ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਮੁਕੰਮਲ
ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਕਤੂਬਰ
ਪੰਜਾਬ ’ਚ ਚਾਰ ਵਿਧਾਨ ਸਭਾ ਸੀਟਾਂ ਲਈ 13 ਨਵੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਰਾਖਵੇਂ ਹਲਕੇ ਚੱਬੇਵਾਲ ਲਈ ਕੁੱਲ 60 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ ਜਿਨ੍ਹਾਂ 67 ਨਾਮਜ਼ਦਗੀ ਪੱਤਰ ਭਰੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ ਜਦਕਿ 30 ਅਕਤੂਬਰ ਤੱਕ ਕਾਗ਼ਜ਼ ਵਾਪਸੀ ਦਾ ਸਮਾਂ ਹੈ। ਅੱਜ ਆਖ਼ਰੀ ਦਿਨ 38 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ।
ਹਲਕਾ ਗਿੱਦੜਬਾਹਾ ਵਿਚ ਸਭ ਤੋਂ ਵੱਧ ਉਮੀਦਵਾਰਾਂ ਨੇ ਦਿਲਚਸਪੀ ਦਿਖਾਈ ਹੈ ਜਿੱਥੇ 20 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ ਜਦਕਿ ਹਲਕਾ ਬਰਨਾਲਾ ਵਿਚ 18, ਡੇਰਾ ਬਾਬਾ ਨਾਨਕ ਹਲਕੇ ਵਿਚ 14 ਤੇ ਚੱਬੇਵਾਲ ਹਲਕੇ ਵਿਚ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਅੱਜ ਕਾਗ਼ਜ਼ ਦਾਖਲ ਕਰਨ ਵਾਲੇ ਅਹਿਮ ਉਮੀਦਵਾਰਾਂ ਵਿਚ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਨੇ ਨਾਮਜ਼ਦਗੀ ਭਰੀ ਹੈ ਜਦਕਿ ਚੱਬੇਵਾਲ ਹਲਕੇ ਤੋਂ ਕਾਂਗਰਸ ਦੇ ਰਣਜੀਤ ਕੁਮਾਰ ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੇ ਕਾਗ਼ਜ਼ ਦਾਖਲ ਕੀਤੇ ਹਨ। ਹਲਕਾ ਬਰਨਾਲਾ ਤੋਂ ‘ਆਪ’ ਤੋਂ ਬਾਗ਼ੀ ਹੋ ਕੇ ਗੁਰਦੀਪ ਸਿੰਘ ਬਾਠ ਨੇ ਕਾਗ਼ਜ਼ ਭਰੇ ਹਨ। ਜ਼ਿਮਨੀ ਚੋਣਾਂ ਵਾਲੀਆਂ ਚਾਰ ਸੀਟਾਂ ’ਤੇ 30 ਆਜ਼ਾਦ ਉਮੀਦਵਾਰ ਵੀ ਮੈਦਾਨ ’ਚ ਹਨ।
ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਹਲਕਾ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੀ ਹੈ ਜਦਕਿ ਸਮਾਜ ਲੇਬਰ ਪਾਰਟੀ ਗਿੱਦੜਬਾਹਾ ਤੇ ਸਮਾਜ ਭਲਾਈ ਮੋਰਚਾ ਚੱਬੇਵਾਲ ਤੋਂ ਮੈਦਾਨ ’ਚ ਹੈ। ਭਾਜਪਾ ਵੱਲੋਂ ਜ਼ਿਮਨੀ ਚੋਣਾਂ ਵਿਚ ਦਲ ਬਦਲੂਆਂ ਨੂੰ ਉਤਾਰਿਆ ਗਿਆ ਹੈ ਤੇ ਇੱਕ ਵੀ ਟਕਸਾਲੀ ਆਗੂ ਨੂੰ ਟਿਕਟ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਨ੍ਹਾਂ ਚੋਣਾਂ ਤੋਂ ਲਾਂਭੇ ਰਹਿਣ ਦਾ ਫ਼ੈਸਲਾ ਕੀਤਾ ਹੈ।
ਬਹਿਬਲ ਗੋਲੀ ਕਾਂਡ ਦਾ ਪੀੜਤ ਮੈਦਾਨ ਵਿੱਚ
ਹਲਕਾ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖ ਰਾਜਕਰਨ ਸਿੰਘ ਨੇ ਕਾਗ਼ਜ਼ ਦਾਖਲ ਕੀਤੇ ਹਨ। ਚੇਤੇ ਰਹੇ ਕਿ ਸੁਖ ਰਾਜਕਰਨ ਸਿੰਘ ਬਹਿਬਲ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ। ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਕਾਗ਼ਜ਼ ਦਾਖਲ ਕੀਤੇ ਹਨ ਜੋ ਕਿ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਹੈ।
ਜ਼ਿਮਨੀ ਚੋਣ ਲਈ 10 ਨਿਗਰਾਨ ਨਿਯੁਕਤ
ਭਾਰਤੀ ਚੋਣ ਕਮਿਸ਼ਨ ਨੇ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲੀਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਲਈ ਅਜੈ ਸਿੰਘ ਤੋਮਰ (ਮੋਬਾਈਲ ਨੰ. 7290976392), ਹਲਕਾ ਚੱਬੇਵਾਲ ਲਈ ਤਾਪਸ ਕੁਮਾਰ ਬਾਗਚੀ (ਮੋਬਾਈਲ ਨੰ. 8918226101), ਹਲਕਾ ਗਿੱਦੜਬਾਹਾ ਲਈ ਸਮਿਤਾ ਆਰ (ਮੋਬਾਈਲ ਨੰ. 9442222502) ਅਤੇ ਹਲਕਾ ਬਰਨਾਲਾ ਲਈ ਨਵੀਨ ਐੱਸਐੱਲ (ਮੋਬਾਈਲ ਨੰ. 8680582921) ਨੂੰ ਜਨਰਲ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਸਿਧਾਰਥ ਕੌਸ਼ਲ (ਮੋਬਾਈਲ ਨੰ. 8360616324) ਤੇ ਹਲਕਾ ਗਿੱਦੜਬਾਹਾ ਅਤੇ ਬਰਨਾਲਾ ਲਈ ਓਡਾਂਡੀ ਉਦੈ ਕਿਰਨ (ਮੋਬਾਈਲ ਨੰ. 8331098205) ਪੁਲੀਸ ਨਿਗਰਾਨ ਨਿਯੁਕਤ ਕੀਤੇ ਗਏ ਹਨ। ਹਲਕਾ ਡੇਰਾ ਬਾਬਾ ਨਾਨਕ ਲਈ ਪਚਿਯੱਪਨ ਪੀ. (ਮੋਬਾਈਲ ਨੰ. 7588182426), ਚੱਬੇਵਾਲ ਲਈ ਨਿਸ਼ਾਂਤ ਕੁਮਾਰ (ਮੋਬਾਈਲ ਨੰ. 8800434074), ਗਿੱਦੜਬਾਹਾ ਲਈ ਦੀਪਤੀ ਸਚਦੇਵਾ (ਮੋਬਾਈਲ ਨੰਬ. 9794830111) ਅਤੇ ਬਰਨਾਲਾ ਲਈ ਜੌਸਫ ਗੌਡਾ ਪਾਟਿਲ (ਮੋਬਾਈਲ ਨੰ. 9000511327) ਨੂੰ ਖਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।