For the best experience, open
https://m.punjabitribuneonline.com
on your mobile browser.
Advertisement

ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ...

08:59 AM Nov 25, 2023 IST
ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ
Advertisement

ਮਨਦੀਪ ਸਿੰਘ ਸਿੱਧੂ

ਕੁਲਦੀਪ ਮਾਣਕ ਉਹ ਮਹਾਨ ਗਵੱਈਆ ਸੀ ਜਿਸ ਨੇ ਲੋਕ ਗਾਥਾਵਾਂ ਦੇ ਕਿੱਸਿਆਂ ਨੂੰ ਗਾ ਕੇ ਲੋਕ ਦਿਲਾਂ ’ਚ ਜਗ੍ਹਾ ਬਣਾਈ। ਉਹ ਪੰਜਾਬੀ ਗਾਇਕੀ ਦੀ ਹਰ ਵੰਨਗੀ ਵਿੱਚ ਗਾ ਸਕਣ ਦੀ ਕਾਬਲੀਅਤ ਰੱਖਣ ਵਾਲਾ ਗਾਇਕ ਸੀ। ਉਸ ਨੇ ਲੋਕ-ਗਾਥਾਵਾਂ ਦੇ ਨਾਲ-ਨਾਲ ਹੋਰ ਵੀ ਗੀਤ ਗਾ ਕੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਪਣੀ ਬੁਲੰਦ ਆਵਾਜ਼ ਨਾਲ ਉਸ ਨੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ’ਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਥਾਂ ਬਣਾਈ ਜੋ ਅੱਜ ਤੱਕ ਕਾਇਮ ਹੈ।
ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿੱਚ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਪਿਤਾ ਨਿੱਕੇ ਖ਼ਾਨ ਤੇ ਮਾਤਾ ਬਚਨੀ ਦੇ ਘਰ ਹੋਇਆ। ਮਾਣਕ ਦਾ ਅਸਲ ਨਾਮ ਮੁਹੰਮਦ ਲਤੀਫ਼ ਸੀ, ਜਿਸ ਨੂੰ ਘਰ ਦੇ ‘ਲੱਧਾ’ ਅਤੇ ਪਿੰਡ ਵਾਲੇ ਮੁਹੰਮਦ ਲਤੀਫ਼ ‘ਮਣਕਾ’ ਕਹਿ ਕੇ ਮੁਖ਼ਾਤਬਿ ਹੁੰਦੇ ਸਨ। 1964 ਵਿੱਚ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਫ਼ਰੀਦਕੋਟ ਦੇ ਖੇਡ ਮੇਲੇ ਵਿੱਚ ਭਾਗ ਲੈਣ ਪਹੁੰਚੇ ਤਾਂ ਉਨ੍ਹਾਂ ਦੀ ਆਮਦ ਵਿੱਚ ਮਣਕੇ ਨੇ ਇੱਕ ਲੋਕ ਗੀਤ ਸੁਣਾਇਆ, ਜਿਸ ਦੇ ਬੋਲ ਸਨ ‘ਜੱਟਾ ਓਏ ਜੱਟਾ ਭੋਲ਼ਿਆ ਜੱਟਾ, ਤੇਰੇ ਸਿਰ ਵਿੱਚ ਪੈਂਦਾ ਘੱਟਾ, ਅੱਖਾਂ ਖੋਲ੍ਹ ਓਏ, ਵਿਹਲੜ ਬੰਦੇ ਮੌਜਾਂ ਮਾਣਦੇ’। ਇਸ ਗੀਤ ਤੋਂ ਪ੍ਰਭਾਵਿਤ ਹੁੰਦਿਆਂ ਸ. ਕੈਰੋਂ ਨੇ ਕਿਹਾ, ‘‘ਇਹ ‘ਮਣਕਾ’ ਨਹੀਂ ‘ਮਾਣਕ’ ਹੈ, ‘ਕੁਲ’ ਦਾ ‘ਦੀਪ’ ਹੈ।’’ ਉਸ ਤੋਂ ਬਾਅਦ ਸਕੂਲ ਅਧਿਆਪਕ ਨੇ ਸਕੂਲ ਦੇ ਰਿਕਾਰਡ ਵਿੱਚ ਉਸ ਦਾ ਨਾਮ ਬਦਲ ਕੇ ਕੁਲਦੀਪ ਮਾਣਕ ਦਰਜ ਕਰ ਦਿੱਤਾ। ਇਸ ਤੋਂ ਬਾਅਦ ਮਾਣਕ ਨੇ ਲੋਕ ਗਾਇਕੀ ਦੀ ਦੁਨੀਆ ਵਿੱਚ ਜੋ ਇਤਿਹਾਸ ਸਿਰਜਿਆ ਉਸ ਤੋਂ ਸਭ ਜਾਣੂ ਹਨ। ਸਕੂਲ ਅਧਿਆਪਕਾਂ ਵੱਲੋਂ ਮਿਲੀ ਗਾਉਣ ਦੀ ਹੱਲਾਸ਼ੇਰੀ ਨੇ ਉਸ ਨੂੰ ਉਸਤਾਦ ਖ਼ੁਸ਼ੀ ਮੁਹੰਮਦ ਕੱਵਾਲ (ਭੁੱਟੀਵਾਲਾ) ਦੇ ਚਰਨੀਂ ਲਾ ਦਿੱਤਾ। ਸੰਗੀਤ ਦੀ ਦੁਨੀਆ ਨੂੰ ਪੱਕੇ ਤੌਰ ਉੱਤੇ ਸਮਰਪਿਤ ਹੁੰਦਿਆਂ ਮਾਣਕ ਨੇ ਸੰਗੀਤ ਦੇ ਮੱਕੇ ਲੁਧਿਆਣਾ ਦਾ ਰੁਖ਼ ਕੀਤਾ। ਇੱਥੇ ਪਹੁੰਚ ਕੇ ਉਹ ਮਾਲਵੇ ਦੇ ਮਕਬੂਲ ਫ਼ਨਕਾਰ ਹਰਚਰਨ ਗਰੇਵਾਲ ਦੀ ਸੰਗੀਤਕ ਮੰਡਲੀ ਨਾਲ ਤੂੰਬੀ ਵਜਾਉਣ ਲੱਗਾ।
ਇੰਜ ਹੀ ਸੰਘਰਸ਼ ਭਰੇ ਦੌਰ ’ਚੋਂ ਲੰਘਦਿਆਂ ਕੁਲਦੀਪ ਮਾਣਕ ਦੀ ਜ਼ਿੰਦਗੀ ਵਿੱਚ ਇੱਕ ਖ਼ੂਬਸੂਰਤ ਮੋੜ ਆਇਆ, ਜਿਸ ਨੇ ਉਸ ਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਦਿੱਤਾ। ਇੱਕ ਦਿਨ ਹਰਚਰਨ ਗਰੇਵਾਲ ਨੇ ਸਾਥੀ ਗਾਇਕਾ ਸੁਰਿੰਦਰ ਸੀਮਾ ਨਾਲ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਾਉਣ ਦਿੱਲੀ ਜਾਣਾ ਸੀ। ਸਬੱਬੀਂ ਉਹ ਮਾਣਕ ਨੂੰ ਵੀ ਆਪਣੇ ਨਾਲ ਲੈ ਗਏ। ਉੱਥੇ ਗਰੇਵਾਲ ਦੇ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਸੀ ਕਿ ਉਹ ਰੋਟੀ ਖਾਣ ਚਲੇ ਗਏ। ਰਿਕਾਰਡਿੰਗ ਸਟੂਡੀਓ ਵਿੱਚ ਬੈਠਾ 17 ਸਾਲਾ ਮਾਣਕ ਕੋਈ ਗੀਤ ਗੁਣ-ਗੁਣਾ ਰਿਹਾ ਸੀ। ਜਦੋਂ ਇਹ ਆਵਾਜ਼ ਕੋਲੰਬੀਆ ਕੰਪਨੀ ਦੇ ਰਿਕਾਰਡਿੰਗ ਡਾਇਰੈਕਟਰ ਦੇ ਕੰਨੀਂ ਪਈ ਤਾਂ ਉਹ ਬੜੇ ਪ੍ਰਭਾਵਿਤ ਹੋਏ। ਉਨ੍ਹਾਂ ਤੁਰੰਤ ਸੁਰਿੰਦਰ ਸੀਮਾ ਨਾਲ ਉਸ ਦੇ 2 ਗੀਤਾਂ ਦੀ ਰਿਕਾਰਡਿੰਗ ਕਰ ਲਈ। 1968 ਵਿੱਚ ਗ੍ਰਾਮੋਫੋਨ ਕੰਪਨੀ ਕੋਲੰਬੀਆ ਵੱਲੋਂ ਰਿਲੀਜ਼ ਇਨ੍ਹਾਂ ਗੀਤਾਂ ’ਚੋਂ ਗੁਰਦੇਵ ਸਿੰਘ ਮਾਨ ਦੇ ਲਿਖੇ ਗੀਤ ਦੇ ਬੋਲ ਹਨ: ‘ਚਿੱਟਿਆਂ ਦੰਦਾਂ ’ਤੇ ਪੈ ਗਈ ਬਰੇਤੀ, ਡੂੰਘੇ ਪੈ ਗਏ ਘਾਸੇ/ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ’ ਤੇ ਦੂਜਾ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਸੀ: ‘ਬਾਰੀ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਇਆ ਖੰਡ ਦੀ ਪੁੜੀ, ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ’।ਇਨ੍ਹਾਂ ਦੋਵਾਂ ਗੀਤਾਂ ਦੀਆਂ ਤਰਜ਼ਾਂ ਨਾਮੀ ਸੰਗੀਤਕਾਰ ਕੇਸਰ ਸਿੰਘ ਨਰੂਲਾ (ਪਿਤਾ ਜਸਪਿੰਦਰ ਨਰੂਲਾ) ਨੇ ਬਣਾਈਆਂ ਸਨ। ਇਹ ਮਾਣਕ ਦੇ ਫ਼ਨੀ ਸਫ਼ਰ ਦਾ ਪਹਿਲਾ ਪੱਥਰ ਦਾ ਰਿਕਾਰਡ ਸੀ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ। ਉਸ ਦਾ ਪਹਿਲਾ 45 ਆਰਪੀਐੱਮ ਦਾ ਈਪੀ ਰਿਕਾਰਡ 1973 ਵਿੱਚ ਓਡੀਅਨ ਕੰਪਨੀ ਨੇ ‘ਪੰਜਾਬ ਦੀਆਂ ਲੋਕ ਗਥਾਵਾਂ’ ਦੇ ਨਾਮ ਹੇਠ ਜਾਰੀ ਕੀਤਾ। ਇਸ ਰਿਕਾਰਡ ’ਚ ਹਰਦੇਵ ਦਿਲਗੀਰ ਦੇ ਲਿਖੇ ‘ਜੈਮਲ ਫੱਤਾ’, ‘ਦੁੱਲਾ ਭੱਟੀ’, ‘ਹੀਰ ਦੀ ਕਲੀ’ ਤੇ ‘ਰਾਜਾ ਰਸਾਲੂ’ ਦਾ ਸੰਗੀਤ ਰਾਮ ਸਰਨ ਦਾਸ ਨੇ ਤਿਆਰ ਕੀਤਾ ਸੀ।
1976 ਵਿੱਚ ਗ੍ਰਾਮੋਫੋਨ ਕੰਪਨੀ ਈਐੱਮਆਈ (ਇੰਡੀਆ) ਨੇ ਕੁਲਦੀਪ ਮਾਣਕ ਦੇ ਗਾਏ 11 ਗੀਤਾਂ ਦਾ ਐੱਲ. ਪੀ. ਰਿਕਾਰਡ ‘ਤੂੰਬੀ ਉੱਤੇ ਪੰਜਾਬ ਦੇ ਅਮਰ ਗੀਤ’ ਸਿਰਲੇਖ ਹੇਠ ਜਾਰੀ ਕੀਤਾ। ਹਰਦੇਵ ਦਿਲਗੀਰ ਦੇ ਲਿਖੇ ਤੇ ਕੇਸਰ ਸਿੰਘ ਨਰੂਲਾ ਦੇ ਸੰਗੀਤਬੱਧ ਕੀਤੇ ਕੁੱਝ ਮਸ਼ਹੂਰ ਗੀਤ ‘ਚਿੱਠੀਆਂ ਸਾਹਿਬਾ ਜੱਟੀ ਨੇ’, ‘ਝੂਟਦੀਆਂ ਮਲਕੀ ਨਾਲ ਮੁਟਿਆਰਾਂ ਪੀਘਾਂ ਝੂਟਦੀਆਂ’, ‘ਇੱਕ ਜੋਗੀ ਟਿੱਲਿਓਂ ਆ ਗਿਆ’, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’ ਆਦਿ ਤੋਂ ਇਲਾਵਾ ‘ਤੇਰੇ ਟਿੱਲੇ ’ਚੋਂ ਉਹ ਸੂਰਤ ਦੀਂਹਦੀ ਆ ਹੀਰ ਦੀ’ (ਕਲੀ) ਗੀਤ ਬੜਾ ਹਿੱਟ ਹੋਇਆ। 1978 ਵਿੱਚ ਗ੍ਰਾਮੋਫੋਨ ਕੰਪਨੀ ਇਨਰੀਕੋ ਨੇ ਉਸ ਦੀ ਆਵਾਜ਼ ’ਚ 12 ਗੀਤਾਂ ਦਾ ਐੱਲ. ਪੀ. ਰਿਕਾਰਡ ‘ਪੰਜਾਬ ਦੇ ਲੋਕ ਗੀਤ-ਇਸ਼ਕ ਤੰਦੂਰ ਹੱਡਾਂ ਦਾ ਬਾਲਣ’ ਦੇ ਸਿਰਲੇਖ ਹੇਠ ਜਾਰੀ ਕੀਤਾ। ਇਸ ਤੋਂ ਬਾਅਦ ਉਸ ਦੀ ਗੱਡੀ ਰੁੜ੍ਹ ਪਈ।
ਹੁਣ ਮਾਣਕ ਦੀ ਮਕਬੂਲੀਅਤ ਦਾ ਆਲਮ ਇਹ ਸੀ ਕਿ ਉਸ ਦੇ ਗੀਤਾਂ ਦੀ ਗੂੰਜ ਮਾਲਵਾ, ਮਾਝਾ, ਦੁਆਬਾ ਹੀ ਨਹੀਂ ਵਿਦੇਸ਼ੀ ਧਰਤ ਉੱਤੇ ਵੀ ਬਰਾਬਰ ਪੈ ਰਹੀ ਸੀ। ਲਿਹਾਜ਼ਾ 1980 ਵਿੱਚ ਈਐੱਮਆਈ, ਐੱਚਐੱਚਐੱਮਵੀ ਕੰਪਨੀ ਨੇ ਉਸ ਦੀ ਆਵਾਜ਼ ’ਚ ‘ਕੁਲਦੀਪ ਮਾਣਕ’ ਦੇ ਨਾਮ ਹੇਠ 12 ਗੀਤਾਂ ਐੱਲਐੱਪੀ. ਰਿਕਾਰਡ ਜਾਰੀ ਕੀਤਾ, ਜਿਸ ਦਾ ਸੰਗੀਤ ਚਰਨਜੀਤ ਅਹੂਜਾ ਨੇ ਦਿੱਤਾ। ਰਿਕਾਰਡ ਦੇ ਮਸ਼ਹੂਰ ਗੀਤ ‘ਜਿਓਣਾ ਮੋੜ ਘੋੜੀ ਤੇ ਫਰਾਰ ਹੋ ਗਿਆ’, ‘ਜਾ ਕਹਿ ਦੇ ਸਾਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ’ ਤੋਂ ਇਲਾਵਾ ਮਾਂ ਦੀ ਅਹਿਮੀਅਤ ਦਰਸਾਉਂਦਾ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’ ਅਮਰ ਗੀਤ ਦਾ ਦਰਜਾ ਰੱਖਦਾ ਹੈ। ਇਸ ਤੋਂ ਬਾਅਦ ਗ੍ਰਾਮੋਫੋਨ ਰਿਕਾਰਡਾਂ ਤੇ ਫਿਰ ਆਡੀਓ ਕੈਸੇਟਾਂ ਦਾ ਦੌਰ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਕੁਲਦੀਪ ਮਾਣਕ ਦੀਆਂ ਬੇਸ਼ੁਮਾਰ ਆਡੀਓ ਕੈਸੇਟਾਂ ਮਾਰਕੀਟ ’ਚ ਆਈਆਂ, ਜਿਨ੍ਹਾਂ ਨੂੰ ਸੰਗੀਤ ਪ੍ਰੇਮੀਆਂ ਨੇ ਬਹੁਤ ਮੋਹ ਦਿੱਤਾ। ਕੈਸੇਟਾਂ ਦਾ ਯੁੱਗ ਖ਼ਤਮ ਹੁੰਦਿਆਂ ਅੱਜ ਦੀ ਪੀੜ੍ਹੀ ਉਸ ਦੇ ਗੀਤ ਆਡੀਓ ਸੀਡੀਜ਼, ਪੈੱਨ ਡਰਾਈਵ ਤੋਂ ਬਾਅਦ ਯੂ-ਟਿਓੂਬ ਤੇ ਮੋਬਾਈਲਾਂ ਵਿੱਚ ਸੁਣ ਰਹੀ ਹੈ।
ਲੋਕਾਂ ਵਿੱਚ ਮਾਣਕ ਦੀ ਮਕਬੂਲੀਅਤ ਨੂੰ ਦੇਖਦੇ ਹੋਏ ਪੰਜਾਬ ਦੇ ਫਿਲਮਸਾਜ਼ਾਂ ਨੇ ਵੀ ਉਸ ਦੀ ਸਫਲਤਾ ਤੇ ਆਵਾਜ਼ ਨੂੰ ਰੱਜ ਕੇ ਕੈਸ਼ ਕੀਤਾ। ਫਿਲਮਾਂ ਵਿੱਚ ਮਿਲੀ ਕਾਮਯਾਬੀ ਤੋਂ ਬਾਅਦ ਮਾਣਕ ਨੇ ਪੰਜਾਬੀ ਫਿਲਮਾਂ ’ਚ ਪੈਸਾ ਲਾਉਣ ਬਾਰੇ ਵੀ ਸੋਚਿਆ। ਆਪਣੇ ਕਰੀਬੀ ਫਿਨਕਾਰ ਮਿੱਤਰਾਂ ਨਾਲ ਉਨ੍ਹਾਂ ਆਪਣੇ ਨਵੇਂ ਫਿਲਮਸਾਜ਼ ਅਦਾਰੇ ਬੀ. ਐੱਚ ਕੇ. ਜੀ. (ਭੁੱਲਾ ਰਾਮ ਚੰਨ-ਹਰਦੇਵ ਦਿਲਗੀਰ-ਕੁਲਦੀਪ ਮਾਣਕ-ਗੁਰਚਰਨ ਪੋਹਲੀ) ਪ੍ਰੋਡਕਸ਼ਨਸ, ਬੰਬੇ ਦੀ ਸਥਾਪਨਾ ਕੀਤੀ, ਜਿਸ ਦੇ ਬੈਨਰ ਹੇਠ ਉਨ੍ਹਾਂ ਆਪਣੀ ਪਹਿਲੀ ਪੰਜਾਬੀ ਫਿਲਮ ‘ਬਲਬੀਰੋ ਭਾਬੀ’ (1981) ਬਣਾਈ।
ਲੋਕ ਦਿਲਾਂ ’ਤੇ ਰਾਜ ਕਰਨ ਵਾਲਾ ਮਾਲਵੇ ਦਾ ਇਹ ਮਸ਼ਹੂਰ ਗਵੱਈਆ 30 ਨਵੰਬਰ 2011 ਨੂੰ 60 ਸਾਲਾਂ ਦੀ ਉਮਰ ’ਚ ਸਦੀਵੀ ਅਲਵਿਦਾ ਆਖ ਗਿਆ। ਬੇਸ਼ੱਕ ਮਾਣਕ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ, ਪਰ ਉਸ ਦੇ ਗਾਏ ਲੋਕ ਗੀਤ ਅਤੇ ਕਲੀਆਂ ਆਪਣੀ ਮਹਿਕ ਸਦਾ ਬਿਖੇਰਦੀਆਂ ਰਹਿਣਗੀਆਂ। ਗੁਰਦਾਸ ਮਾਨ ਦੇ ਗਾਏ ਹੋਏ ਗੀਤ ਵਾਂਗ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ, ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲ਼ੀਆਂ ਦੀ’।
ਸੰਪਰਕ: 97805-09545

Advertisement

Advertisement
Author Image

joginder kumar

View all posts

Advertisement
Advertisement
×