ਕਿਸਾਨ ਬੀਬੀਆਂ ਦੀ ਕਾਨਫਰੰਸ ਵਿੱਚ ਪੰਜਾਬ ਸਰਕਾਰ ਨੂੰ ਭੰਡਿਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 15 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਥੇਬੰਦੀ ਦੀ ਇਸਤਰੀ ਵਿੰਗ ਦੀ ਕਾਨਫਰੰਸ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਹੋਣ ਦੀ ਆਵਾਜ਼ ਉਠਾਈ ਗਈ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਪ੍ਰਧਾਨਗੀ ਵਿੱਚ ਉਗਰਾਹਾਂ ਦੇ ਡੇਰਾ ਟੀਕਮ ਦਾਸ ਵਿਖੇ ਹੋਈ ਕਾਨਫਰੰਸ ਵਿੱਚ ਔਰਤ ਵਿੰਗ ਦੇ ਆਗੂ ਕਮਲਜੀਤ ਕੌਰ ਬਰਨਾਲਾ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪਹੁੰਚੇ। ਕਾਨਫਰੰਸ ਵਿੱਚ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ’ਤੇ ਕਾਬਜ਼ ਹੋਣ ’ਤੇ ਫੌਰੀ ਬਾਅਦ ਕਿਸਾਨ ਜਥੇਬੰਦੀਆਂ ਤੋਂ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਸੁਝਾਅ ਮੰਗੇ ਸਨ ਅਤੇ ਨੀਤੀ ਦਾ ਪੁਲੰਦਾ ਤਿਆਰ ਕਰ ਕੇ ਲੋਕ ਪੱਖੀ ਨੀਤੀ ਬਣਾਉਣ ਲਈ ਪੇਸ਼ਕਸ਼ ਭੇਜ ਦਿੱਤੀ ਗਈ ਸੀ। ਆਗੂਆਂ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜੇ ਤਕ ਕੋਈ ਖੇਤੀ ਨੀਤੀ ਨਹੀਂ ਬਣਾਈ। ਉਨ੍ਹਾਂ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 21 ਜਨਵਰੀ ਤੱਕ ਨਵੀਂ ਕਿਸਾਨ ਪੱਖੀ ਨੀਤੀ ਨਾ ਬਣਾਈ ਤਾਂ 22 ਜਨਵਰੀ ਤੋਂ 26 ਜਨਵਰੀ ਤੱਕ ਪੰਜਾਬ ਦੇ ਸਾਰੇ ਡੀਸੀ ਹੈੱਡਕੁਆਰਟਰਾਂ ’ਤੇ ਪੱਕੇ ਮੋਰਚੇ ਲਾਏ ਜਾਣਗੇ। ਬੁਲਾਰਿਆਂ ਕਿਹਾ ਕਿ ਮੋਰਚਿਆਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਲੈਂਡ ਮਾਰਗੇਜ ਬੈਂਕਾਂ, ਹਾਊਸਫੈੱਡ ਬੈਂਕਾਂ ਅਤੇ ਹੋਰ ਅਦਾਰਿਆਂ ਦਾ ਸਮੁੱਚਾ ਕਿਸਾਨੀ ਅਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਦੀ ਵੀ ਮੰਗ ਉਠਾਈ ਜਾਵੇਗੀ। ਕਾਨਫਰੰਸ ਦੌਰਾਨ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਨੀਆਂ ਮੰਗਾਂ ਪੂਰੀਆਂ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ।