For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਰਕਾਰ ਨੇ ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਨਾਮਨਜ਼ੂਰ ਕੀਤਾ

06:37 AM May 08, 2024 IST
ਪੰਜਾਬ ਸਰਕਾਰ ਨੇ ਆਈਏਐੱਸ ਪਰਮਪਾਲ ਕੌਰ ਦਾ ਅਸਤੀਫ਼ਾ ਨਾਮਨਜ਼ੂਰ ਕੀਤਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਈ
ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਤੇ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਆਈਏਐੱਸ ਅਧਿਕਾਰੀ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਆਈਏਐੱਸ ਅਧਿਕਾਰੀ ਨੂੰ ਨੋਟਿਸ ਜਾਰੀ ਕਰਦਿਆਂ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਪੱਤਰ ਵਿੱਚ ਕਿਹਾ ਹੈ ਕਿ ਆਈਏਐੱਸ ਅਧਿਕਾਰੀ ਨੇ ਵੀਆਰਐੱਸ ਅਪਲਾਈ ਕਰਦੇ ਹੋਏ ਤਿੰਨ ਮਹੀਨੇ ਦੇ ਨੋਟਿਸ ਪੀਰੀਅਡ ਨੂੰ ਮੁਆਫ ਕਰਨ ਦੀ ਮੰਗ ਕੀਤੀ ਸੀ। ਇਸ ਪੱਤਰ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਾਂ 81 ਸਾਲ ਦੇ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਘਰ ਵਿੱਚ ਕੋਈ ਹੋਰ ਨਾ ਹੋਣ ਕਰਕੇ ਦੇਖਭਾਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵੀਆਰਐੱਸ ਲਈ ਤਿੰਨ ਮਹੀਨੇ ਦਾ ਨੋਟਿਸ ਪੀਰੀਅਡ ਮੁਆਫ ਕੀਤਾ ਜਾਵੇ। ਸੂਬਾ ਸਰਕਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਤੁਹਾਡਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ, ਪਰ ਨਿਯਮਾਂ ਅਨੁਸਾਰ ਤਿੰਨ ਮਹੀਨੇ ਦਾ ਨੋਟਿਸ ਪੀਰੀਅਡ ਮੁਆਫ ਕਰਨ ਦਾ ਅਧਿਕਾਰ ਸੂਬਾ ਸਰਕਾਰ ਕੋਲ ਹੈ। ਪੱਤਰ ਵਿੱਚ ਸੂਬਾ ਸਰਕਾਰ ਨੇ ਕਿਹਾ ਕਿ ਆਈਏਐੱਸ ਅਧਿਕਾਰੀ ਨੇ ਆਪਣੇ ਪੱਤਰ ਵਿੱਚ ਜੋ ਕਾਰਨ ਦੱਸੇ ਸਨ, ਉਹ ਉਸ ਦੇ ਉਲਟ ਬਠਿੰਡਾ ਵਿਖੇ ਇਕ ਮਹੀਨੇ ਤੋਂ ਰਾਜਸੀ ਗਤੀਵੀਧੀਆਂ ਵਿੱਚ ਸ਼ਾਮਲ ਹੋ ਰਹੇ ਹਨ। ਸੂਬਾ ਸਰਕਾਰ ਨੇ ਕਿਹਾ ਕਿ ਪੰਜਾਬ ਵਿੱਚ 231 ਆਈਏਐੱਸ ਅਧਿਕਾਰੀਆਂ ਦੀਆਂ ਅਸਾਮੀਆਂ ਹਨ, ਪਰ ਤਾਇਨਾਤ 192 ਹਨ। ਇਸ ਲਈ ਹੋਰਨਾਂ ਅਧਿਕਾਰੀਆਂ ਨੂੰ ਵਾਧੂ ਚਾਰਜ ਦੇਣੇ ਪੈ ਰਹੇ ਹਨ। ਸੂਬਾ ਸਰਕਾਰ ਨੇ ਕਿਹਾ ਕਿ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਨੇ ਐੱਮਡੀ ਪੀਐੱਸਆਈਡੀਸੀ ਦੇ ਅਹੁਦਾ ਗਲਤ ਢੰਗ ਨਾਲ ਛੱਡਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×