ਪ੍ਰਾਪਰਟੀ ਡੀਲਰਾਂ ਨੇ ਮੱਝ ਅੱਗੇ ਬੀਨ ਵਜਾ ਕੇ ਰੋਸ ਪ੍ਰਗਟਾਇਆ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ
ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਮੁਕਤਸਰ ਸ਼ਹਿਰ ਦੇ ਦੋ ਸਾਲਾਂ ’ਚ ਕਈ ਵਾਰ ਜ਼ਮੀਨਾਂ ਦੇ ਕੁਲੈਕਟਰਾਂ ਰੇਟ ਵਧਾਏ ਜਾਣ ਖ਼ਿਲਾਫ਼ ਸ਼ੁਰੂ ਕੀਤਾ ਰੋਸ ਮੁਜ਼ਾਹਰਾ ਪੰਜਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਮੁਜ਼ਾਹਰਾਕਾਰੀ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕੋਟਕਪੂਰਾ ਚੌਕ ਨੇੜੇ ਮੁਜ਼ਾਹਰਾ ਕਰਦੇ ਹਨ ਅਤੇ ਦਿਨੇ ਸ਼ਹਿਰ ਵਿੱਚ ਰੈਲੀਆਂ ਕਰਕੇ ਰੋਸ ਪ੍ਰਗਟਾਵਾ ਕਰਦੇ ਹਨ। ਅੱਜ ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੱਝ ਅੱਗੇ ਬੀਨ ਵਜਾ ਕੇ ਸੰਕੇਤ ਕੀਤਾ ਕਿ ਉਨ੍ਹਾਂ ਦੇ ਰੋਸ ਪ੍ਰਗਟਾਵੇ ਦਾ ਪ੍ਰਸ਼ਾਸਨ ਉਪਰ ਕੋਈ ਅਸਰ ਨਹੀਂ ਹੋ ਰਿਹਾ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਸ਼ੋਕ ਚੁੱਘ, ਕਰਮਜੀਤ ਕਰਮਾ ਹੋਰਾਂ ਨੇ ਕਿਹਾ ਕਿ ਪ੍ਰਾਪਰਟੀ ਦੇ ਥੋੜ੍ਹੇ-ਸਮੇਂ ਵਿੱਚ ਹੀ ਵਾਰ-ਵਾਰ ਰੇਟ ਵਧਾਏ ਜਾਣ ਕਾਰਨ ਕਈ ਖੇਤਰਾਂ ’ਚ ਤਾਂ ਅਸਲ ਕੀਮਤ ਨਾਲੋਂ ਵੱਧ ਕੁਲੈਕਟਰ ਰੇਟ ਹੋ ਗਏ ਹਨ। ਦੱਸਣਯੋਗ ਹੈ ਕਿ ਇਸ ਰੋਸ ਮੁਜ਼ਾਹਰੇ ਨੂੰ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਹੋਰ ਆਗੂ ਵੀ ਸੰਬੋਧਨ ਕਰ ਚੁੱਕੇ ਹਨ।