ਲੋਕ ਨਿਰਮਾਣ ਵਿਭਾਗ ਵੱਲੋਂ ਮਨੌਲੀ ਸੂਰਤ ਨੇੜੇ ਸੜਕ ’ਤੇ ਪਿਆ ਪਾੜ ਪੂਰਨ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ
ਬਨੂੜ, 26 ਜੁਲਾਈ
ਬਨੂੜ ਅਤੇ ਲਾਲੜੂ ਵਿਚਾਲੇ ਸੰਪਰਕ ਅਗਲੇ ਤਿੰਨ-ਚਾਰ ਦਨਿਾਂ ਵਿੱਚ ਬਹਾਲ ਹੋ ਜਾਵੇਗਾ। ਪਿੰਡ ਮਨੌਲੀ ਸੂਰਤ ਨੇੜੇ ਘੱਗਰ ਦੇ ਪਾਣੀ ਨਾਲ 10 ਜੁਲਾਈ ਨੂੰ ਚੋਏ ਦਾ ਪੁਲ ਟੁੱਟ ਗਿਆ ਸੀ ਤੇ ਸੜਕ ਦੇ ਦੋਵੇਂ ਪਾਸੇ 30-30 ਫੁੱਟ ਡੂੰਘਾ ਪਾੜ ਪੈ ਗਿਆ ਸੀ। ਉਸੇ ਦਨਿ ਤੋਂ ਇਸ ਮਾਰਗ ’ਤੇ ਆਵਾਜਾਈ ਠੱਪ ਪਈ ਹੈ। ਪਿੰਡ ਵਾਸੀਆਂ ਵੱਲੋਂ ਇੱਕ ਆਰਜ਼ੀ ਰਸਤੇ ਦੀ ਉਸਾਰੀ ਕੀਤੀ ਗਈ ਸੀ ਪਰ ਉਸ ਉੱਤੋਂ ਵੀ ਸਿਰਫ਼ ਦੋਪਹੀਆ ਵਾਹਨ ਹੀ ਲੰਘਦੇ ਸਨ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮਨਪ੍ਰੀਤ ਸਿੰਘ ਦੂਆ ਅਤੇ ਐੱਸਡੀਓ ਜਸਪਾਲ ਸਿੰਘ ਨੇ ਅੱਜ ਪਾੜ ਵਾਲੀ ਥਾਂ ’ਤੇ ਪਹੁੰਚ ਕੇ ਮੀਟਿੰਗ ਕੀਤੀ। ਪਿੰਡ ਵਾਸੀਆਂ ਨੇ ਇੱਥੇ ਵੱਡੇ ਪੁਲ ਦੀ ਉਸਾਰੀ ਦੀ ਮੰਗ ਕੀਤੀ। ਅਧਿਕਾਰੀਆਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਤਜਵੀਜ਼ ਭੇਜਣ ਦਾ ਭਰੋਸਾ ਦਿੱਤਾ ਹੈ। ਹਾਲ ਦੀ ਘੜੀ ਸਬੰਧਿਤ ਪਾੜ ਵਿੱਚ 18 ਪਾਈਪ ਪਾ ਕੇ ਪਾੜ ਪੂਰਨ ਅਤੇ ਇਸ ’ਤੇ ਸੜਕ ਬਣਾਉਣ ਦਾ ਕੰਮ ਆਰੰਭ ਦਿੱਤਾ ਗਿਆ ਹੈ। ਐਕਸੀਅਨ ਨੇ ਦਾਅਵਾ ਕੀਤਾ ਕਿ ਪ੍ਰਾਜੈਕਟ ਤਿੰਨ-ਚਾਰ ਦਨਿ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।