰਜਾਬ ਵਿੱਚ ਰਹਿੰਦੇ ਜ਼ਿਆਦਾਤਰ ਲੇਖਕ ਤੇ ਆਲੋਚਕ ਦੂਜੇ ਦੇਸ਼ੀਂ ਆਣ ਵੱਸੇ ਲੇਖਕਾਂ ਨੂੰ ਪਰਵਾਸੀ/ਵਿਦੇਸ਼ੀ ਹੋਣ ਦਾ ਖ਼ਿਤਾਬ ਦੇ ਕੇ ਉਨ੍ਹਾਂ ਦੀਆਂ ਰਚਨਾਵਾਂ ’ਚੋਂ ਉਨ੍ਹਾਂ ਦਾ ਪਿਛੋਕੜ ਲੱਭਦੇ ਰਹਿੰਦੇ ਹਨ: “ਇਸ ਰਚਨਾ ’ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ।” ਪੰਜਾਬ ਵਿੱਚ ਇੱਕ ਦੂਜੇ ਦੀਆਂ ਰਚਨਾਵਾਂ ਨੂੰ ਦੇਖ ਕੇ ਵਾਰਿਸ਼ ਸ਼ਾਹ ਤੇ ਬੁੱਲੇ ਸ਼ਾਹ ਵਰਗਿਆਂ ਨੂੰ ਹਾਕਾਂ ਮਾਰਨ ਲੱਗਦੇ ਨੇ। ਸ਼ਾਇਦ ਸਾਡੀ ਮਹਿਕ ਜਾਂ ਗਿਆਨ ਇੰਦਰੀ ਵਿੱਚੋਂ ‘ਹੁਣ’ ਦੀ ਮਹਿਕ ਜਾਂ ਸੋਚ ਦਾ ਸੈਂਸਰ ਗਾਇਬ ਹੈ। ਇਹ ਹਕੀਕਤ ਸ਼ਾਇਦ ਇਸ ਗੱਲ ਦੀ ਹੀ ਤਰਜ਼ਮਾਨੀ ਕਰਦੀ ਹੈ ਕਿ ਅਸੀਂ ਪੰਜਾਬੀ ਲੋਕ ਕਿੰਝ ਅੱਜ ਜਾਂ ਭਲਕ ਦੇ ਵਿਚਾਰਾਂ ਤੇ ਸੋਚ ਤੋਂ ਕੰਨੀ ਕਤਰਾ ਕੇ ਭੂਤ-ਮੁਖੀ ਸੋਚ ਤੇ ਪਹੁੰਚ ਅਪਣਾਉਂਦੇ ਹੋਏ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਆਪਣੇ ਪਿਛੋਕੜ ਵਿੱਚੋਂ ਲੱਭਣ ਤੁਰ ਪੈਂਦੇ ਹਾਂ। ਸੋ, ਇਸ ਪਰਵਾਸੀ ਰਵੱਈਏ ਦਾ ਪ੍ਰਦਰਸ਼ਨ ਅਸੀਂ ਭਾਰਤੀ, ਖ਼ਾਸ ਕਰ ਪੰਜਾਬੀ, ਸਾਰੇ ਪੱਛਮੀ ਦੇਸ਼ਾਂ ਵਿੱਚ ਕਰਦੇ ਹਾਂ ਕਿਉਂਕਿ ਇਹਦੀਆਂ ਜੜ੍ਹਾਂ ਅਸੀਂ ਆਪਣੇ ਜਨਮ-ਦੇਸ਼ ਤੋਂ ਲੈ ਕੇ ਆਉਂਦੇ ਹਾਂ। ਮੁੱਕਦੀ ਗੱਲ, ਜ਼ਿਆਦਾਤਰ ਪੰਜਾਬ ਵਿਚਲੇ ਤੇ ਪੰਜਾਬੋਂ ਬਾਹਰ ਦੂਜੇ ਦੇਸ਼ਾਂ ਵਿੱਚ ਆ ਵੱਸੇ ਪੰਜਾਬੀ ਲੇਖਕਾਂ ਵੱਲੋਂ ‘ਪਰਵਾਸੀ’ ਸ਼ਬਦ ਦਾ ਅਰਥ ਕੁਝ ਇਸ ਤਰ੍ਹਾਂ ਦਾ ਚਿਤਰਿਆਂ ਤੇ ਉਭਾਰਿਆ ਜਾਂਦਾ ਹੈ: ਵਿਦੇਸ਼ੀ, ਨਾ ਘਰ ਦੇ ਨਾ ਘਾਟ ਦੇ, ਖ਼ਾਨਾ-ਬਦੋਸ਼, ਵਿਚਾਰੇ, ਇਨ੍ਹਾਂ ਵੱਲੋਂ ਖ਼ੁਦ ਚੁਣਿਆ ਹੋਇਆ ਦੇਸ਼ ਇਨ੍ਹਾਂ ਦਾ ਦੇਸ਼ ਨਹੀਂ, ਇਨ੍ਹਾਂ ਨੂੰ ਮਿਲੀ ਸਜ਼ਾ ਵਾਂਗੂ ਜੱਗੋਂ ਬਾਹਰੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਆਦਿ।
ਅੱਜ ਜਿਸ ਤਰ੍ਹਾਂ ਦਾ ਵੀ ਹੈ, ਅਮਰੀਕਾ ਨੂੰ ਪਰਵਾਸੀਆਂ ਨੇ ਸ਼ੁਰੂ ਕੀਤਾ ਤੇ ਉਸਾਰਿਆ ਹੈ। ਆਦਿਵਾਸੀ ਅਮਰੀਕੀਆਂ ਤੋਂ ਇਲਾਵਾ, ਅੱਜ ਵੀ ਇਸ ਦੇਸ਼ ਦਾ ਹਰ ਇੱਕ ਵਿਅਕਤੀ ਜਾਂ ਟੱਬਰ ਜਾਂ ਤਾਂ ਪਰਵਾਸੀ ਹੈ ਤੇ ਜਾਂ ਉਹਦੀਆਂ ਜੜਾਂ ਇਸ ਦੇਸ਼ ਵਿੱਚ ਇੱਕ ਪਰਵਾਸੀ ਵਿਅਕਤੀ ਜਾਂ ਟੱਬਰ ਤੱਕ ਪਹੁੰਚਦੀਆਂ ਹਨ। ਇੱਥੇ ਪਹਿਲੇ ਪਰਵਾਸੀ ਲੜਾਈਆਂ ਦੇ ਨੋਚੇ ਹੋਏ ਯੂਰਪ ਵਿੱਚੋਂ ਚੰਗੇਰੀ ਜ਼ਿੰਦਗੀ ਦੀ ਭਾਲ ਕਰਦੇ ਸੰਨ 1620 ਵਿੱਚ ਆਉਣੇ ਸ਼ੁਰੂ ਹੋਏ, ਜਦੋਂ ‘ਮੇਅ ਫਲਾਵਰ’ ਨਾਂ ਦੇ ਸਮੁੰਦਰੀ-ਜਹਾਜ਼ ’ਤੇ ਪਹਿਲੇ 102 ਯਾਤਰੀ ਅਮਰੀਕਾ ਦੇ ਪੂਰਬੀ ਤੱਟ ’ਤੇ ਉਤਰੇ; ਜਿਨ੍ਹਾਂ ਨੂੰ ਅਮਰੀਕੀ ਇਤਿਹਾਸ ਵਿੱਚ ਸਤਿਕਾਰ ਨਾਲ ਫਸਟ ਸੈੱਟਲਰਜ਼ ਜਾਂ ਪਿਲਗਰਿਮਜ਼ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਜ਼ਮੀਨ ਨੂੰ ਆਪਣੀ ਸਮਝ ਕੇ ਪਿਛਲ-ਝਾਤ ਦੀ ਬਜਾਏ ਅਗਾਂਹ-ਮੁਖੀ ਸੋਚ ਅਪਣਾਉਂਦੇ ਹੋਏ ਇੱਥੇ ਆਪਣੇ ਪਰਿਵਾਰ ਵਸਾਉਂਦੇ ਹੋਏ ਇਸ ਦੇਸ਼ ਦੀ ਉਸਾਰੀ ਆਰੰਭੀ। ਉਨ੍ਹਾਂ ਨੇ ਹੌਲੀ ਹੌਲੀ ਸੰਸਾਰ ਦੇ ਵੱਖ ਵੱਖ ਭਾਗਾਂ ’ਚੋਂ ਆਉਣ ਵਾਲੇ ਪਰਵਾਸੀਆਂ ਤੇ ਉਨ੍ਹਾਂ ਦੀ ਔਲਾਦ ਦੀਆਂ ਪੀੜ੍ਹੀਆਂ ਨੇ ਇਹ ਉਸਾਰੀ ਜਾਰੀ ਰੱਖੀ। ਇਹ ਕੰਮ ਪਰਵਾਸੀਆਂ ਨੇ ਅਕਸਰ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਕੇ ਭਵਿੱਖ-ਮੁਖੀ ਪਹੁੰਚ ਅਪਣਾਉਂਦਿਆਂ ਕੀਤਾ। ਯਾਦ ਰਹੇ, ਪਰਵਾਸੀਆਂ, ਯਾਨੀ ਕਿ ਪਹਿਲੀ ਪੀੜ੍ਹੀ ਦੇ ਅਮਰੀਕੀਆਂ ਨੇ ਅਮਰੀਕੀ ਆਜ਼ਾਦੀ ਦੇ ਇਨਕਲਾਬੀ ਯੁੱਧ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਅਰਥ ਪਰਵਾਸੀ ਸ਼ਬਦ ਦੇ ਉੱਪਰ ਚਰਚਿਤ ਉਨ੍ਹਾਂ ਅਰਥਾਂ ਤੋਂ ਵੱਖਰੇ ਹਨ ਜੋ ਸਾਡੇ ਵਿੱਚੋਂ ਜ਼ਿਆਦਾਤਰ ਪੰਜਾਬੀ ਅਮਰੀਕਨ ਵਰਤਦੇ ਹਨ। ਇਹ ਅਰਥ ਸਾਡੇ ਵਿੱਚੋਂ ਜ਼ਿਆਦਾਤਰ ਪੰਜਾਬੀ ਅਮਰੀਕਨਾਂ ਦੇ ‘ਅਮਰੀਕਾ’ ਤੇ ‘ਅਮਰੀਕਨ’ ਪ੍ਰਤੀ ਧਾਰੇ ਜਾਂ ਅਪਣਾਏ ਰਵੱਈਏ ਤੋਂ ਵੀ ਵੱਖਰੇ ਹਨ।
ਅਸੀਂ ਇਸ ਦੇਸ਼ ਨੂੰ ਆਪਣਾ ਨਾ ਸਮਝਦੇ ਹੋਏ ਇਹਦੇ ਵਿਸ਼ਾਲ ਵਿਭਿੰਨਤਾ ਵਾਲੇ ਸਮਾਜਿਕ ਤੇ ਰਾਜਨੀਤਿਕ ਜੀਵਨ ਵਿੱਚ ਦਿਲਚਸਪੀ ਨਹੀਂ ਲੈਂਦੇ ਤੇ ਆਪਣੇ ਤੰਗ ਭਾਈਚਾਰੇ ਤੱਕ ਹੀ ਸੀਮਿਤ ਰਹਿੰਦੇ ਹਾਂ, ਤਾਂ ਇਸ ਦੇਸ਼ ਦੇ ਸਿਸਟਮ ਵਿੱਚ ਪਲਦੀ, ਪੜ੍ਹਦੀ ਤੇ ਨੌਕਰੀਆਂ ਕਰਦੀ ਆਪਣੀ ਔਲਾਦ ਦੀ ਸਮਝ ਅਤੇ ਆਪਣੀ ਸਮਝ ਵਿਚਕਾਰ ਬੇਸਮਝੀ ਦੀ ਖਾਈ ਪੁੱਟ ਲੈਂਦੇ ਹਾਂ। ਸਾਡੇ ਵਿੱਚੋਂ ਚੋਖੀ ਗਿਣਤੀ ਵਿੱਚ ਕਈ ਆਪਣੀ ਰਹਿੰਦੀ ਉਮਰ ਖਾਈ ਦੇ ਇਸ ਪਾਰ ਖੜੋ, ਖਾਈ ਦੇ ਉਸ ਪਾਰ ਖੜ੍ਹੀ ਆਪਣੀ ਔਲਾਦ ਨਾਲ ਖਹਿਬੜਦੇ ਖਹਿਬੜਦੇ ਬਿਤਾ ਦਿੰਦੇ ਨੇ, ਜਾਂ ਕੁਝ ਦਬਾਅ ਪਾ ਕੇ ਔਲਾਦ ਨੂੰ ਆਪਣੇ ਪਾਸੇ ਨੂੰ ਧੂਹਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਕਾਮਯਾਬੀ ’ਤੇ ਚਾਹੇ ਅਸੀਂ ਲੱਖ ਪਿੱਠਾਂ ਜਾਂ ਹਿੱਕਾਂ ਥਾਪੜਦੇ ਜੇਤੂ ਬਣ ਬਣ ਕੇ ਫਿਰੀਏ, ਕੌੜਾ ਸੱਚ ਤਾਂ ਇਹ ਹੈ ਕਿ ਸਾਡੀ ਇਹ ‘ਜਿੱਤ’ ਬੇਸਮਝੀ ਦੀ ਖਾਈ ਨੂੰ ਧੱਕ ਕੇ ਸਾਡੀ ਔਲਾਦ ਅਤੇ ਬਾਹਰਲੇ ਵਿਸ਼ਾਲ ਸਮਾਜ ਦੇ ਵਿਚਕਾਰ ਕਰ ਦਿੰਦੀ ਹੈ ਤੇ ਇੰਝ ਔਲਾਦ ਦੇ ਭਵਿੱਖ ਵਿੱਚ ਕੰਡੇ ਬੀਜ ਦਿੰਦੀ ਹੈ। ਔਲਾਦ ਨੂੰ ਇਹ ਖਾਈ ਬਾਅਦ ਦੀ ਜ਼ਿੰਦਗੀ ਦੇ ਧੌਲ ਧੱਫੇ ਖਾ ਕੇ ਹੌਲੀ ਹੌਲੀ ਆਪ ਹੀ ਪਾਰ ਕਰਨੀ ਪੈਂਦੀ ਹੈ ਜਾਂ ਸਾਰੀ ਜ਼ਿੰਦਗੀ ਇਸ ਖਾਈ ਦੀ ਸਜ਼ਾ ਅਸਫਲਤਾਵਾਂ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ।
ਮੈਂ ਇਸ ਗੱਲੋਂ ਵੀ ਭਲੀਭਾਂਤ ਜਾਣੂ ਹਾਂ ਕਿ ਪਰਵਾਸੀਆਂ, ਯਾਨੀ ਪਹਿਲੀ ਪੀੜ੍ਹੀ ਦੇ ਅਮਰੀਕਨਾਂ ਦੇ ਕੁਝ ਆਪਣੇ ਹੀ ਅਲੱਗ ਮੁੱਦੇ ਤੇ ਮਸਲੇ ਹੁੰਦੇ ਨੇ ਜਿਵੇਂ ਪਿੱਛੇ ਰਹਿ ਗਏ ਜਨਮ ਦੇਸ਼ ਦਾ ਹੇਰਵਾ ਤੇ ਆਪਣੇ ਨਵੇਂ ਦੇਸ਼ ਵਿੱਚ ਵਸਣ ਦੀ ਪ੍ਰਕਿਰਿਆ ਦੌਰਾਨ ਆਉਂਦੀਆਂ ਮੁਸ਼ਕਲਾਂ। ਇਹ ਵੀ ਸੱਚ ਹੈ ਕਿ ਹੋਰ ਦੇਸ਼ਾਂ ਵਾਂਗ ਹੀ ਇਸ ਦੇਸ਼ ਦੇ ਇਤਿਹਾਸ ਵਿੱਚ ਹਮੇਸ਼ਾਂ ਸਭ ਕੁਝ ਠੀਕ-ਠਾਕ ਨਹੀਂ ਰਿਹਾ ਅਤੇ ਸਮੇਂ ਸਮੇਂ ਵੱਖ ਵੱਖ ਪਰਵਾਸੀ ਗਰੁੱਪਾਂ ਨਾਲ ਵਿਤਕਰੇ ਹੁੰਦੇ ਰਹੇ ਹਨ, ਤੇ ਅੱਜ ਵੀ ਹੋ ਰਹੇ ਨੇ। ਇਹ ਸਮੱਸਿਆਵਾਂ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਹੀ ਹੱਲ ਕੀਤੀਆਂ ਜਾਂਦੀਆਂ ਹਨ। ਇਸ ਦੇਸ਼ ਨੂੰ ਆਪਣਾ ਸਮਝ ਕੇ ਨਾ ਅਪਣਾਉਣਾ ਤਾਂ ਮੁੱਢੋਂ ਢੇਰੀ ਢਾਉਣ ਵਾਲੀ ਗੱਲ ਹੈ।
ਇੱਕ ਪੰਜਾਬੀ ਬੰਦਾ ਹੋਣ ਦੇ ਜ਼ਰੀਏ ਮੇਰਾ ਬਹੁਤ ਜੀਅ ਕਰਦਾ ਹੈ ਕਿ ਮੈਂ ਆਪਣੇ ਸਾਥੀ ਪੰਜਾਬੀ ਅਮਰੀਕਨਾਂ ਨੂੰ ਕਹਾਂ: ਆਓ, ਆਪਣੀ ਚੋਣ ਦੇ ਆਪਣੇ ਅਪਣਾਏ ਹੋਏ ਆਪਣੇ ਇਸ ਦੇਸ਼ ਅਮਰੀਕਾ, ਇਹਦੇ ਕੌਮੀ ਤਿਉਹਾਰਾਂ ਤੇ ਇਹਦੇ ਹੋਰ ਲੋਕਾਂ ਨੂੰ ਸੌਂਕਣਾਂ ਵਾਂਗੂ ਦੇਖਣ ਦੀ ਬਜਾਏ ਉਨ੍ਹਾਂ ਨੂੰ ਅਸਲ ਵਿੱਚ ਅਪਣਾਈਏ। ਅਪਣਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਆਪਣਾ ਸਭ ਕੁਝ ਛੱਡ ਦੇਈਏ। ਇੱਥੇ ਅਪਣਾਉਣ ਦਾ ਮਤਲਬ ਹੈ ਕਿ ਇਹਦੀਆਂ ਵਾਦੀਆਂ, ਪਹਾੜਾਂ, ਰੁੱਤਾਂ, ਬਰਫ਼ਾਂ, ਧੁੰਦਾਂ ਤੇ ਬਾਰਸ਼ਾਂ ਸਮੇਤ ਅਮਰੀਕਾ ਨੂੰ ਆਪਣਾ ਦੇਸ਼ ਸਮਝੀਏ; ਤੇ ਇੱਥੇ ਰਹਿਣ ਵਾਲੇ ਹੋਰ ਲੋਕਾਂ ਨੂੰ ਆਪਣੇ ਦੇਸ਼ ਵਾਸੀ। ਅਪਣਾਉਣ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਬਾਹਰਲੇ ਆਪਣੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ, ਰਿਵਾਜ਼, ਤਿਉਹਾਰ ਆਦਿ ਸਾਂਝੇ ਕਰੀਏ ਅਤੇ ਉਨ੍ਹਾਂ ਦੇ ਵਿਚਾਰਾਂ, ਰਿਵਾਜ਼ਾਂ, ਤਿਉਹਾਰਾਂ ਆਦਿ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਪਣਾਉਣ ਦਾ ਮਤਲਬ ਇਹ ਵੀ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਲਾਂ, ਹੋਰ ਭਾਈਚਾਰਿਆਂ ਦੀਆਂ ਮੁਸ਼ਕਲਾਂ ਤੇ ਆਪਣੇ ਦੇਸ਼ ਅਮਰੀਕਾ ਦੀਆਂ ਕੌਮੀ ਮੁਸ਼ਕਲਾਂ ਤੋਂ ਜਾਣੂ ਰਹੀਏ; ਅਤੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਆਪਣੀ ਵਿੱਤ ਮੂਜਬ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਈਏ। ਇਹੋ ਜਿਹਾ ਆਪਣੇਪਣ ਦਾ ਰਵੱਈਆ ਸਾਨੂੰ ਆਪਣੀ ਇੱਥੇ ਜੰਮਦੀ/ਪਲਦੀ ਔਲਾਦ ਨੂੰ ਵੀ ਹੋਰ ਵੀ ਚੰਗੀ ਤਰ੍ਹਾਂ ਸਮਝਣ ਤੇ ਉਸ ਨਾਲ ਨੇੜਤਾ ਵਧਾਉਣ ਵਿੱਚ ਸਹਾਈ ਹੋਏਗਾ। ਇਹੋ ਜਿਹਾ ਆਪਣੇਪਣ ਦਾ ਰਵੱਈਆ ਹੀ ‘ਪਰਵਾਸ’ ਰੋਗ ਦਾ ਅਸਲੀ ਇਲਾਜ ਹੈ।
ਅਮਰੀਕਾ ਵਿੱਚ 4 ਜੁਲਾਈ ਵਰਗੇ ਦਿਨਾਂ ਉੱਪਰ ਆਮ ਗਾਇਆ ਜਾਣ ਵਾਲਾ ਇੱਕ ਗੀਤ ਹੈ ਜੋ ਇਸ ਦੇਸ਼ ਵਿੱਚ ਸਦਾਬਹਾਰ ਪ੍ਰਸਿੱਧ ਤੇ ਮਨਭਾਉਂਦੇ ਗੀਤਾਂ ਵਿੱਚੋਂ ਕੌਮੀ ਗੀਤ ਦੇ ਬਾਅਦ ਦੂਜੇ ਨੰਬਰ ’ਤੇ ਆਉਂਦਾ ਹੈ। ਇਹ ਗੀਤ ਅਮਰੀਕੀ ਲੋਕ ਗੀਤਕਾਰ ਤੇ ਗਾਇਕ ਵੁੱਡੀ ਗੱਥਰੀ (1912-1967) ਨੇ ਲਿਖਿਆ ਤੇ ਪਹਿਲੀ ਵਾਰ ਗਾਇਆ। ਇਹ ਗੀਤ ਇਨ੍ਹਾਂ ਸਤਰਾਂ ਨਾਲ ਸ਼ੁਰੂ ਹੁੰਦਾ ਹੈ:
ਇਹ ਜ਼ਮੀਂ ਤੇਰੀ ਹੈ, ਇਹ ਜ਼ਮੀਂ ਮੇਰੀ ਹੈ।
ਕੈਲੀਫੋਰਨੀਆ ਤੋਂ ਨਿਊਯਾਰਕ ਦੀਪ ਤੱਕ
ਰੈੱਡਵੁੱਡ ਜੰਗਲ ਤੋਂ ਖਾੜੀ ਦੇ ਪਾਣੀ ਤੱਕ
ਬਣਾਈ ਗਈ ਸੀ:
ਇਹ ਜ਼ਮੀਂ ਤੇਰੇ ਲਈ, ਇਹ ਜ਼ਮੀਂ ਮੇਰੇ ਲਈ।
ਆਓ, ਆਪਾਂ ਸਾਰੇ ਸ਼ਬਦ ਦੇ ਸਹੀ ਅਰਥਾਂ ਵਿੱਚ ਇਸ ਦੇਸ਼ ਨੂੰ ਆਪਣਾ ਦੇਸ਼ ਸਮਝੀਏ ਕਿਉਂਕਿ ਇਹ ਦੇਸ਼ ਜਿੰਨਾ ਹੋਰ ਦੇਸ਼ ਵਾਸੀਆਂ ਦਾ ਹੈ ਓਨਾ ਆਪਣਾ ਵੀ ਹੈ; ਇਸ ਦੇਸ਼ ਵਿੱਚ ਵਿਦੇਸ਼ੀ ਬਣ ਕੇ ਨਹੀਂ, ਸਗੋਂ ਦੇਸ਼-ਵਾਸੀਆਂ ਭਾਵ ਨਾਗਰਿਕਾਂ ਦੀ ਤਰ੍ਹਾਂ ਰਹੀਏ ਕਿਉਂਕਿ ਅਸੀਂ ਨਾਗਰਿਕ ਹਾਂ; ਬਾਕੀ ਦੇਸ਼ਾਂ ਵਾਂਗ ਇਸ ਦੇਸ਼ ਦੀਆਂ ਵੀ ਆਪਣੀਆਂ ਸਮੱਸਿਆਵਾਂ ਹਨ ਤੇ ਇਸ ਦੇਸ਼ ਵਿੱਚ ਵੱਸਦੇ ਹੋਰ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਨੂੰ ਵੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਤੇ ਆਉਂਦੀਆਂ ਨੇ; ਉਨ੍ਹਾਂ ਮਸ਼ਕਲਾਂ ਨੂੰ ਨਾਗਰਿਕਾਂ ਵਾਂਗ ਇਸ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਵਿੱਚ ਹਿੱਸਾ ਲੈ ਨਜਿੱਠੀਏ। ਜਦੋਂ ਅਸੀਂ ਨਾਗਰਿਕ, ਭਾਵ ਅਮਰੀਕਨ ਬਣ ਕੇ ਪੇਸ਼ ਆਉਣ ਦੀ ਥਾਂ ਇਹ ਮਿੱਥ ਕੇ ਤੁਰਦੇ ਹਾਂ ਕਿ ਅਸੀਂ ਅਮਰੀਕਨ ਨਾ ਹੋ ਕੇ ਵਿਦੇਸ਼ੀ ਹਾਂ ਤਾਂ ਅਸੀਂ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਹੀ ਹਾਰ ਜਾਂਦੇ ਹਾਂ। ਸੋ, ਆਓ ਅੱਜ ਓਨੇ ਹੀ ਉਤਸ਼ਾਹ ਨਾਲ ਇਹ ਦਿਨ ਮਨਾਈਏ ਜਿੰਨੇ ਉਤਸ਼ਾਹ ਨਾਲ ਅਸੀਂ ਭਾਰਤ ਦਾ ਆਜ਼ਾਦੀ ਦਿਵਸ ਤੇ ਹੋਰ ਤਿਓਹਾਰ ਮਨਾਉਂਦੇ ਹਾਂ।
ੲੀਮੇਲ: dr.sukhpal.sanghera@gmail.com