ਮੰਗਾਂ ਨਾ ਮੰਨਣ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਧਿਆ
ਖੇਤਰੀ ਪ੍ਰਤੀਨਿਧ
ਬਟਾਲਾ, 2 ਅਕਤੂਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਇੱਕ ਮੀਟਿੰਗ ਅੱਜ ਯੂਨੀਅਨ ਦੇ ਉਮਰਪੁਰਾ ਸਥਿਤ ਦਫ਼ਤਰ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ ਨੇ ਕੀਤੀ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਯੂਨੀਅਨ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਥਾਂਵਾਂ ’ਤੇ 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 3 ਅਕਤੂਬਰ ਨੂੰ ਇਸ ਰੋਸ ਮੁਜ਼ਾਹਰੇ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਸਵੇਰੇ 11 ਵਜੇ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿੱਚ ਇਕੱਠੇ ਹੋਣ ਜਿੱਥੋਂ ਗਾਂਧੀ ਚੌਂਕ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਉਪਰੰਤ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਮੀਟਿੰਗ ਵਿੱਚ ਗੁਰਮੀਤ ਸਿੰਘ ਢਡਿਆਲਾ, ਹਰਭਜਨ ਸਿੰਘ ਹਰਪੁਰਾ, ਲਖਵਿੰਦਰ ਸਿੰਘ ਹਰਪੁਰਾ, ਹਰਪ੍ਰੀਤ ਸਿੰਘ ਕੰਡੀਲਾ, ਬੂੜ ਸਿੰਘ ਕਲੇਰ, ਬਲਦੇਵ ਸਿੰਘ ਕਲੇਰ, ਲਖਵਿੰਦਰ ਸਿੰਘ ਪ੍ਰਤਾਪਗੜ੍ਹ ਬਲਰਾਜ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਚੂਹੇਵਾਲ, ਹਰਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਹਰਸ਼ਦੀਪ ਸਿੰਘ ਸਣੇ ਕਈ ਅਹੁਦੇਦਾਰ ਅਤੇ ਕਾਰਕੁੰਨ ਮੌਜੂਦ ਸਨ।