For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਜਨਵਰੀ ਵਿੱਚ ਕਰਵਾਏਗੀ ਨਿਗਮ ਤੇ ਕੌਂਸਲ ਚੋਣਾਂ

07:56 AM Nov 18, 2023 IST
ਪੰਜਾਬ ਸਰਕਾਰ ਜਨਵਰੀ ਵਿੱਚ ਕਰਵਾਏਗੀ ਨਿਗਮ ਤੇ ਕੌਂਸਲ ਚੋਣਾਂ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 17 ਨਵੰਬਰ
ਪੰਜਾਬ ਸਰਕਾਰ ਨੇ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ ਚੋਣਾਂ ਅਗਲੇ ਸਾਲ ਜਨਵਰੀ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ‘ਆਪ’ ਸਰਕਾਰ ਨੇ ਨਗਰ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਪੰਚਾਇਤੀ ਚੋਣਾਂ ਕਰਾਏ ਜਾਣ ਦੀ ਰੂਪ-ਰੇਖਾ ਉਲੀਕੀ ਹੈ। ਸੂਬਾ ਚੋਣ ਕਮਿਸ਼ਨ ਵੱਲੋਂ ਜਲਦ ਹੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ‘ਆਪ’ ਸਰਕਾਰ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਜੋ ਚੋਣਾਂ ਤੋਂ ਪਹਿਲਾਂ ਸਿਆਸੀ ਭਾਰ ਤੋਲਿਆ ਜਾ ਸਕੇ। ਅੰਮ੍ਰਿਤਸਰ ਅਤੇ ਪਟਿਆਲਾ ਵਿਚ ਪਹਿਲਾਂ ਹੀ ਇਹ ਪ੍ਰੋਗਰਾਮ ਹੋ ਚੁੱਕੇ ਹਨ ਜਦੋਂਕਿ ਭਲਕੇ ਹੁਸ਼ਿਆਰਪੁਰ ਹਲਕੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮਾਗਮਾਂ ਵਿਚ ਸ਼ਮੂਲੀਅਤ ਕਰ ਰਹੇ ਹਨ। ਵੇਰਵਿਆਂ ਅਨੁਸਾਰ ਹੁਸ਼ਿਆਰਪੁਰ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਵੱਡੀ ਸਿਆਸੀ ਰੈਲੀ ਕੀਤੀ ਜਾਣੀ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਰੈਲੀ ਧੂਰੀ ਵਿਚ ਹੋਵੇਗੀ। ਇਸੇ ਤਰ੍ਹਾਂ 20 ਦਸੰਬਰ ਤੱਕ ਸਾਰੇ ਲੋਕ ਸਭਾ ਹਲਕਿਆਂ ਵਿਚ ਪ੍ਰੋਗਰਾਮ ਕੀਤੇ ਜਾਣੇ ਹਨ। ਮੁੱਖ ਮੰਤਰੀ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਸ਼ਹੀਦੀ ਸਪਤਾਹ ਕਰਕੇ 20 ਦਸੰਬਰ ਤੋਂ 30 ਦਸੰਬਰ ਤੱਕ ਕੋਈ ਸਰਕਾਰੀ ਸਮਾਗਮ ਕਿਧਰੇ ਵੀ ਨਹੀਂ ਕਰਵਾਏ ਜਾਣਗੇ। ਅਹਿਮ ਸੂਤਰਾਂ ਨੇ ਦੱਸਿਆ ਕਿ ਲੋਹੜੀ ਤੋਂ ਬਾਅਦ ਨਗਰ ਕੌਂਸਲ ਚੋਣਾਂ ਹੋਣ ਦੀ ਸੰਭਾਵਨਾ ਹੈ ਜਿਸ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਇਹ ਚੋਣਾਂ ਇੱਕ ਦੂਸਰੇ ਤੋਂ ਥੋੜ੍ਹੇ ਵਕਫ਼ੇ ਵਿਚ ਹੀ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਨੇ ਪਹਿਲਾਂ 15 ਨਵੰਬਰ ਤੱਕ ਚੋਣਾਂ ਕਰਾਏ ਜਾਣ ਦੀ ਤਰੀਕ ਤੈਅ ਕੀਤੀ ਸੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਸੀ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਟੇਟ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਨਗਰ ਨਿਗਮਾਂ ’ਚੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮ ਦੀ ਚੋਣ ਹੋਵੇਗੀ। ਫਗਵਾੜਾ ਦੀ ਪਹਿਲੀ ਚੋਣ ਹੋਣੀ ਹੈ ਜਦੋਂਕਿ ਬਾਕੀ ਚਾਰ ਨਿਗਮਾਂ ਦੀ ਮਿਆਦ ਜਨਵਰੀ 2023 ਵਿਚ ਹੀ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਨਿਗਮਾਂ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ‘ਆਪ’ ਸਰਕਾਰ ਲਈ ਇਹ ਚੋਣਾਂ ਪ੍ਰੀਖਿਆ ਬਣਨਗੀਆਂ। ਚੋਣਾਂ ਦੀ ਤਿਆਰੀ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ‘ਸਰਕਾਰ-ਸਨਅਤਕਾਰ ਮਿਲਣੀ’ ਪ੍ਰੋਗਰਾਮ ਕੀਤੇ ਹਨ। ਆਮ ਆਦਮੀ ਪਾਰਟੀ ਵੱਲੋਂ ਵੱਡੇ ਸ਼ਹਿਰਾਂ ਵਿਚ ਚੋਣਾਂ ਦੀ ਤਿਆਰੀ ਵਜੋਂ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।

Advertisement

ਕੈਬਨਿਟ ਮੀਟਿੰਗ 20 ਨੂੰ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 20 ਨਵੰਬਰ ਨੂੰ ਹੋਵੇਗੀ ਜਿਸ ਵਿਚ ਸਰਦ ਰੁੱਤ ਇਜਲਾਸ ਬਾਰੇ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਰਾਜਪਾਲ ਨੇ ਲੰਘੇ ਕੱਲ੍ਹ ਹੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਮੁਲਤਵੀ ਕੀਤਾ ਹੈ। ਰਾਜਪਾਲ ਦੇ ਇਸ ਫ਼ੈਸਲੇ ਮਗਰੋਂ ਹੀ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ। ਇਸ ਕੈਬਨਿਟ ਮੀਟਿੰਗ ਵਿੱਚ ਸਰਦ ਰੁੱਤ ਇਜਲਾਸ ਬਾਰੇ ਹੀ ਮੁੱਖ ਏਜੰਡਾ ਰਹਿਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਸਰਦ ਰੁੱਤ ਇਜਲਾਸ 28 ਨਵੰਬਰ ਤੋਂ ਕਰਾਉਣ ਦੀ ਵਿਉਂਤ ਹੈ ਜੋ ਦੋ ਜਾਂ ਤਿੰਨ ਦਿਨਾਂ ਦਾ ਹੋ ਸਕਦਾ ਹੈ।

ਮਾਨ ਤੇ ਕੇਜਰੀਵਾਲ ਹੁਸ਼ਿਆਰਪੁਰ ’ਚ ਅੱਜ ਰੱਖਣਗੇ ਹਸਪਤਾਲ ਦਾ ਨੀਂਹ ਪੱਥਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ 900 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਹੁਸ਼ਿਆਰਪੁਰ ਵਿੱਚ ਰੱਖੇ ਸਮਾਗਮ ’ਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਹੋਣਗੇ। ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦਾ ਮੈਡੀਕਲ ਅਤੇ ਸਿਹਤ ਖੇਤਰ ਸੂਬਾ ਸਰਕਾਰ ਲਈ ਸਭ ਤੋਂ ਵੱਡੀ ਤਰਜੀਹ ਹੈ। ਸਿਹਤ ਤੇ ਸਿੱਖਿਆ ਪਾਰਟੀ ਦੇ ਦੋ ਮੁੱਖ ਏਜੰਡੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਦੋਵਾਂ ਸੈਕਟਰਾਂ ’ਚ ਕ੍ਰਾਂਤੀ ਲਿਆਂਦੀ ਅਤੇ ਹੁਣ ਪੰਜਾਬ ਦੀ ਵਾਰੀ ਹੈ। ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਕੇਜਰੀਵਾਲ ਹੁਸ਼ਿਆਰਪੁਰ ਵਿੱਚ ਨਵੇਂ ਸਰਕਾਰੀ ਮੈਡੀਕਲ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੋਆਬੇ ਦੇ 10 ਵਿਧਾਨ ਸਭਾ ਹਲਕਿਆਂ ਵਿੱਚ ਕਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਅਤੇ ਮੁਕੰਮਲ ਹੋਏ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਮੁੱਖ ਮੰਤਰੀ ਆਰਮੀ ਟਰੇਨਿੰਗ ਇੰਸਟੀਚਿਊਟ ਦਾ ਵੀ ਨੀਂਹ ਪੱਥਰ ਰੱਖਣਗੇ। ਹੁਸ਼ਿਆਰਪੁਰ ਦੇ ਦੋ ਪਿੰਡਾਂ ਵਿੱਚ ਸੀਵਰੇਜ ਅਤੇ ਵਾਟਰ ਸੈਨੀਟੇਸ਼ਨ ਦੇ ਨਵੇਂ ਪ੍ਰੋਜੈਕਟ ਲੱਗਣਗੇ।

Advertisement
Author Image

Advertisement
Advertisement
×