ਪ੍ਰਦਰਸ਼ਨਕਾਰੀਆਂ ਨੇ ਸੂਨਕ ਦਾ ਘਰ ਕਾਲੇ ਕੱਪੜੇ ਨਾਲ ਢੱਕਿਆ
ਲੰਡਨ, 3 ਅਗਸਤ
ਗਰੀਨਪੀਸ ਵੱਲੋਂ ਜਲਵਾਯੂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਕਾਰੀਆਂ ਵੱਲੋਂ ਅੱਜ ਉੱਤਰੀ ਇੰਗਲੈਂਡ ਵਿੱਚ ਸਥਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਚਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਪ੍ਰਦਰਸ਼ਨਕਾਰੀ ਹਾਲ ਹੀ ਵਿੱਚ ਉੱਤਰੀ ਸਮੁੰਦਰੀ ਤੇਲ ਤੇ ਗੈਸ ਡ੍ਰਿਲਿੰਗ ਦੇ ਵਿਸਥਾਰ ਕਰਨ ਨੂੰ ਸੂਨਕ ਵੱਲੋਂ ਸਮਰਥਨ ਦਿੱਤੇ ਜਾਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਰੋਸ ਪ੍ਰਦਰਸ਼ਨ ਦੌਰਾਨ ਗਰੀਨਪੀਸ ਦੇ ਕਾਰਕੁਨ ਨੌਰਥ ਯਾਰਕਸ਼ਾਇਰ ਦੇ ਰਿਚਮੰਡ ਵਿੱਚ ਸਥਿਤ ਸੂਨਕ ਦੇ ਘਰ ਦੀ ਛੱਤ ’ਤੇ ਚੜ੍ਹ ਗਏ ਅਤੇ ਉਨ੍ਹਾਂ 200 ਵਰਗ ਮੀਟਰ ਦੇ ਕਾਲੇ ਕੱਪੜੇ ਨਾਲ ਘਰ ਦੇ ਇਕ ਪਾਸੇ ਨੂੰ ਢੱਕ ਦਿੱਤਾ। ਸਥਾਨਕ ਪੁਲੀਸ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਦੇ ਘਰ ਨੇੜਲੇ ਖੇਤਰ ਦੀ ਘੇਰਾਬੰਦੀ ਕਰ ਲਈ ਸੀ ਅਤੇ ਕੋਈ ਵੀ ਘਰ ਦੀ ਇਮਾਰਤ ’ਚ ਦਾਖਲ ਨਹੀਂ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਨਹੀਂ ਸੀ। ਪੁਲੀਸ ਨੇ ਚਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੂਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਤੇ ਧੀਆਂ ਕ੍ਰਿਸ਼ਨਾ ਤੇ ਅਨੁਸ਼ਕਾ ਨਾਲ ਛੁੱਟੀਆਂ ਮਨਾਉਣ ਕੈਲੀਫੋਰਨੀਆ ਗਏ ਹੋਏ ਹਨ। -ਪੀਟੀਆਈ