ਸੰਘਰਸ਼ ਕਮੇਟੀ ਨੇ ਵਿਧਾਇਕ ਨੂੰ ਯਾਦ ਪੱਤਰ ਸੌਂਪਿਆ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਮਾਰਚ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਵੱਲੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਇਕ ਯਾਦ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਦੀ ਹੋਣ ਵਾਲੀ ਪਹਿਲੀ ਕੈਬਿਨਟ ਮੀਟਿੰਗ ਵਿਚ ਇਸ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ ਪਰ ਹੁਣ ਤੱਕ ਪੈਨਸ਼ਨ ਲਾਗੂ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਨਵੰਬਰ 2022 ਨੂੰ ‘ਆਪ’ ਸਰਕਾਰ ਨੇ ਇਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜਲਦੀ ਹੀ ਪੈਨਸ਼ਨ ਬਹਾਲੀ ਲਈ ਐਸ.ਓ.ਪੀ ਜਾਰੀ ਕਰ ਦਿੱਤੇ ਜਾਣਗੇ ਪਰ ਹੁਣ ਤਕ ਐਸ.ਓ.ਪੀ ਜਾਰੀ ਨਹੀਂ ਹੋਇਆ। ਜਿੰਪਾ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਗੱਲ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਿੰਸ ਗੜ੍ਹਦੀਵਾਲਾ, ਵਿਕਾਸ ਸ਼ਰਮਾ, ਸਚਿਨ ਕੁਮਾਰ, ਦਵਿੰਦਰ ਸਿੰਘ ਕਾਂਟੀਆਂ, ਲੈਕਚਰਾਰ ਸੁਭਾਸ਼ ਕੁਮਾਰ, ਗੁਲਸ਼ਨ ਕੁਮਾਰ, ਦੀਪਕ ਸ਼ਰਮਾ, ਹਰੀਸ਼ ਪੁਰੀ ਆਦਿ ਹਾਜ਼ਰ ਸਨ।