ਪੰਜਾਬ ਸਰਕਾਰ 12 ਫਰਵਰੀ ਤੋਂ ਰੂਰਲ ਓਲੰਪਿਕਸ ਦੇ ਬੈਨਰ ਹੇਠ ਕਰਵਾਏਗੀ ਕਿਲਾ ਰਾਏਪੁਰ ਖੇਡ ਮੇਲਾ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 5 ਫਰਵਰੀ
ਖੇਡ ਜਗਤ ਵਿੱਚ ਮਿੰਨੀ ਓਲੰਪਿਕਸ ਵਜੋਂ ਜਾਣੇ ਜਾਂਦੇ ਕਿਲਾ ਰਾਏਪੁਰ ਖੇਡ ਮੇਲੇ ਦੀਆਂ ਸਾਰੀਆਂ ਕਿਆਸਅਰਾਈਆਂ ਤੋਂ ਪਰਦਾ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਇਹ ਤਿੰਨ ਦਿਨਾ ਖੇਡ ਮੇਲਾ ਆਉਂਦੇ ਸੋਮਵਾਰ ਤੋਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ ਪੁਰਾਤਤਵ ਅਤੇ ਅਜਾਇਬਘਰ ਵਿਭਾਗ, ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਪੋਸਟਰ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਅੱਜ ਜਾਰੀ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਡੀਸੀ ਲੁਧਿਆਣਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰੂਰਲ ਓਲੰਪਿਕਸ ਕਿਲਾ ਰਾਏਪੁਰ ਵਿਖੇ 12 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਖੇਡਾਂ ਦਾ ਕੈਲੰਡਰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਆਪਣੇ ਦਫ਼ਤਰ ਵਿਖੇ ਜਾਰੀ ਕਰ ਦਿੱਤਾ ਗਿਆ ਹੈ। ਖੇਡ ਮੇਲੇ ਦੇ ਕਨਵੀਨਰ ਅਤੇ ਏਡੀਸੀ ਲੁਧਿਆਣਾ ਅਨਮੋਲ ਸਿੰਘ ਧਾਲੀਵਾਲ ਨੇ ਪੋਸਟਰ ਜਾਰੀ ਹੋਣ ਤੋਂ ਬਾਅਦ ਦੱਸਿਆ ਕਿ ਆਉਂਦੇ ਸੋਮਵਾਰ ਨੂੰ ਹਾਕੀ ਦੇ ਮੈਚ ਅਤੇ ਟਰੈਕ ਈਵੈਂਟਾਂ ਨਾਲ ਤਿੰਨ ਦਿਨਾ ਮੇਲੇ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਖੇਡਾਂ ਦੌਰਾਨ ਲੜਕੇ ਅਤੇ ਲੜਕੀਆਂ ਦੇ ਹਾਕੀ, ਕਬੱਡੀ, ਕੁਸ਼ਤੀ, ਰੱਸਾਕਸ਼ੀ, ਸਾਈਕਲ, ਲੰਮੀ ਛਾਲ ਅਤੇ ਦਿਵਿਆਂਗਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਮੇਲੇ ਦੇ ਤਿੰਨੇ ਦਿਨ ਸ਼ਾਮ ਵੇਲੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਦੌਰਾਨ ਸੂਬੇ ਦੇ ਪ੍ਰਮੁੱਖ ਪੰਜਾਬੀ ਅਤੇ ਸੂਫੀ ਕਲਾਕਾਰ ਪੰਜਾਬ ਦੇ ਵਿਰਸੇ ਨੂੰ ਸੁਰਜੀਤ ਕਰਨਗੇ।