For the best experience, open
https://m.punjabitribuneonline.com
on your mobile browser.
Advertisement

ਮਨਾਂ ਵਿੱਚ ਹੁਣ ਤੱਕ ਭੰਗੜਾ ਪਾਉਂਦੀ ਪੰਜਾਬੀ ਫਿਲਮ ‘ਭੰਗੜਾ’

08:45 AM Jan 13, 2024 IST
ਮਨਾਂ ਵਿੱਚ ਹੁਣ ਤੱਕ ਭੰਗੜਾ ਪਾਉਂਦੀ ਪੰਜਾਬੀ ਫਿਲਮ ‘ਭੰਗੜਾ’
ਫਿਲਮ ‘ਭੰਗੜਾ’ ਦਾ ਪੋਸਟਰ
Advertisement

ਅੰਗਰੇਜ ਸਿੰਘ ਵਿਰਦੀ

Advertisement

ਪੰਜਾਹਵੇਂ ਅਤੇ ਸੱਠਵੇ ਦਹਾਕੇ ਵਿੱਚ ਪੰਜਾਬੀ ਫਿਲਮਾਂ ਦੀ ਜਿਸ ਕਰਕੇ ਬਹੁਤ ਚਰਚਾ ਹੋਇਆ ਕਰਦੀ ਸੀ ਉਹ ਸੀ ਉਨ੍ਹਾਂ ਦਾ ਮਧੁਰ ਸੰਗੀਤ। ਰਿਕਾਰਡਾਂ ਰਾਹੀਂ ਗਰਾਮੋਫੋਨਾਂ ਅਤੇ ਰੇਡੀਓ ’ਤੇ ਵੱਜਦੇ ਪੰਜਾਬੀ ਫਿਲਮਾਂ ਦੇ ਅਣਗਿਣਤ ਗੀਤ ਇਸ ਦੀ ਚੜ੍ਹਤ ਦੀ ਗਵਾਹੀ ਭਰਦੇ ਸਨ। ਹੰਸ ਰਾਜ ਬਹਿਲ, ਸਰਦੂਲ ਕਵਾਤੜਾ, ਹੁਸਨ ਲਾਲ ਭਗਤ ਰਾਮ, ਐੱਸ. ਮੋਹਿੰਦਰ, ਹਰਬੰਸ, ਸਪਨ ਜਗਮੋਹਨ, ਐੱਸ. ਮਦਨ ਅਤੇ ਅੱਲਾ ਰੱਖਾ ਕੁਰੈਸ਼ੀ ਜਿਹੇ ਬਿਹਤਰੀਨ ਸੰਗੀਤਕਾਰਾਂ ਦੀਆਂ ਬਣਾਈਆਂ ਮਧੁਰ ਧੁਨਾਂ ਅਤੇ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਸ਼ਮਸ਼ਾਦ ਬੇਗਮ, ਸੁਰਿੰਦਰ ਕੌਰ, ਤਲਤ ਮਹਿਮੂਦ, ਮੰਨਾ ਡੇਅ, ਮੁਕੇਸ਼ ਅਤੇ ਸੁਮਨ ਕਲਿਆਣਪੁਰ ਜਿਹੇ ਦਿੱਗਜ ਗਾਇਕ, ਗਾਇਕਾਵਾਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗਾਏ ਪੰਜਾਬੀ ਫਿਲਮੀ ਗੀਤਾਂ ਦੀਆਂ ਚਾਰੇ ਪਾਸੇ ਧੁੰਮਾਂ ਪੈਂਦੀਆਂ ਸਨ। ਸੰਗੀਤਕ ਪੰਜਾਬੀ ਫਿਲਮਾਂ ‘ਲੱਛੀ’ ਅਤੇ ‘ਪੋਸਤੀ’ ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਜਿਸ ਫਿਲਮ ਦੇ ਸੰਗੀਤ ਕਰਕੇ ਫਿਲਮ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਉਹ ਸੀ ਫਿਲਮਸਾਜ਼ ਮੁਲਕ ਰਾਜ ਭਾਖੜੀ ਦੀ ਪੰਜਾਬੀ ਫਿਲਮ ‘ਭੰਗੜਾ’। ਸੰਗੀਤਕਾਰ ਹੰਸਰਾਜ ਬਹਿਲ ਦੇ ਬਿਹਤਰੀਨ ਸੰਗੀਤ ਨਾਲ ਸ਼ਿੰਗਾਰੀ ਇਸ ਫਿਲਮ ਦੇ ਗੀਤਾਂ ਨੇ ਮਕਬੂਲੀਅਤ ਦੀਆਂ ਉਨ੍ਹਾਂ ਸਿਖਰਾਂ ਨੂੰ ਛੂਹਿਆ ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਅੱਜ ਵੀ ਇਸ ਫਿਲਮ ਦੇ ਗੀਤ ਬੇਹੱਦ ਪਸੰਦ ਕੀਤੇ ਜਾਂਦੇ ਹਨ।

Advertisement

ਫਿਲਮ ‘ਭੰਗੜਾ’ ਦੇ ਇੱਕ ਦ੍ਰਿਸ਼ ਵਿੱਚ ਅਦਾਕਾਰਾ ਨਿਸ਼ੀ

ਸਾਲ 1959 ਵਿੱਚ ਸਿਨੇ ਪਰਦੇ ’ਤੇ ਆਈ ਪੰਜਾਬੀ ਫਿਲਮ ‘ਭੰਗੜਾ’ ਦਾ ਨਿਰਮਾਣ ਗੋਲਡਨ ਮੂਵੀਜ਼ ਬੰਬੇ ਦੇ ਬੈਨਰ ਹੇਠ ਹੋਇਆ ਜਿਸ ਦੇ ਫਿਲਮਸਾਜ਼ ਸਨ ਮੁਲਕ ਰਾਜ ਭਾਖੜੀ ਅਤੇ ਹਿਦਾਇਤਕਾਰ ਸਨ ਜੁਗਲ ਕਿਸ਼ੋਰ। ਗੀਤਕਾਰ ਵਰਮਾ ਮਲਿਕ ਦੇ ਲਿਖੇ ਬਿਹਤਰੀਨ ਗੀਤਾਂ ਨੂੰ ਮਧੁਰ ਧੁਨਾਂ ਨਾਲ ਸ਼ਿੰਗਾਰਿਆ ਸੀ ਸੰਗੀਤਕਾਰ ਹੰਸ ਰਾਜ ਬਹਿਲ ਨੇ ਤੇ ਇਨ੍ਹਾਂ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਨੇ। ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤੇ ਸਨ ਅਦਾਕਾਰ ਸੁੰਦਰ ਅਤੇ ਅਦਾਕਾਰਾ ਨਿਸ਼ੀ ਨੇ। ਸਹਾਇਕ ਕਿਰਦਾਰਾਂ ਵਿੱਚ ਨਜ਼ਰ ਆਉਣ ਵਾਲੇ ਅਦਾਕਾਰਾਂ ਵਿੱਚ ਪ੍ਰਮੁੱਖ ਸਨ ਮਜ਼ਾਹੀਆ ਅਦਾਕਾਰ ਗੋਪਾਲ ਸਹਿਗਲ ਜਿਸ ਦੀ ਇਹ ਪਹਿਲੀ ਪੰਜਾਬੀ ਫਿਲਮ ਸੀ, ਅਦਾਕਾਰ ਖਰੈਤੀ, ਸਤੀਸ਼ ਛਾਬੜਾ, ਰਾਮ ਲਾਲ, ਮਜਨੂੰ, ਬਿਮਲਾ ਕੁਮਾਰੀ, ਜਗਦੀਸ਼ ਕੰਵਲ, ਹਰੀ ਸ਼ਰਮਾ, ਅਨਵਰੀ, ਪਾਲ ਸ਼ਰਮਾ ਅਤੇ ਨ੍ਰਿਤ ਨਿਰਦੇਸ਼ਕ ਸੋਹਣ ਲਾਲ ਖੰਨਾ।
ਫਿਲਮ ‘ਭੰਗੜਾ’ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਕਿਸਾਨਾਂ ਅਤੇ ਸ਼ਾਹੂਕਾਰਾਂ ਦੇ ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਿਆਨ ਕਰਦੀ ਇੱਕ ਅਜਿਹੀ ਫਿਲਮ ਹੈ ਜਿਸ ਵਿੱਚ ਪੇਂਡੂ ਰਹਿਣ ਸਹਿਣ, ਪੇਂਡੂ ਸੱਭਿਆਚਾਰ, ਮੇਲਿਆਂ ਤਿਓਹਾਰਾਂ ’ਤੇ ਪੈਂਦੇ ਭੰਗੜੇ, ਖੁਸ਼ੀ ਨਾਲ ਝੂਮਦੀ ਜਵਾਨੀ, ਪਿੰਡ ਦੀ ਕੁੜੀ ਦੀ ਦਲੇਰੀ, ਉਸ ਦੀ ਸਾਦਗੀ ਦੀ ਸੁੰਦਰ ਅੱਕਾਸੀ ਕੀਤੀ ਗਈ ਹੈ। ਗ਼ਰੀਬ ਕਿਸਾਨ ਦੀ ਆਰਥਿਕ ਹਾਲਤ, ਉਸ ਦੀਆਂ ਮਜਬੂਰੀਆਂ, ਸ਼ਾਹੂਕਾਰਾਂ ਤੋਂ ਲਏ ਕਰਜ਼ੇ ਦੀ ਪੰਡ ਕਿਵੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਉਸ ਨੂੰ ਫਿਲਮ ਦੀ ਕਹਾਣੀ ਦਾ ਮੁੱਖ ਵਿਸ਼ਾ ਬਣਾਇਆ ਗਿਆ ਹੈ।
ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਸ਼ਾਹੂਕਾਰ ਕੌਡੇ ਸ਼ਾਹ (ਅਦਾਕਾਰ ਸਤੀਸ਼ ਛਾਬੜਾ) ਦੇ ਘਰ ਤੋਂ ਜਿੱਥੇ ਬੈਠਾਂ ਉਹ ਹੁੱਕਾ ਪੀ ਰਿਹਾ ਹੁੰਦਾ ਹੈ ਤੇ ਉਸ ਦਾ ਨੌਕਰ ਰੁਲਦੂ (ਅਦਾਕਾਰ ਗੌਪਾਲ ਸਹਿਗਲ) ਉਸ ਦੀਆਂ ਲੱਤਾਂ ਘੁੱਟ ਰਿਹਾ ਹੁੰਦਾ ਹੈ। ਦੋਵਾਂ ਵਿੱਚ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਮੁਨਸ਼ੀ ਮਹਿੰਗਾ ਮੱਲ (ਅਦਾਕਾਰ ਖਰੈਤੀ) ਰੰਗਪੁਰ ਗ਼ਰੀਬ ਕਿਸਾਨ ਬਲਾਕੀ (ਅਦਾਕਾਰ ਰਾਮ ਲਾਲ) ਤੋਂ ਕਰਜ਼ੇ ਦੀ ਵਸੂਲੀ ਕਰਨ ਗਿਆ ਹੋਇਆ ਹੈ। ਦਰਅਸਲ, ਕਿਸਾਨ ਬਲਾਕੀ ਦੇ ਪਿਓ ਨੇ ਬਹੁਤ ਸਾਲ ਪਹਿਲਾਂ ਸ਼ਾਹੂਕਾਰ ਕੌਡੇ ਸ਼ਾਹ ਕੋਲੋਂ 100 ਰੁਪਏ ਕਰਜ਼ਾ ਲਿਆ ਸੀ ਜੋ ਹੁਣ ਸੂਦ ਲੱਗ ਲੱਗ ਕੇ 1100 ਰੁਪਏ ਹੋ ਗਿਆ ਹੈ। ਬੇਸ਼ੱਕ ਬਲਾਕੀ ਕਰਜ਼ੇ ਦੀ ਥੋੜ੍ਹੀ ਥੋੜ੍ਹੀ ਰਕਮ ਮੋੜਦਾ ਰਿਹਾ, ਪਰ ਉਸ ਦਾ ਕਰਜ਼ਾ ਸੀ ਕਿ ਮੁੱਕਣ ’ਤੇ ਈ ਨਹੀਂ ਆ ਰਿਹਾ ਸੀ।
ਸ਼ਾਹੂਕਾਰਾਂ ਦੇ ਚੁੰਗਲ ਵਿੱਚ ਫਸੇ ਗ਼ਰੀਬ ਕਿਸਾਨਾਂ ਦੀ ਮਨੋਦਸ਼ਾ ਨੂੰ ਬਾਖੂਬੀ ਬਿਆਨ ਕਰਦਾ ਬਲਾਕੀ ਬੜਾ ਮਜਬੂਰ ਹੈ। ਉਸ ਦਾ ਕਮਾਈ ਦਾ ਸਾਧਨ ਸਿਰਫ਼ ਖੇਤੀ ਹੈ ਜਿਸ ਲਈ ਹੱਡ ਭੰਨਵੀਂ ਮਿਹਨਤ ਕਰਕੇ ਵੀ ਉਸ ਨੂੰ ਖ਼ਾਸ ਕਮਾਈ ਨਹੀਂ ਹੁੰਦੀ। ਮੁਨਸ਼ੀ ਮਹਿੰਗਾ ਮੱਲ ਰੰਗਪੁਰ ਕਰਜ਼ੇ ਦੀ ਵਸੂਲੀ ਕਰਨ ਜਾਂਦਾ ਹੈ ਜਿੱਥੇ ਉਸ ਦਾ ਸਾਹਮਣਾ ਬਲਾਕੀ ਦੀ ਧੀ ਬੰਤੋ (ਅਦਾਕਾਰਾ ਨਿਸ਼ੀ) ਨਾਲ ਹੁੰਦਾ ਹੈ ਜੋ ਉਸ ਵੇਲੇ ਖੂਹ ਤੋਂ ਪਾਣੀ ਭਰ ਰਹੀ ਹੁੰਦੀ ਹੈ। ਮੁਨਸ਼ੀ ਬੰਤੋ ਕੋਲੋਂ ਜੁੱਤੀਆਂ ਖਾ ਕੇ ਬਗੈਰ ਕਰਜ਼ਾ ਵਸੂਲੀ ਕੀਤਿਆਂ ਬੇਇੱਜ਼ਤ ਹੋ ਵਾਪਸ ਆ ਜਾਂਦਾ ਹੈ। ਫਿਰ ਕਰਜ਼ੇ ਦੀ ਵਸੂਲੀ ਲਈ ਕੌਡੇ ਸ਼ਾਹ ਆਪਣੇ ਪੁੱਤਰ ਸੁੰਦਰ (ਅਦਾਕਾਰ ਸੁੰਦਰ) ਨੂੰ ਰੰਗਪੁਰ ਭੇਜਦਾ ਹੈ ਜਿੱਥੇ ਸੁੰਦਰ ਦਾ ਬਲਾਕੀ ਦੀ ਧੀ ਬੰਤੋ ਨਾਲ ਸਾਹਮਣਾ ਹੁੰਦਾ ਹੈ ਜੋ ਉਸ ਨੂੰ ਆਪਣੇ ਘਰ ਲੈ ਕੇ ਜਾਣ ਦੀ ਬਜਾਏ ਪਿੰਡ ਦੀ ਇੱਕ ਹੋਰ ਬੰਤੋ ਨਾਂ ਦੀ ਔਰਤ ਦੇ ਘਰ ਛੱਡ ਆਉਂਦੀ ਹੈ ਜਿੱਥੇ ਉਸ ਬੰਤੋ ਦਾ ਪਹਿਲਵਾਨ ਪਤੀ ਸੁੰਦਰ ਨੂੰ ਕੁੱਟ ਕੁੱਟ ਕੇ ਬੇਹੋਸ਼ ਕਰ ਕੇ ਘਰੋਂ ਬਾਹਰ ਸੁੱਟ ਦਿੰਦਾ ਹੈ। ਜਦੋਂ ਇਸ ਦਾ ਬੰਤੋ ਤੇ ਬਲਾਕੀ ਨੂੰ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਆਪਣੇ ਘਰੇ ਲੈ ਆਉਂਦੇ ਹਨ। ਬੰਤੋ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੋਣ ਲੱਗਦਾ ਹੈ, ਫਿਰ ਉਹ ਉਹ ਸੁੰਦਰ ਦੀ ਜੀਅ ਜਾਨ ਨਾਲ ਸੇਵਾ ਕਰਦੀ ਹੈ। ਬੰਤੋ ਦੀ ਦੇਖਭਾਲ ਨਾਲ ਸੁੰਦਰ ਠੀਕ ਹੋਣ ਲੱਗਦਾ ਹੈ, ਇਸੇ ਦੌਰਾਨ ਉਹ ਬੰਤੋ ਨੂੰ ਪਸੰਦ ਕਰਨ ਲੱਗ ਪੈਂਦਾ ਹੈ। ਬੰਤੋ ਦੇ ਪਿਆਰ ਵਿੱਚ ਸੁੰਦਰ ਇਹ ਭੁੱਲ ਜਾਂਦਾ ਹੈ ਕਿ ਉਹ ਤਾਂ ਬਲਾਕੀ ਕੋਲੋਂ ਕਰਜ਼ਾ ਵਸੂਲੀ ਕਰਨ ਆਇਆ ਸੀ।
ਓਧਰ ਕੌਡੇ ਸ਼ਾਹ ਇਹ ਸੋਚ ਕੇ ਆਪਣੇ ਪੁੱਤਰ ਸੁੰਦਰ ਤੋਂ ਬਹੁਤ ਖ਼ੁਸ਼ ਹੁੰਦਾ ਕਿ ਹੁਣ ਉਹ ਬਲਾਕੀ ਕੋਲੋਂ ਜ਼ਰੂਰ ਕਰਜ਼ਾ ਵਸੂਲ ਕਰਕੇ ਹੀ ਮੁੜੇਗਾ। ਕੌਡੇਸ਼ਾਹ ਨੂੰ ਲੱਗਦਾ ਕਿ ਮੁਨਸ਼ੀ ਦਾ ਕੰਮ ਹੁਣ ਉਸ ਦਾ ਪੁੱਤਰ ਸੁੰਦਰ ਬਾਖੂਬੀ ਸੰਭਾਲ ਸਕਦਾ ਜਿਸ ਕਰਕੇ ਉਹ ਮੁਨਸ਼ੀ ਮਹਿੰਗਾ ਮੱਲ ਨੂੰ ਨੌਕਰੀ ਤੋਂ ਕੱਢ ਦਿੰਦਾ ਤੇ ਨਾਲ ਹੀ ਉਸ ਦੀ ਬਣਦੀ ਤਨਖਾਹ ਵੀ ਦੇਣ ਤੋਂ ਇਨਕਾਰ ਕਰ ਦਿੰਦਾ। ਮੁਨਸ਼ੀ ਇਸ ਨਾ ਇਨਸਾਫੀ ਤੇ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਪਾਉਂਦਾ ਤੇ ਉਹ ਸ਼ਾਹੂਕਾਰ ਕੋਲੋਂ ਬਦਲਾ ਲੈਣ ਦੀ ਤਾਕ ਵਿੱਚ ਰਹਿੰਦਾ। ਇੱਕ ਰਾਤ ਉਹ ਕੌਡੇਸ਼ਾਹ ਦੇ ਘਰ ਦਾਖਲ ਹੋ ਕੇ ਉਸ ਦੇ ਸੋਨੇ ਦੇ ਸਾਰੇ ਗਹਿਣੇ ਚੋਰੀ ਕਰ ਲੈਂਦਾ ਹੈ। ਗਹਿਣੇ ਚੋਰੀ ਕਰ ਕੇ ਮੁਨਸ਼ੀ ਮਹਿੰਗਾ ਮੱਲ ਰੰਗਪੁਰ ਚਲਾ ਜਾਂਦਾ ਜਿੱਥੇ ਜਾਣ ਦਾ ਉਸ ਦਾ ਮਕਸਦ ਹੁੰਦਾ ਬੰਤੋ ਨਾਲ ਵਿਆਹ ਕਰਵਾਉਣਾ। ਰੰਗਪੁਰ ਜਾ ਕੇ ਉਹ ਸੁੰਦਰ ਅਤੇ ਬੰਤੋ ਨੂੰ ਇੱਕਠਿਆਂ ਗੀਤ ਗਾਉਂਦਿਆਂ ਵੇਖ ਲੈਂਦਾ। ਸੁੰਦਰ ਬੰਤੋ ਨੂੰ ਕਹਿੰਦਾ ਕਿ ਉਹ ਮੁਨਸ਼ੀ ਨੂੰ ਗੱਲਾਂ ਵਿੱਚ ਲਾ ਕੇ ਇਸ ਗੱਲ ਦਾ ਅਹਿਸਾਸ ਕਰਵਾਵੇ ਕੇ ਉਹ ਉਸ ਨੂੰ ਪਸੰਦ ਕਰਦੀ ਹੈ ਤਾਂ ਜੋ ਉਨ੍ਹਾਂ ਦੇ ਪਿਆਰ ਦੀ ਭਿਣਕ ਕਿਤੇ ਉਸ ਦੇ ਪਿਓ ਕੌਡੇ ਸ਼ਾਹ ਨੂੰ ਨਾ ਲੱਗ ਜਾਵੇ। ਰੰਗਪੁਰ ਹੀ ਰਹਿ ਰਿਹਾ ਮਹਿੰਗਾ ਮੱਲ ਇੱਕ ਦਿਨ ਸੁੰਦਰ ਨੂੰ ਕਹਿੰਦਾ ਹੈ ਕਿ ਉਹ ਬੰਤੋ ਤੋਂ ਦੂਰ ਰਹੇ ਜਿਸ ਦੇ ਬਦਲੇ ਉਹ ਸੁੰਦਰ ਨੂੰ ਚੋਰੀ ਕੀਤੇ ਉਹ ਗਹਿਣੇ ਦੇ ਦਿੰਦਾ ਹੈ। ਸੁੰਦਰ ਉਹ ਚੋਰੀ ਦੇ ਗਹਿਣੇ ਬਲਾਕੀ ਨੂੰ ਦੇ ਦਿੰਦਾ ਹੈ। ਸੁੰਦਰ ਬਲਾਕੀ ਨੂੰ ਕਹਿੰਦਾ ਹੈ ਕਿ ਉਹ ਇਹ ਗਹਿਣੇ ਉਸ ਦੇ ਪਿਓ ਕੌਡੇ ਸ਼ਾਹ ਨੂੰ ਦੇ ਕੇ ਆਪਣਾ ਕਰਜ਼ਾ ਚੁਕਾ ਦੇਵੇ। ਬਲਾਕੀ ਸੁੰਦਰ ਨੂੰ ਨਾਲ ਲੈ ਕੇ ਕੌਡੇ ਸ਼ਾਹ ਨੂੰ ਕਰਜ਼ੇ ਦੀ ਰਕਮ ਬਦਲੇ ਉਹ ਗਹਿਣੇ ਦੇ ਦਿੰਦਾ ਤੇ ਆਪਣਾ ਕਰਜ਼ਾ ਚੁਕਾ ਦਿੰਦਾ ਹੈ।
ਕਰਜ਼ਾ ਵਸੂਲੀ ਤੋਂ ਬਾਅਦ ਕੌਡੇ ਸ਼ਾਹ ਸੁੰਦਰ ਤੋਂ ਬਹੁਤ ਖੁਸ਼ ਹੁੰਦਾ ਹੈ ਤੇ ਉਸ ਦਾ ਰਿਸ਼ਤਾ ਰੰਗਪੁਰ ਦੇ ਹੀ ਸਰਪੰਚ ਦੀ ਧੀ ਨਾਲ ਕਰ ਦਿੰਦਾ ਹੈ। ਸੁੰਦਰ ਇਸ ਰਿਸ਼ਤੇ ਲਈ ਰਾਜ਼ੀ ਨਹੀਂ, ਪਰ ਉਹ ਆਪਣੇ ਬਾਪ ਸਾਹਮਣੇ ਮੂੰਹ ਨਾ ਖੋਲ੍ਹ ਪਾਉਂਦਾ। ਓਧਰ ਬੰਤੋ ਸੁੰਦਰ ਨੂੰ ਵਿਸਾਖੀ ਦੇ ਮੇਲੇ ’ਤੇ ਰੰਗਪੁਰ ਆਉਣ ਲਈ ਕਹਿੰਦੀ ਹੈ ਜਿੱਥੇ ਕੌਡੇਸ਼ਾਹ ਤੇ ਸੁੰਦਰ ਦਾ ਹੋਣ ਵਾਲਾ ਸਹੁਰਾ ਵੀ ਪਹੁੰਚ ਜਾਂਦੇ ਹਨ। ਬੰਤੋ ਤੇ ਸੁੰਦਰ ਨੂੰ ਮੇਲੇ ਵਿੱਚ ਇਕੱਠਿਆਂ ਗਾਉਂਦੇ ਤੇ ਭੰਗੜਾ ਪਾਉਂਦੇ ਵੇਖ ਕੌਡੇਸ਼ਾਹ ਨੂੰ ਗੁੱਸਾ ਚੜ੍ਹ ਜਾਂਦਾ ਹੈ ਤੇ ਉਹ ਬਲਾਕੀ ਨੂੰ ਬੁਲਾ ਕੇ ਉਸ ਦੀ ਧੀ ਬੰਤੋ ਨੂੰ ਸੁੰਦਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦਾ ਹੈ।
ਕੌਡੇਸ਼ਾਹ ਸੁੰਦਰ ਦਾ ਵਿਆਹ ਪੱਕਾ ਕਰ ਦਿੰਦਾ ਹੈ। ਵਿਆਹ ਲਈ ਗਹਿਣੇ ਬਣਾਉਣ ਲਈ ਕੌਡੇਸ਼ਾਹ ਆਪਣੇ ਖਾਨਦਾਨੀ ਸੁਨਿਆਰੇ ਨੂੰ ਘਰੇ ਬੁਲਾਉਂਦਾ ਹੈ। ਉਹ ਸੁਨਿਆਰੇ ਨੂੰ ਬਲਾਕੀ ਵਾਲੇ ਗਹਿਣੇ ਦੇ ਕੇ ਨਵੇਂ ਗਹਿਣੇ ਬਣਾਉਣ ਲਈ ਕਹਿੰਦਾ ਹੈ। ਸੁਨਿਆਰਾ ਉਹ ਗਹਿਣੇ ਵੇਖ ਕੇ ਕੌਡੇਸ਼ਾਹ ਨੂੰ ਦੱਸਦਾ ਕਿ ਇਹ ਤਾਂ ਉਨ੍ਹਾਂ ਦੇ ਘਰ ਦੇ ਹੀ ਗਹਿਣੇ ਹਨ ਜੋ ਉਸ ਨੇ ਸੁੰਦਰ ਦੀ ਮਾਂ ਨੂੰ ਬਣਾ ਕੇ ਦਿੱਤੇ ਸਨ। ਕੌਡੇ ਸ਼ਾਹ ਨੂੰ ਘਰ ਵਿੱਚ ਹੋਈ ਚੋਰੀ ਦਾ ਪਤਾ ਲੱਗ ਜਾਂਦਾ ਹੈ ਤੇ ਉਹ ਬਲਾਕੀ ਨੂੰ ਚੋਰੀ ਕਰਨ ਦੇ ਜ਼ੁਰਮ ਵਿੱਚ ਪੁਲੀਸ ਕੋਲ ਫੜਾ ਦਿੰਦਾ ਹੈ। ਬਲਾਕੀ ਪੁਲੀਸ ਨੂੰ ਦੱਸਦਾ ਹੈ ਕਿ ਉਸ ਨੇ ਚੋਰੀ ਨਹੀਂ ਕੀਤੀ, ਇਹ ਗਹਿਣੇ ਉਸ ਨੂੰ ਸੁੰਦਰ ਨੇ ਦਿੱਤੇ ਸਨ।
ਓਧਰ ਸੁੰਦਰ ਜਦੋਂ ਫੇਰਿਆ ਲਈ ਵਿਆਹ ਦੇ ਮੰਡਪ ਵਿੱਚ ਬੈਠਾ ਹੁੰਦਾ ਹੈ ਤਾਂ ਉਸੇ ਵੇਲੇ ਪੁਲੀਸ ਆ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਜਾਂਦੀ ਹੈ। ਕੌਡੇਸ਼ਾਹ ਦੀ ਇਸ ਦੁੱਖ ਦੀ ਘੜੀ ਵਿੱਚ ਸੁੰਦਰ ਦੇ ਸਹੁਰੇ ਵੀ ਰਿਸ਼ਤਾ ਤੋੜ ਦਿੰਦੇ ਹਨ, ਪਰ ਬੰਤੋ ਸੁੰਦਰ ਨੂੰ ਬਚਾਉਣ ਲਈ ਮੁਨਸ਼ੀ ਮਹਿੰਗਾ ਮੱਲ ਨੂੰ ਅਦਾਲਤ ਵਿੱਚ ਸੱਚ ਦੱਸਣ ਲਈ ਰਾਜ਼ੀ ਕਰ ਲੈਂਦੀ ਹੈ। ਫਿਲਮ ਦੇ ਅਖੀਰ ਵਿੱਚ ਬੰਤੋ ਦੀਆਂ ਕੋਸ਼ਿਸ਼ਾਂ ਸਦਕਾ ਮੁਨਸ਼ੀ ਦੇ ਆਪਣੇ ਜ਼ੁਰਮ ਕਬੂਲ ਕਰਨ ’ਤੇ ਬਲਾਕੀ ਤੇ ਸੁੰਦਰ ਨੂੰ ਅਦਾਲਤ ਬਰੀ ਕਰ ਦਿੰਦੀ ਤੇ ਕੌਡੇ ਸ਼ਾਹ ਵੀ ਸੁੰਦਰ ਤੇ ਬੰਤੋ ਦੇ ਵਿਆਹ ਲਈ ਮੰਨ ਜਾਂਦਾ ਹੈ। ਫਿਲਮ ‘ਭੰਗੜਾ’ ਵਿੱਚ ਹਰੇਕ ਅਦਾਕਾਰ ਨੇ ਆਪਣੇ ਆਪਣੇ ਕਿਰਦਾਰ ਬਿਹਤਰੀਨ ਢੰਗ ਨਾਲ ਅਦਾ ਕੀਤੇ ਹਨ। ਵਧੀਆ ਗੀਤ ਸੰਗੀਤ ਅਤੇ ਕਾਮੇਡੀ ਨਾਲ ਭਰਭੂਰ ਇਸ ਫਿਲਮ ਦੀ ਵਧੀਆ ਕਹਾਣੀ, ਠੇਠ ਟਕਸਾਲੀ ਪੰਜਾਬੀ ਵਿੱਚ ਲਿਖੇ ਸੰਵਾਦ ਅਤੇ ਫਿਲਮ ਸਟੂਡੀਓ ਵਿੱਚ ਫਿਲਮਾਈ ਗਈ ਇਸ ਫਿਲਮ ਦੀ ਸਿਨਮੈਟੋਗ੍ਰਾਫ਼ੀ ਵੀ ਬਹੁਤ ਖੂਬਸੂਰਤ ਹੈ। ਅਦਾਕਾਰਾ ਨਿਸ਼ੀ ਦੀ ਖੂਬਸੂਰਤੀ, ਉਸ ਦੀਆਂ ਅਦਾਵਾਂ ਅਤੇ ਉਸ ਦਾ ਨ੍ਰਿਤ ਫਿਲਮ ਨੂੰ ਚਾਰ ਚੰਦ ਲਾਉਂਦੇ ਹਨ। ਇਸ ਫਿਲਮ ਜ਼ਰੀਏ ਪੰਜਾਬੀ ਸਿਨਮਾ ਨੂੰ ਇੱਕ ਬਿਹਤਰੀਨ ਪੰਜਾਬੀ ਫਿਲਮ ਅਦਾਕਾਰਾ ਮਿਲੀ ਜਿਸ ਨੂੰ ਸੱਠ ਦੇ ਦਹਾਕੇ ਦੀ ਪੰਜਾਬੀ ਸਿਨਮਾ ਦੀ ਚੋਟੀ ਦੀ ਅਦਾਕਾਰਾ ਹੋਣ ਦਾ ਮਾਣ ਹਾਸਲ ਹੋਇਆ। ਮਜ਼ਾਹੀਆ ਅਦਾਕਾਰ ਗੋਪਾਲ ਸਹਿਗਲ ਵੀ ਪਹਿਲੀ ਵਾਰ ਇਸ ਫਿਲਮ ਜ਼ਰੀਏ ਹੀ ਸਿਨੇ ਪਰਦੇ ’ਤੇ ਦਿਖਾਈ ਦਿੱਤਾ ਜਿਸ ਦਾ ਇਸ ਫਿਲਮ ਵਿੱਚ ਤਕੀਆ ਕਲਾਮ ‘ਸ਼ਾਹ ਜੀ ਮੈਨੂੰ ਦਵਾਨੀ ਤਾਂ ਦੇ ਦੋ ਮੈਂ ਹਜ਼ਾਮਤ ਕਰਵਾਉਣੀ’ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦਾ ਹੈ।
ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਦੀ ਸੁਰੀਲੀ ਅਤੇ ਬੁਲੰਦ ਆਵਾਜ਼ ਵਿੱਚ ਗਾਏ ਗੀਤਾਂ ਨਾਲ ਸ਼ਿੰਗਾਰੀ ਫਿਲਮ ਦਾ ਸੰਗੀਤ ਉੱਚ ਕੋਟੀ ਦਾ, ਬਿਹਤਰੀਨ ਅਤੇ ਮਿੱਠਾ ਹੈ। ਇਸ ਦੇ ਸਾਰੇ ਗੀਤਾਂ (1) ਅੰਬੀਆਂ ਦੇ ਬੂਟਿਆਂ ’ਤੇ ਲੱਗ ਗਿਆ ਬੂਰ ਨੀਂ, (2 )ਚਿੱਟੇ ਦੰਦ ਹੱਸਣੋਂ ਨਹੀਂਓ ਰਹਿੰਦੇ, (3) ਰੱਬ ਨਾ ਕਰੇ ਜੇ ਚਲਾ ਜਾਏਂ ਤੂੰ ਵਿੱਛੜ ਕੇ, (4) ਬੀਨ ਨਾ ਵਜਾਈ ਮੁੰਡਿਆ, (5) ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ, (6) ਜੱਟ ਕੁੜੀਆਂ ਤੋਂ ਡਰਦਾ ਮਾਰਾ, (7) ਛੇਤੀ ਛੇਤੀ ਤੋਰ ਬਾਬਲਾ ਅਤੇ (8) ਮੁੱਲ ਵਿਕਦਾ ਸੱਜਣ ਮਿਲ ਜਾਵੇ ਨੇ ਬੇਹੱਦ ਮਕਬੂਲੀਅਤ ਹਾਸਲ ਕੀਤੀ। ਹਰ ਗੀਤ ਦੇ ਅਲਫ਼ਾਜ਼, ਸੰਗੀਤ ਤੇ ਆਵਾਜ਼ ਦਰਸ਼ਕਾਂ ਦੇ ਮਨ ਨੂੰ ਟੁੰਬਦੀ ਹੈ।
ਸੰਪਰਕ: 94646-28857

Advertisement
Author Image

joginder kumar

View all posts

Advertisement