ਮੱਲ੍ਹੀਆਂ ਨੇੜੇ ਲੱਗ ਰਹੇ ਟੌਲ ਪਲਾਜ਼ਾ ਦਾ ਵਿਰੋਧ ਸ਼ੁਰੂ
ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਜਨਵਰੀ
ਬਰਨਾਲਾ-ਮੋਗਾ ਕੌਮੀ ਹਾਈਵੇ ਉਪਰ ਪਿੰਡ ਜਗਜੀਤਪੁਰਾ ਨੇੜਿਓਂ ਤਬਦੀਲ ਕਰਕੇ ਪਿੰਡ ਮੱਲ੍ਹੀਆਂ ਨੇੜੇ ਲਗਾਇਆ ਜਾ ਰਿਹਾ ਟੌਲ ਪਲਾਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਟੌਲ ਪਲਾਜ਼ਾ ਦਾ ਆਸੇ ਪਾਸੇ ਦੀਆਂ ਪੰਚਾਇਤਾਂ ਨੇ ਵਿਰੋੋਧ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪਿੰਡ ਟੱਲੇਵਾਲ ਦੇ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ, ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਰਾਜਾ ਸਿੱਧੂ ਅਤੇ ਬਖ਼ਤਗੜ੍ਹ ਦੇ ਸਰਪੰਚ ਦੇ ਪੁੱਤਰ ਤਰਨਜੀਤ ਸਿੰਘ ਦੁੱਗਲ ਨੇ ਟੌਲ ਵਾਲੀ ਜਗ੍ਹਾ ਉਪਰ ਪਹੁੰਚ ਕੇ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਟੌਲ ਪਲਾਜ਼ੇ ਬੰਦ ਕਰਨ ਦੇ ਐਲਾਨ ਕਰ ਰਹੀ ਹੈ ਪਰ ਦੂਜੇ ਪਾਸੇ ਉਨ੍ਹਾਂ ਪਿੰਡਾਂ ਦੇ ਮੱਥੇ ’ਤੇ ਨਵਾਂ ਟੌਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਯੂਨੀਅਨ ਨੇ ਇਸ ਟੌਲ ਨੂੰ ਬੰਦ ਕਰਵਾਇਆ ਸੀ। ਪਰ ਪ੍ਰਸ਼ਾਸਨ ਵਲੋਂ ਹੁਣ ਪਹਿਲਾਂ ਵਾਲੀ ਜਗ੍ਹਾ ਤੋਂ 7 ਕਿਲੋਮੀਟਰ ਦੂਰ ਮੁੜ ਟੌਲ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਬਹੁਤ ਗਲਤ ਹੈ। ਉਹ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਸਦਾ ਵਿਰੋਧ ਕਰਨਗੇ ਅਤੇ ਇਸਨੂੰ ਚੱਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਲੱਗ ਰਹੇ ਟੌਲ ਪਲਾਜ਼ੇ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। ਅਨੇਕਾਂ ਵਾਹਨ ਇਸ ਜਗ੍ਹਾ ਹਾਦਸਿਆਂ ਵਿੱਚ ਨੁਕਸਾਨੇ ਜਾ ਚੁੱਕੇ ਹਨ, ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਟੌਲ ਪਲਾਜ਼ਾ ਲੱਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ।