ਖੇਤੀ ਮੰਤਰੀ ਖੁੱਡੀਆਂ ਦੇ ਘਰ ਅੱਗੇ ਧਰਨਾ ਜਾਰੀ
ਇਕਬਾਲ ਸਿੰਘ ਸ਼ਾਂਤ
ਲੰਬੀ, 26 ਅਕਤੂਬਰ
ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਅਤੇ ਚੁਕਾਈ ਦੇ ਪ੍ਰਬੰਧ ਪੂਰੇ ਨਾ ਹੋਣ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਕਮੇਟੀ ਮੁਕਤਸਰ ਦੀ ਅਗਵਾਈ ਹੇਠ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਪੱਕਾ ਮੋਰਚਾ ਨੌਵੇਂ ਦਿਨ ਰਾਤ ਜਾਰੀ ਰਿਹਾ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਮਨੋਹਰ ਸਿੰਘ ਸਿੱਖਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਝੋਨਾ ਮੰਡੀਆਂ ਵਿੱਚ ਬੁਰੀ ਤਰ੍ਹਾਂ ਰੁਲ ਰਿਹਾ ਹੈ। ਖਰੀਦ ਦੇ ਸਮੁੱਚੇ ਪ੍ਰਬੰਧ ਬਾਰਦਾਨਾਂ ਬਿਜਲੀ ਪਾਣੀ ਅਧੂਰੇ ਸਾਬਤ ਹੋ ਰਹੇ ਹਨ। ਕਿਸਾਨ ਮਜ਼ਦੂਰ ਮੰਡੀਆਂ ਵਿੱਚ 20-25 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ। ਮੰਡੀਆਂ ਵਿੱਚ ਝੋਨਾ ਵੇਚਣ ਖੱਜਲ ਖੁਆਰ ਹੋ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਕਾਰਪੋਰੇਟ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਜਥੇਬੰਦੀ ਵੱਲੋਂ ਡੱਬਵਾਲੀ-ਮਲੋਟ ਹਾਈਵੇਅ ’ਤੇ ਅਬੁਲਖੁਰਾਣਾ ਟੌਲ ਪਲਾਜ਼ਾ ’ਤੇ ਦਸਵੇਂ ਦਿਨ ਵੀ ਪੱਕਾ ਮੋਰਚਾ ਅਣਮਿੱਥੇ ਸਮੇਂ ਲਈ ਮੁਫ਼ਤ ਰੱਖਿਆ ਗਿਆ। ਇਸ ਮੌਕੇ ਕਿਸਾਨਾਂ ਨੇ ਮੰਡੀਆਂ ’ਚ ਖਰੀਦ ਦੇ ਮਾੜੇ ਪ੍ਰਬੰਧਾਂ ਅਤੇ ਲੁੱਟ ਵਿਰੁੱਧ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਝੋਨੇ ਦੀ ਖਰੀਦ ਅਤੇ ਹੋਰਨਾਂ ਮੰਗਾਂ ਦੀ ਪੂਰਤੀ ਲਈ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਘਰ ਅੱਗੇ ਲਾਏ ਮੋਰਚੇ ਅੱਜ ਦਸਵੇਂ ਦਿਨ ਵੀ ਜਾਰੀ ਰਹੇ। ਇਨ੍ਹਾਂ ਮੋਰਚਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬਲਾਕ ਆਗੂ ਹੁਸ਼ਿਆਰ ਸਿੰਘ, ਲਖਵੀਰ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਮਾਸਟਰ ਨਛੱਤਰ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗਿਣੀ-ਮਿੱਥੀ ਸਾਜਿਸ਼ ਤਹਿਤ ਖੇਤੀ ਖੇਤਰ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਵਿੱਚ ਤੇਜ਼ੀ ਲਿਆਂਦੀ ਜਾਵੇ, ਡੀਏਪੀ ਖਾਦ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਰਾਲੀ ਦੱਬਣ ਲਈ ਮਸ਼ੀਨਾਂ ਭੇਜਣ ਦੇ ਵਾਅਦੇ ਨੂੰ ਪੂਰਾ ਕੀਤਾ ਇਸ ਮੌਕੇ ਆਗੂ ਸਿਮਰਜੀਤ ਸਿੰਘ, ਸੁਖਜੀਤ ਕੌਰ, ਅਜਮੇਰ ਸਿੰਘ ਪੱਪੀ ਸਿੰਘ ਅਤੇ ਨਛੱਤਰ ਸਿੰਘ ਨੇ ਸੰਬੋਧਨ ਕੀਤਾ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਦੇ ਰੋਸ ਵਜੋਂ ਮੱਲ੍ਹੀਆਂ ਟੌਲ ਪਲਾਜ਼ਾ ਉਪਰ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਟੌਲ ਪਲਾਜ਼ਾ ਨੂੰ ਪਰਚੀ ਮੁਕਤ ਰੱਖ ਕੇ ਵਾਹਨ ਲੰਘਾਏ ਜਾ ਰਹੇ ਹਨ। ਇਸ ਮੌਕੇ ਕਿਸਾਨ ਆਗੂਆਂ ਗੁਰਨਾਮ ਸਿੰਘ ਭੋਤਨਾ ਨੇ ਕਿਹਾ ਕਿ 26 ਦਿਨਾਂ ਬਾਅਦ ਵੀ ਸਰਕਾਰ ਖ਼ਰੀਦ ਦੇ ਪ੍ਰਬੰਧ ਮੁਕੰਮਲ ਨਹੀਂ ਕਰ ਸਕੀ। ਕਿਸਾਨਾਂ ਨੂੰ ਝੋਨਾ ਵੇਚਣ ਲਈ ਸੜਕਾਂ ਉਪਰ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਸਹੀ ਨਹੀਂ ਹੁੰਦੇ, ਉੱਨਾ ਸਮਾਂ ਸੰਘਰਸ਼ ਜਾਰੀ ਰਹੇਗਾ।
ਐੱਮਪੀ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਮੋਰਚਾ ਜਾਰੀ ਰਿਹਾ
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਝੋਨੇ ਦੀ ਖਰੀਦ, ਚੁਕਾਈ ਤੇ ਪਰਾਲੀ ਦੀ ਸੰਭਾਲ ਦੇ ਠੋਸ ਪ੍ਰਬੰਧਾਂ ਦੀ ਮੰਗ ਲੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਨੇੜੇ ਮੋਰਚਾ ਨੌਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਮੁਕੰਮਲ ਖ਼ਰੀਦ ਤੇ ਲਿਫਟਿੰਗ ਤੋਂ ਇਲਾਵਾ ਡੀਏਪੀ ਖਾਦ ਦੀ ਘਾਟ ਦੂਰ ਹੋਣ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ਬਲਕਿ ਦੇ ਸਰਕਾਰ ਨੇ ਸਮੇਂ ਰਹਿੰਦੇ ਕੋਈ ਠੋਸ ਕਦਮ ਨਾ ਚੁੱਕੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਬੁਲਾਰਿਆਂ ’ਚ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਕਲ ਸਕੱਤਰ ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ ਛੰਨਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਮਨਪ੍ਰੀਤ ਸਿੰਘ ਰੂੜੇਕੇ, ਜੱਜ ਸਿੰਘ ਗਹਿਲ, ਰਾਮ ਸਿੰਘ ਸੰਘੇੜਾ, ਗੁਰਜੀਤ ਕੌਰ ਭੱਠਲ, ਮਨਜੀਤ ਕੌਰ ਕਾਨ੍ਹੇਕੇ ਤੇ ਨਵਦੀਪ ਕੌਰ ਪੰਜਗਰਾਈਂ ਆਦਿ ਆਗੂ ਸ਼ਾਮਲ ਸਨ।