ਬੇਗ਼ਮ ਮੁਨੱਵਰ-ਉਲ-ਨਿਸਾ ਦਾ ‘ਸ਼ੀਸ਼ ਮਹਿਲ’ ਅਪਣਾਏਗੀ ਪੰਜਾਬ ਸਰਕਾਰ
ਮਹੇਸ਼ ਸ਼ਰਮਾ/ਹੁਸ਼ਿਆਰ ਰਾਣੂ
ਮਾਲੇਰਕੋਟਲਾ, 26 ਅਕਤੂਬਰ
ਮਾਲੇਰਕੋਟਲਾ ਦੇ ਮਰਹੂਮ ਨਵਾਬ ਇਫ਼ਤਿਖਾਰ ਅਲੀ ਖਾਨ ਦੀ ਆਖ਼ਰੀ ਬੇਗਮ ਮੁਨੱਵਰ-ਉਲ-ਨਿਸਾ ਦੀ ਮੌਤ ਤੋਂ ਸਾਲ ਬਾਅਦ ਉਨ੍ਹਾਂ ਦੇ ਨਾਮ ਚੱਲ ਤੇ ਅਚੱਲ ਜਾਇਦਾਦ ਦਾ ਕੋਈ ਕਾਨੂੰਨੀ ਵਾਰਸ ਨਹੀਂ ਸੀ ਪਰ ਹੁਣ ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਨੇ ਬੇਗਮ ਦੀ ਸਾਰੀ ਜਾਇਦਾਦ ਪੰਜਾਬ ਸਰਕਾਰ ਦੇ ਨਾਂ ’ਤੇ ਟਰਾਂਸਫਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਕਰੋੜਾਂ ਰੁਪਏ ਦੀ ਕੀਮਤ ਦੇ ਸ਼ੀਸ਼ ਮਹਿਲ ਤੋਂ ਇਲਾਵਾ 1.20 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਰਕਮ ਵੀ ਸ਼ਾਮਲ ਹੈ।
27 ਅਕਤੂਬਰ 2023 ਨੂੰ 103 ਸਾਲ ਦੀ ਉਮਰ ਵਿੱਚ ਬੇਗਮ ਮੁਨੱਵਰ-ਉਲ-ਨਿਸਾ ਦੀ ਮੌਤ ਹੋ ਗਈ ਸੀ। ਉਨ੍ਹਾਂ ਆਪਣੀ ਕੋਈ ਕਾਨੂੰਨੀ ਵਾਰਸ ਨਹੀਂ ਥਾਪਿਆ ਸੀ, ਜਿਸ ਮਗਰੋਂ ‘ਮੁਬਾਰਕ ਮੰਜ਼ਿਲ ਮਹਿਲ’ ਵਜੋਂ ਜਾਣਿਆ ਜਾਂਦਾ ਸ਼ੀਸ਼ ਮਹਿਲ ਖਸਤਾ ਹਾਲਤ ਵਿੱਚ ਪਿਆ ਹੈ। ਇਲਾਕੇ ਦੇ ਲੋਕ ਮਾਲੇਰਕੋਟਲਾ ਦੀ ਇਸ ਇਤਿਹਾਸਕ ਅਤੇ ਵਿਰਾਸਤੀ ਇਮਾਰਤ ਨੂੰ ਸੰਭਾਲਣ ਦੀ ਮੰਗ ਕਰ ਰਹੇ ਸਨ। ਇਹ ਵੀ ਦੱਸਿਆ ਗਿਆ ਹੈ ਕਿ ਮਰਹੂਮ ਬੇਗਮ ਦਾ ਕੋਈ ਕਾਨੂੰਨੀ ਵਾਰਿਸ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟਾਇਆ ਕਿ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਇਮਾਰਤਾਂ ਨੂੰ ਸੰਭਾਲਣ ਅਤੇ ਵਿਕਸਤ ਕਰਨ ਵਿੱਚ ਢੁਕਵੇਂ ਕਦਮ ਨਹੀਂ ਚੁੱਕੇ।
ਪਿਛਲੇ ਚਾਰ ਦਹਾਕਿਆਂ ਦੌਰਾਨ ਮਹਿਲ ਕਾਫੀ ਖ਼ਸਤਾ ਹਾਲ ਹੋ ਗਿਆ। ਬੇਗਮ ਮੁਨੱਵਰ-ਉਲ-ਨਿਸਾ ਵੀ ਮੁਬਾਰਕ ਮੰਜ਼ਿਲ ਪੈਲੇਸ ਦੀ ਪੁਰਾਣੀ ਸ਼ਾਨ ਬਹਾਲ ਦੇਖਣ ਨੂੰ ਤਰਸ ਗਈ ਅਤੇ ਆਪਣੀ ਅੰਤਿਮ ਇੱਛਾ ਪੂਰੀ ਹੋਣ ਤੋਂ ਪਹਿਲਾਂ ਹੀ ਸੰਸਾਰ ਤੋਂ ਰੁਖ਼ਸਤ ਹੋ ਗਈ। 2021 ਵਿੱਚ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਮਹਿਲ ਐਕੁਆਇਰ ਕਰਨ ਅਤੇ ਇਸ ਦੀ ਸੰਭਾਲ ਕਰਨ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਸੀ ਕਿ ਪੁਰਾਤਨ ਸ਼ੈਲੀ ਵਿੱਚ ਬਣੇ ਇਸ ਮਹਿਲ ਨੂੰ ਨਵੀਂ ਜ਼ਿੰਦਗੀ ਮਿਲੇਗੀ ਪਰ ਇਸ ਦੀ ਸੰਭਾਲ ਦਾ ਕੰਮ ਕਦੇ ਸ਼ੁਰੂ ਨਹੀਂ ਹੋਇਆ।
ਡੀਸੀ ਵੱਲੋਂ ਅਜਾਇਬ ਘਰ ਦੇ ਡਾਇਰੈਕਟਰ ਤੇ ਲੋਕ ਨਿਰਮਾਣ ਵਿਭਾਗ ਨੂੰ ਮੀਟਿੰਗ ਲਈ ਸੱਦਾ
ਸ਼ਾਹੀ ਪਰਿਵਾਰ ਦੀ ਜਾਇਦਾਦ ਦਾ ਇੱਕ ਹਿੱਸਾ, ਜਿਸ ਨੂੰ ਅਸਲ ਸ਼ੀਸ਼ ਮਹਿਲ ਵਜੋਂ ਜਾਣਿਆ ਜਾਂਦਾ ਹੈ, ਪਹਿਲਾਂ ਹੀ ਕਾਨੂੰਨੀ ਝਗੜਿਆਂ ਕਾਰਨ ਢਹਿ-ਢੇਰੀ ਹੋ ਰਿਹਾ ਹੈ। ਮਾਲੇਰਕੋਟਲਾ ਦੇ ਡੀਸੀ ਦਫ਼ਤਰ ਵੱਲੋਂ ਜਾਰੀ ਪੱਤਰ ਰਾਹੀਂ ਸਭਿਆਚਾਰਕ ਮਾਮਲੇ, ਪੁਰਾਤਤਵ ਅਤੇ ਅਜਾਇਬ ਘਰ ਚੰਡੀਗੜ੍ਹ ਦੇ ਡਾਇਰੈਕਟਰ, ਲੋਕ ਨਿਰਮਾਣ ਵਿਭਾਗ ਮਾਲੇਰਕੋਟਲਾ ਦੇ ਕਾਰਜਕਾਰੀ ਇੰਜਨੀਅਰ ਅਤੇ ਨਗਰ ਕੌਂਸਲ ਮਾਲੇਰਕੋਟਲਾ ਦੇ ਕਾਰਜਕਾਰੀ ਇੰਜਨੀਅਰ ਨੂੰ 5 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਮਰਹੂਮ ਬੇਗਮ ਦੀ ਜਾਇਦਾਦ ਪੰਜਾਬ ਸਰਕਾਰ ਦੇ ਨਾਂ ਤਬਦੀਲ ਕਰਕੇ ਕਬਜ਼ਾ ਦੇਣ ਬਾਰੇ ਗੱਲ ਕੀਤੀ ਜਾਵੇਗੀ।