For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਦੀ ਖੁਸ਼ਹਾਲੀ ਅਤੇ ਪਰਵਾਸੀਆਂ ਦੇ ਫਰਜ਼

11:47 AM Apr 03, 2024 IST
ਕੈਨੇਡਾ ਦੀ ਖੁਸ਼ਹਾਲੀ ਅਤੇ ਪਰਵਾਸੀਆਂ ਦੇ ਫਰਜ਼
Advertisement


ਪ੍ਰਿੰਸੀਪਲ ਵਿਜੈ ਕੁਮਾਰ

ਕੈਨੇਡਾ ਦੀ ਹਰ ਜਨਤਕ ਥਾਂ ’ਤੇ ਅੱਜਕੱਲ੍ਹ ਲੋਕਾਂ ਦੇ ਮੂੰਹਾਂ ਤੋਂ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ, ਹੁਣ ਇਹ ਕੈਨੇਡਾ ਪਹਿਲੇ ਵਰਗਾ ਕੈਨੇਡਾ ਨਹੀਂ ਰਿਹਾ। ਹੁਣ ਇੱਥੇ ਬੇਰੁਜ਼ਗਾਰੀ ਵਧ ਰਹੀ ਹੈ। ਜੁਰਮ ਵਧ ਰਹੇ ਹਨ। ਚੋਰੀਆਂ, ਡਕੈਤੀਆਂ, ਗੁੰਡਾਗਰਦੀ ਅਤੇ ਫਿਰੌਤੀਆਂ ’ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਚਾਰੇ ਪਾਸੇ ਗੰਦਗੀ ਵਧ ਰਹੀ ਹੈ। ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਬੇਈਮਾਨੀ ਅਤੇ ਰਿਸ਼ਵਤਖੋਰੀ ਵਧ ਰਹੀ ਹੈ। ਟੈਕਸ ਦੀ ਚੋਰੀ ਵਿੱਚ ਵਾਧਾ ਹੋ ਰਿਹਾ ਹੈ। ਪੁਲੀਸ ਕੋਈ ਕਾਰਵਾਈ ਨਹੀਂ ਕਰਦੀ। ਨੌਜਵਾਨ ਮੁੰਡੇ-ਕੁੜੀਆਂ ਆਵਾਰਾਗਰਦੀ ਕਰ ਰਹੇ ਹਨ। ਨਸ਼ਿਆਂ ਦੀ ਵਰਤੋਂ ਅਤੇ ਸਮਗਲਿੰਗ ਦਿਨੋਂ ਦਿਨ ਵਧ ਰਹੀ ਹੈ ਪਰ ਸਰਕਾਰ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ।
ਸੋਸ਼ਲ ਮੀਡੀਆ ਵਿੱਚ ਵੀ ਕੈਨੇਡਾ ਦੀਆਂ ਇਨ੍ਹਾਂ ਸਮੱਸਿਆਵਾਂ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੋਈ ਨਹੀਂ ਦੱਸਦਾ। ਜੇਕਰ ਇਸ ਮੁਲਕ ਵਿੱਚ ਲੋਕਾਂ ਨੂੰ ਇਹ ਸਵਾਲ ਕੀਤਾ ਜਾਵੇ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ ਤਾਂ ਲੋਕ ਬੜੇ ਬੇਹੂਦਾ ਅਤੇ ਊਂਟ ਪਟਾਂਗ ਜਵਾਬ ਦੇਣ ਲੱਗ ਪੈਂਦੇ ਹਨ ਪਰ ਆਪਣੇ ਅੰਦਰ ਝਾਤ ਕੋਈ ਨਹੀਂ ਮਾਰਦਾ। ਅੱਜਕ੍ਵਲ੍ਹ ਲੋਕਾਂ ਦੇ ਮੂੰਹਾਂ ਤੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ਨੇ ਇਸ ਮੁਲਕ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਬਸ, ਇਨ੍ਹਾਂ ਚੋਣਾਂ ਤੋਂ ਬਾਅਦ ਟਰੂਡੋ ਦੀ ਪਾਰਟੀ ਦੀ ਸਰਕਾਰ ਨਹੀਂ ਆਵੇਗੀ। ਦੂਜੀ ਪਾਰਟੀ ਆ ਕੇ ਸਾਰਾ ਕੁਝ ਠੀਕ ਕਰ ਦੇਵੇਗੀ। ਕਈ ਲੋਕ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਹੁਣ ਇਸ ਦੇਸ਼ ਦੀ ਸਰਕਾਰ ਨੂੰ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਬਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਜ਼ਿਆਦਾ ਲੋਕਾਂ ਨੂੰ ਬੁਲਾਉਣ ਕਰਕੇ ਹੀ ਇਸ ਮੁਲਕ ’ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਤਰ੍ਹਾਂ ਦੀਆਂ ਗੱਲਾਂ ਕਰਨ ਨਾਲੋਂ ਚੰਗੀ ਗੱਲ ਇਹ ਹੈ ਕਿ ਅਸੀਂ ਲੋਕ ਇਸ ਮੁਲਕ ’ਚ ਪੈਦਾ ਹੋਈਆਂ ਸਮੱਸਿਆਵਾਂ ਲਈ ਸਰਕਾਰਾਂ ਅਤੇ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲੋਂ ਇਹ ਸੋਚੀਏ ਕਿ ਅਸੀਂ ਇਨ੍ਹਾਂ ਸਮੱਸਿਆਵਾਂ ਲਈ ਕਿੰਨੇ ਕੁ ਜ਼ਿੰਮੇਵਾਰ ਹਾਂ। ਪਹਿਲਾਂ ਤਾਂ ਉਨ੍ਹਾਂ ਦੇਸ਼ਾਂ ਅਤੇ ਕਮਿਊਨਿਟੀ ਦੇ ਅਨੇਕਾਂ ਲੋਕਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਜਿਹੜੇ ਜੁਰਮ, ਚੋਰੀਆਂ ਚਕਾਰੀਆਂ, ਨਸ਼ਿਆਂ ਦੀ ਸਮਗਲਿੰਗ ਕਰਨ ਵਾਲਿਆਂ, ਦੂਜਿਆਂ ਦੀ ਜਾਇਦਾਦ ’ਤੇ ਕਬਜ਼ਾ ਕਰਨ, ਕਾਨੂੰਨ ਤੋੜਨ ਵਾਲਿਆਂ, ਕਾਰਾਂ ਚੋਰੀ ਕਰਨ, ਟੈਕਸ ਚੋਰੀ ਕਰਨ ਅਤੇ ਫਿਰੌਤੀਆਂ ਮੰਗਣ ਵਾਲਿਆਂ ਵਿੱਚ ਸ਼ਾਮਿਲ ਹੁੰਦੇ ਹਨ। ਇਸ ਮੁਲਕ ’ਚ ਬੇਰੁਜ਼ਗਾਰੀ ਵਧਣ ਦਾ ਕਾਰਨ ਵੱਧ ਲੋਕਾਂ ਦਾ ਆਉਣਾ ਨਹੀਂ ਸਗੋਂ ਉਹ ਅਨੇਕਾਂ ਲੋਕ ਹਨ ਜਿਹੜੇ ਆਪਣੇ ਬੱਚਿਆਂ ਕੋਲ ਆਉਂਦੇ ਤਾਂ ਘੁੰਮਣ ਫਿਰਨ ਹਨ ਜਾਂ ਉਨ੍ਹਾਂ ਦੇ ਬੱਚੇ ਪਾਲਣ ਆਉਂਦੇ ਹਨ ਪਰ ਜਹਾਜ਼ ਤੋਂ ਉਤਰਦਿਆਂ ਹੀ ਨੌਕਰੀਆਂ ’ਤੇ ਲੱਗ ਜਾਂਦੇ ਹਨ। ਇਨ੍ਹਾਂ ਲੋਕਾਂ ’ਚ ਉਹ ਲੋਕ ਵੀ ਹੁੰਦੇ ਹਨ ਜੋ ਸਰਕਾਰੀ ਪੈਨਸ਼ਨ ਲੈ ਰਹੇ ਹੁੰਦੇ ਹਨ ਅਤੇ ਚੰਗੇ ਪੈਸੇ ਵਾਲੇ ਹੁੰਦੇ ਹਨ। ਉਨ੍ਹਾਂ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਥੋਂ ਵੱਧ ਤੋਂ ਵੱਧ ਡਾਲਰ ਕਮਾ ਕੇ ਲੈ ਜਾਈਏ। ਇੱਕ ਪਾਸੇ ਸਾਡੇ ਹੀ ਬੱਚੇ ਆਪਣੀ ਫੀਸ ਕੱਢਣ ਲਈ ਅਤੇ ਗੁਜ਼ਾਰਾ ਕਰਨ ਲਈ ਨੌਕਰੀਆਂ ਲੱਭਦੇ ਘੁੰਮਦੇ ਹਨ, ਦੂਜੇ ਪਾਸੇ ਆਪਣੇ ਬੱਚਿਆਂ ਕੋਲ ਆਏ ਅਨੇਕਾਂ ਬਜ਼ੁਰਗ ਘੱਟ ਪੈਸਿਆਂ ਵਿੱਚ ਨੌਕਰੀਆਂ ਕਰਨ ਲੱਗ ਪੈਂਦੇ ਹਨ।
ਵਿਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਇਸ ਮੁਲਕ ’ਚ ਆ ਕੇ ਆਪਣੀਆਂ ਬਹੁਤ ਸਾਰੀਆਂ ਬੁਰਾਈਆਂ ਫੈਲਾ ਦਿੱਤੀਆਂ ਹਨ। ਇੱਥੇ ਵਸਦੇ ਪੁਰਾਣੇ ਲੋਕ ਦੱਸਦੇ ਹਨ ਕਿ ਕਿਸੇ ਵੇਲੇ ਸੜਕ ’ਤੇ ਪਏ ਇੱਕ ਕਾਗਜ਼ ਦੇ ਟੁਕੜੇ ਨੂੰ ਲੋਕ ਆਪਣੀ ਗੱਡੀ ਤੋਂ ਉਤਰਕੇ ਚੁੱਕ ਕੇ ਕੂੜੇਦਾਨ ’ਚ ਪਾ ਦਿੰਦੇ ਸਨ, ਕਿਸੇ ਪਾਸੇ ਕੋਈ ਗੰਦਗੀ ਨਜ਼ਰ ਨਹੀਂ ਆਉਂਦੀ ਸੀ ਪਰ ਅੱਜ ਵਿਦੇਸ਼ਾਂ ਤੋਂ ਆ ਕੇ ਵਸੇ ਬਹੁਤ ਸਾਰੇ ਲੋਕ ਕੌਫ਼ੀ ਦੇ ਕੱਪ, ਪਾਣੀ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ, ਕੁੱਤਿਆਂ ਦੀ ਟੱਟੀ, ਕੂੜੇ ਦੇ ਪੈਕਟ ਅਤੇ ਚਿਪਸ ਦੇ ਰੈਪਰ ਸੜਕਾਂ ’ਤੇ ਅਤੇ ਪਾਰਕਾਂ ਵਿੱਚ ਸੁੱਟ ਦਿੰਦੇ ਹਨ। ਇਸ ਮੁਲਕ ਦੀਆਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਸਨ। ਇੱਥੇ ਰਿਸ਼ਵਤ, ਬੇਈਮਾਨੀ, ਹੇਰਾਫੇਰੀ ਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਅਨੇਕਾਂ ਵਿਦੇਸ਼ੀ ਲੋਕਾਂ ਨੇ ਦੋ ਨੰਬਰ ਵਿੱਚ ਪੀਆਰ ਲੈਣ ਲਈ, ਘਰ ਖ਼ਰੀਦਣ ਅਤੇ ਕਿਰਾਏ ’ਤੇ ਲੈਣ ਲਈ, ਕਈ ਤਰ੍ਹਾਂ ਦੇ ਲਾਇਸੈਂਸ ਲੈਣ ਲਈ, ਗ਼ਲਤ ਵੀਜ਼ਾ ਲੈਣ ਲਈ ਅਤੇ ਬੈਂਕਾਂ ਤੋਂ ਕਰਜ਼ ਲੈਣ ਲਈ ਰਿਸ਼ਵਤ, ਬੇਈਮਾਨੀ ਅਤੇ ਹੇਰਾਫੇਰੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ਾਂ ਤੋਂ ਆ ਕੇ ਵਸੇ ਬਹੁਤ ਸਾਰੇ ਲੋਕ ਮਿਹਨਤ ਕਰਨ ਦੀ ਬਜਾਏ ਰਾਤੋ ਰਾਤ ਅਮੀਰ ਹੋਣ ਲਈ ਚੋਰੀਆਂ ਚਕਾਰੀਆਂ ਅਤੇ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਫਿਰੌਤੀਆਂ ਮੰਗ ਰਹੇ ਹਨ।
ਇਸ ਮੁਲਕ ਦੇ ਟ੍ਰੈਫਿਕ ਕਾਨੂੰਨ ਬਹੁਤ ਸਖ਼ਤ ਹਨ ਪਰ ਵਿਦੇਸ਼ਾਂ ਤੋਂ ਆ ਕੇ ਵਸੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਤੋੜ ਕੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਗੱਡੀਆਂ ਦੇ ਪਟਾਕੇ ਵਜਾ ਕੇ, ਨਸ਼ੇ ਕਰਕੇ, ਤੇਜ਼ ਗੱਡੀਆਂ ਚਲਾ ਕੇ, ਘਰਾਂ ਦੀ ਨਾਜਾਇਜ਼ ਉਸਾਰੀ ਕਰ ਕੇ, ਮਾਲਾਂ ਤੇ ਪਲਾਜ਼ਿਆਂ ਅੱਗੇ ਜਨਤਕ ਥਾਵਾਂ ’ਤੇ ਸ਼ਰਾਬਾਂ ਪੀਕੇ ਭੰਗੜੇ ਪਾ ਕੇ ਸਿਨੇਮਾਂ ਘਰਾਂ ਵਿੱਚ ਹੁੜਦੰਗ ਮਚਾ ਕੇ ਵਿਦੇਸ਼ਾਂ ਤੋਂ ਆਏ ਅਨੇਕਾਂ ਲੋਕ ਕਾਨੂੰਨ ਤੋੜਦੇ ਹਨ। ਕਾਰਾਂ ਚੋਰੀ ਕਰਨ ਵਿੱਚ ਅਨੇਕਾਂ ਵਿਦੇਸ਼ੀ ਲੋਕਾਂ ਦਾ ਵੀ ਨਾਂ ਆਉਂਦਾ ਹੈ। ਇਸ ਮੁਲਕ ਵਿੱਚ ਨਸ਼ਿਆਂ ਦੀ ਸਮਗਲਿੰਗ ਕਰਨ ਦੇ ਦੋਸ਼ ਵਿੱਚ ਵਿਦੇਸ਼ਾਂ ਤੋਂ ਆ ਕੇ ਵਸੇ ਅਨੇਕਾਂ ਲੋਕ ਵੀ ਫੜੇ ਜਾਂਦੇ ਹਨ। ਦੂਜੇ ਦੇਸ਼ਾਂ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਆਏ ਮੁੰਡੇ-ਕੁੜੀਆਂ ਨਾਲ ਦਾਖਲਿਆਂ, ਫੀਸਾਂ ਅਤੇ ਨਤੀਜਿਆਂ ਨੂੰ ਲੈ ਕੇ ਹੇਰਾ ਫੇਰੀ ਉਹੀ ਅਨੇਕਾਂ ਲੋਕ ਕਰਦੇ ਹਨ ਜਿਹੜੇ ਇਸ ਮੁਲਕ ’ਚ ਵਿਦੇਸ਼ਾਂ ਤੋਂ ਆ ਕੇ ਆਪਣੇ ਕਾਲਜ ਅਤੇ ਯੂਨੀਵਰਸਿਟੀਆਂ ਚਲਾ ਰਹੇ ਹਨ। ਮਾਨਸਿਕ ਤਣਾਅ, ਬਦਲਾਖੋਰੀ ਅਤੇ ਨਸ਼ਿਆਂ ਕਾਰਨ ਇਸ ਮੁਲਕ ’ਚ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ। ਭਾਵੇਂ ਇਹ ਜੁਰਮ ਕਰਨ ਲਈ ਇੱਥੋਂ ਦੇ ਅਨੇਕਾਂ ਗੋਰੇ ਲੋਕ ਵੀ ਜ਼ਿੰਮੇਵਾਰ ਹਨ ਪਰ ਕਈ ਦੇਸ਼ਾਂ ਦੇ ਇੱਥੇ ਆ ਕੇ ਵਸੇ ਲੋਕ ਜੁਰਮ ਕਰਨ ਦੇ ਦੋਸ਼ ਹੇਠ ਫੜੇ ਜਾਂਦੇ ਹਨ।
ਵਿਦੇਸ਼ਾਂ ਤੋਂ ਆ ਕੇ ਕੈਨੇਡਾ ਵਿੱਚ ਵਸਣ ਵਾਲੇ ਲੋਕਾਂ ਨੂੰ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਜੇਕਰ ਇਹ ਮੁਲਕ ਖੁਸ਼ਹਾਲ ਹੋਵੇਗਾ ਤਾਂ ਹੀ ਉਨ੍ਹਾਂ ਦੀ ਜ਼ਿੰਦਗੀ ਖੁਸ਼ਹਾਲ ਹੋਵੇਗੀ। ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੋਵੇਗਾ। ਸਰਕਾਰ ਕੋਈ ਵੀ ਹੋਵੇ ਉਹ ਦੇਸ਼ ਹਿੱਤਾਂ ਨੂੰ ਹੀ ਤਰਜੀਹ ਦੇਵੇਗੀ। ਵਿਦੇਸ਼ਾਂ ਤੋਂ ਆ ਕੇ ਇਸ ਮੁਲਕ ਵਿੱਚ ਵਸੇ ਹੋਏ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਦੇਸ਼ ਦੀ ਹਾਲਤ ਨੂੰ ਸੁਧਾਰਨ ਲਈ ਕੋਈ ਵੀ ਸਖ਼ਤ ਕਾਨੂੰਨ ਬਣਾ ਸਕਦੀਆਂ ਹਨ। ਕੈਨੇਡਾ ਦੀ ਸਰਕਾਰ ਸਖ਼ਤ ਕਾਨੂੰਨ ਬਣਾਉਣ ਦੀ ਦਿਸ਼ਾ ਵੱਲ ਵਧ ਵੀ ਰਹੀ ਹੈ। ਇਹੋ ਜਿਹੇ ਕਾਨੂੰਨ ਜਿੱਥੇ ਵਿਦੇਸ਼ਾਂ ਤੋਂ ਆ ਕੇ ਵਸੇ ਲੋਕਾਂ ਲਈ ਸਮੱਸਿਆ ਖੜ੍ਹੀਆਂ ਕਰ ਸਕਦੇ ਹਨ, ਉੱਥੇ ਇਸ ਮੁਲਕ ਵਿੱਚ ਆਉਣ ਵਾਲੇ ਲੋਕਾਂ ਦਾ ਰਾਹ ਵੀ ਬੰਦ ਕਰ ਸਕਦੇ ਹਨ। ਜੇਕਰ ਵਿਦੇਸ਼ਾਂ ਤੋਂ ਆ ਕੇ ਵਸਣ ਵਾਲੇ ਲੋਕ ਆਪਣੀ ਇਸ ਖੁਸ਼ਹਾਲੀ ਲਈ ਇਸ ਮੁਲਕ ਦੇ ਹਾਲਾਤ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਮੁਲਕ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਉਣੇ ਪੈਣਗੇ। ਆਪਣੀ ਜ਼ਿੰਦਗੀ ਦੀ ਉਹ ਹਰ ਬੁਰਾਈ ਜਿਹੜੀ ਇਸ ਮੁਲਕ ਦੀ ਖੁਸ਼ਹਾਲੀ ਨੂੰ ਢਾਹ ਲਗਾਉਂਦੀ ਹੋਵੇ, ਉਸ ਨੂੰ ਛੱਡਣਾ ਪਵੇਗਾ।
ਇੱਥੋਂ ਦੀਆਂ ਸਰਕਾਰਾਂ ਵਿਦੇਸ਼ਾਂ ਤੋਂ ਆ ਕੇ ਵਸੇ ਲੋਕਾਂ ਨੂੰ ਸਿੱਧਾ ਕਦੇ ਨਹੀਂ ਕਹਿਣਗੀਆਂ ਕਿ ਇਹ ਮੁਲਕ ਛੱਡ ਕੇ ਚਲੇ ਜਾਓ। ਉਹ ਕਾਨੂੰਨ ਬਣਾ ਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਣਗੀਆਂ ਕਿ ਲੋਕਾਂ ਨੂੰ ਇਹ ਦੇਸ਼ ਛੱਡ ਕੇ ਜਾਣ ਲਈ ਮਜਬੂਰ ਹੋਣਾ ਪੈ ਜਾਵੇਗਾ। ਹੁਣ ਇਸ ਦੇਸ਼ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਵੀ ਕੀਤੇ ਜਾ ਰਹੇ ਹਨ। ਜੇਕਰ ਇਹੋ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਵਿਦੇਸ਼ੀ ਲੋਕਾਂ ਨੂੰ ਇਹ ਮੁਲਕ ਛੱਡ ਕੇ ਜਾਣਾ ਪੈ ਜਾਵੇ ਤਾਂ ਇਹ ਸੋਚੋ ਕਿ ਜੋ ਲੋਕ ਆਪਣੇ ਮੁਲਕ ਦੀ ਨਾਗਰਿਕਤਾ ਛੱਡ ਕੇ ਤੇ ਸਭ ਕੁਝ ਵੇਚ ਕੇ ਇੱਥੇ ਆ ਵਸੇ ਹਨ, ਉਨ੍ਹਾਂ ਦਾ ਕੀ ਬਣੇਗਾ? ਇੱਥੋਂ ਦੇ ਵਸਨੀਕ ਗੋਰਿਆਂ ਨੂੰ ਉਨ੍ਹਾਂ ਕਾਨੂੰਨਾਂ ਦਾ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਨੇ ਤਾਂ ਇੱਥੇ ਹੀ ਰਹਿਣਾ ਹੈ। ਇੱਥੋਂ ਦੀਆਂ ਸਰਕਾਰਾਂ ਨੂੰ ਵੀ ਇਸ ਮੁਲਕ ਦੀ ਖੁਸ਼ਹਾਲੀ ਨੂੰ ਢਾਹ ਲਾਉਣ ਵਾਲੀਆਂ ਨੀਤੀਆਂ ਬਾਰੇ ਸੁਚੇਤ ਹੋ ਕੇ ਵਿਚਾਰ ਕਰਨਾ ਪਵੇਗਾ।

Advertisement

Advertisement
Advertisement
Author Image

sukhwinder singh

View all posts

Advertisement