ਪੁਲੀਸ ਵੱਲੋਂ ਤਿੰਨ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ
ਕੇਪੀ ਸਿੰਘ
ਗੁਰਦਾਸਪੁਰ, 7 ਸਤੰਬਰ
ਜ਼ਿਲ੍ਹਾ ਪੁਲੀਸ ਗੁਰਦਾਸਪੁਰ ਵੱਲੋਂ ਤਿੰਨ ਵੱਡੇ ਨਸ਼ਾ ਤਸਕਰਾਂ ਦੀ 52 ਲੱਖ 18 ਹਜ਼ਾਰ 266 ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਇਹ ਜਾਣਕਾਰੀ ਐੱਸਐੱਸਪੀ ਦਯਾਮਾ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਤਸਕਰਾਂ ਵਿੱਚੋਂ ਦੋ ਨਸ਼ਾ ਤਸਕਰਾਂ ਖ਼ਿਲਾਫ਼ 2021 ਵਿੱਚ ਅਤੇ ਇੱਕ ਖ਼ਿਲਾਫ਼ 2022 ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ, ਜਿਸ ਵਿਚ ਇਕ ਵਾਹਨ, ਉਨ੍ਹਾਂ ਦੇ ਮਕਾਨ ਅਤੇ ਪਲਾਟ ਸ਼ਾਮਲ ਹਨ। ਉਨ੍ਹਾਂ ਮੰਨਿਆ ਕਿ ਇਹ ਰਕਮ ਮਾਲ ਵਿਭਾਗ ਵੱਲੋਂ ਲਗਾਏ ਗਏ ਸਰਕਾਰੀ ਰੇਟ ਅਨੁਸਾਰ ਹੈ, ਜਦੋਂਕਿ ਇਨ੍ਹਾਂ ਦਾ ਵਪਾਰਕ ਰੇਟ ਕਰੋੜਾਂ ਰੁਪਏ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾ ਮਾਮਲਾ ਕਦੋਂ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੇ ਮਕਾਨ, ਪਲਾਟ, ਵਾਹਨ, ਵਾਹੀ ਯੋਗ ਜ਼ਮੀਨ ਸਮੇਤ ਜੋ ਵੀ ਖ਼ਰੀਦਿਆ ਹੈ, ਉਸ ਦੀ ਜਾਂਚ ਕੀਤੀ ਜਾਂਦੀ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਉਸ ਨੇ ਇਹ ਸਭ ਕੁਝ ਉਸ ਪੈਸੇ ਨਾਲ ਖ਼ਰੀਦਿਆ ਹੈ, ਜੋ ਉਸ ਨੇ ਨਸ਼ਾ ਵੇਚ ਕੇ ਕਮਾਇਆ ਸੀ ਤਾਂ ਉਸ ਨੂੰ ਫਰੀਜ਼ ਕਰ ਦਿੱਤਾ ਜਾਂਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 13 ਹੋਰ ਨਸ਼ਾ ਤਸਕਰਾਂ ਦੇ ਕੇਸ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਜਾਇਦਾਦ ਵੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜ਼ਬਤ ਕੀਤੀ ਜਾਵੇਗੀ।