ਜਨ ਹਿੱਤ ਕਮੇਟੀ ਨੇ ਡੀਐੱਸਪੀ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ
ਪੱਤਰ ਪ੍ਰੇਰਕ
ਖਰੜ, 15 ਨਵੰਬਰ
ਇੱਥੇ ਅੱਜ ਜਨ ਹਿੱਤ ਵਿਕਾਸ ਕਮੇਟੀ ਖਰੜ ਦਾ ਅੱਠ ਮੈਂਬਰੀ ਵਫ਼ਦ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਜਨਰਲ ਸਕੱਤਰ ਬ੍ਰਜਿਮੋਹਣ ਸ਼ਰਮਾ ਦੀ ਅਗਵਾਈ ਵਿੱਚ ਡੀਐੱਸਪੀ ਖਰੜ ਕਰਨ ਸਿੰਘ ਸੰਧੂ ਨੂੰ ਮਿਲਿਆ। ਵਫ਼ਦ ਨੇ ਡੀਐੱਸਪੀ ਦੇ ਧਿਆਨ ਵਿੱਚ ਲਿਆਂਦਾ ਕੇ ਦੁਕਾਨਾਂ ਵਾਲਿਆਂ ਨੇ ਸੜਕਾਂ ’ਤੇ ਸਾਮਾਨ ਰੱਖਿਆ ਹੋਣ ਕਰ ਕੇ ਸੜਕਾਂ ’ਤੇ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ ਜਿਸ ਕਾਰਨ ਰੋਜ਼ਾਨਾ ਜਾਮ ਵਾਲੀ ਸਮੱਸਿਆ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸਬਜ਼ੀ ਵਿਕਰੇਤਾ ਤੇ ਹੋਰ ਤਰ੍ਹਾਂ-ਤਰ੍ਹਾਂ ਦਾ ਸਾਮਾਨ ਵੇਚਣ ਵਾਲੇ ਬਿਨਾਂ ਇਜਾਜ਼ਤ ਰੇਹੜੀਆਂ ’ਤੇ ਰੱਖ ਕੇ ਸਪੀਕਰ ਚਲਾਏ ਜਾਂਦੇ ਹਨ ਜਿਸ ਕਾਰਨ ਸਾਰਾ ਦਿਨ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਲੋਕਾਂ ਦਾ ਘਰਾਂ ਵਿੱਚ ਆਰਾਮ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਇਕ ਹੋਰ ਵੱਡੀ ਸਮੱਸਿਆ ਵਿਆਹ ਸ਼ਾਦੀਆਂ ਵੇਲੇ ਦੇਰ ਰਾਤ ਤੱਕ ਡੀਜੇ ਚੱਲਣ ਕਰ ਕੇ ਆਉਂਦੀ ਹੈ। ਡੀਐੱਸਪੀ ਨੇ ਵਫਦ ਨੂੰ ਧਿਆਨ ਨਾਲ ਸੁਣਨ ਉਪਰੰਤ ਸ਼ਹਿਰ ਦਾ ਪ੍ਰਬੰਧ ਚਲਾ ਰਹੇ ਥਾਣਾ ਸਿਟੀ ਦੇ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਲੀਆਂ ਵਿੱਚ ਬਿਨਾਂ ਇਜਾਜ਼ਤ ਸਪੀਕਰ ਚਲਾਉਣੇ ਤੁਰੰਤ ਬੰਦ ਕਰਵਾਏ ਜਾਣ। ਉਨ੍ਹਾਂ ਵਿਆਹਾਂ ਵਿੱਚ ਵੀ ਰਾਤ 10 ਵਜੇ ਤੋਂ ਬਾਅਦ ਡੀਜੇ ਬੰਦ ਕਰਾਉਣ ਦਾ ਭਰੋਸਾ ਦਿਵਾਇਆ।