For the best experience, open
https://m.punjabitribuneonline.com
on your mobile browser.
Advertisement

ਕੁਰੜਾ ਦੇ ਪੋਲਿੰਗ ਬੂਥ ਨੂੰ ਸੰਵੇਦਨਸ਼ੀਲ ਐਲਾਨਣ ਦੀ ਕਵਾਇਦ ਸ਼ੁਰੂ

08:35 AM Oct 07, 2024 IST
ਕੁਰੜਾ ਦੇ ਪੋਲਿੰਗ ਬੂਥ ਨੂੰ ਸੰਵੇਦਨਸ਼ੀਲ ਐਲਾਨਣ ਦੀ ਕਵਾਇਦ ਸ਼ੁਰੂ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 6 ਅਕਤੂਬਰ
ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰੜਾ ਵਿੱਚ ਅਦਾਲਤੀ ਹੁਕਮਾਂ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਚਾਇਤੀ ਚੋਣ ਦੌਰਾਨ ਵਾਧੂ ਪੁਲੀਸ ਤਾਇਨਾਤ ਕਰਨ ਅਤੇ ਵੀਡੀਓਗ੍ਰਾਫ਼ੀ ਕਰਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਪਿੰਡ ਦੇ ਪੰਚਾਇਤੀ ਪੋਲਿੰਗ ਬੂਥ ਨੂੰ ਸੰਵੇਦਨਸ਼ੀਲ ਐਲਾਨਣ ਤੇ ਵੀਡੀਓਗ੍ਰਾਫ਼ੀ ਕਰਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।
ਪੰਚਾਇਤੀ ਚੋਣਾਂ ਨਾਲ ਸਬੰਧਿਤ ਮਾਮਲਿਆਂ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਦੋ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਪਹਿਲਾਂ ਉਹ ਪਿੰਡ ਵਿੱਚ ਬਣੀਆਂ ਬਾਹਰੀ ਵਿਅਕਤੀਆਂ ਦੀਆਂ ਵੋਟਾਂ ਕਟਾਉਣ ਸਬੰਧੀ ਅਦਾਲਤ ਗਏ। ਦੂਜੀ ਵਾਰ ਉਹ ਪਿੰਡ ਵਿੱਚ 15 ਅਕਤੂਬਰ ਨੂੰ ਹੋ ਰਹੀ ਪੰਚਾਇਤੀ ਚੋਣ ਦੇ ਬੂਥ ਨੂੰ ਸੰਵੇਦਨਸ਼ੀਲ ਐਲਾਨਣ ਅਤੇ ਵੋਟਾਂ ਪੈਣ ਤੇ ਗਿਣਤੀ ਦੀ ਵੀਡੀਓਗ੍ਰਾਫ਼ੀ ਦੀ ਮੰਗ ਨੂੰ ਲੈ ਕੇ ਅਦਾਲਤ ਪਹੁੰਚੇ ਹਨ।
ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਹੁਣ ਪ੍ਰਸ਼ਾਸਨ ਵੱਲੋਂ ਪਿੰਡ ਕੁਰੜਾ ਦੇ ਪੋਲਿੰਗ ਬੂਥ ਨੂੰ ਸੰਵੇਦਨਸ਼ੀਲ ਐਲਾਨਣ, ਇੱਥੇ ਪੁਲੀਸ ਦੀ ਵਾਧੂ ਤਾਇਨਾਤੀ ਕਰਨ ਅਤੇ ਵੋਟਿੰਗ ਤੇ ਗਿਣਤੀ ਦੇ ਅਮਲ ਦੀ ਵੀਡੀਓਗ੍ਰਾਫ਼ੀ ਕਰਾਉਣ ਦੀ ਕਵਾਇਦ ਆਰੰਭ ਦਿੱਤੀ ਗਈ ਹੈ। ਏਡੀਸੀ (ਵਿਕਾਸ) ਵੱਲੋਂ ਮੰਗੀ ਰਿਪੋਰਟ ਉੱਤੇ ਬੀਡੀਪੀਓ ਮੁਹਾਲੀ ਨੇ ਆਪਣੀ ਟਿੱਪਣੀ ਵਿੱਚ ਦਰਖਾਸਤਕਰਤਾ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਵਾਧੂ ਪੁਲੀਸ ਦੀ ਮੌਜੂਦਗੀ ਅਤੇ ਵੀਡੀਓਗ੍ਰਾਫ਼ੀ ਕਰਾਉਣ ਦੀ ਸਿਫ਼ਾਰਿਸ਼ ਕੀਤੀ ਹੈ।
ਐੱਸਡੀਐੱਮ ਮੁਹਾਲੀ ਵੱਲੋਂ ਇਸ ਸਬੰਧੀ ਅੱਜ ਇੱਕ ਪੱਤਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੂੰ ਲਿਖਿਆ ਗਿਆ ਹੈ। ਐੱਸਡੀਐੱਮ ਨੇ ਸਬੰਧਿਤ ਬੂਥ ’ਤੇ ਵਾਧੂ ਫੋਰਸ ਤਾਇਨਾਤ ਕਰਨ ਅਤੇ ਵੀਡੀਓਗ੍ਰਾਫ਼ੀ ਲਈ ਲੋੜੀਂਦਾ ਬਜਟ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਪੱਤਰ ਉੱਤੇ ਇਕ ਦੋ ਦਿਨਾਂ ਵਿਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

Advertisement

ਲੋਕ ਸਭਾ ਚੋਣਾਂ ਮੌਕੇ ਬੂਥ ’ਤੇ ਹੋ ਚੁੱਕੀ ਹੈ ਝੜਪ

ਲੰਘੀਆਂ ਲੋਕ ਸਭਾ ਚੋਣਾਂ ਮੌਕੇ ਪਿੰਡ ਕੁਰੜਾ ਦੇ ਪੋਲਿੰਗ ਬੂਥ ਉੱਤੇ ਸਾਬਕਾ ਸਰਪੰਚ ਦਵਿੰਦਰ ਸਿੰਘ (ਕਾਂਗਰਸ ਪਾਰਟੀ ਦੇ ਸਮਰਥਕ) ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਦੇ ਸਮਰਥਕਾਂ ਦਰਮਿਆਨ ਬਾਹਰੀ ਵੋਟਾਂ ਨੂੰ ਲੈ ਕੇ ਲੜਾਈ ਹੋ ਗਈ ਸੀ। ਪੰਚਾਇਤੀ ਚੋਣਾਂ ਵਿੱਚ ਪੰਚਾਇਤ ਵਿਭਾਗ ਵੱਲੋਂ ਲੋੜੀਂਦੀ ਐੱਨਓਸੀ ਨਾ ਦਿੱਤੇ ਜਾਣ ਕਾਰਨ ਦਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਉਨ੍ਹਾਂ ਦਾ ਪੁੱਤਰ ਹਰਮੀਤ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਖ਼ੁਦ ਸਰਪੰਚੀ ਲਈ ਮੈਦਾਨ ਵਿੱਚ ਹੈ। ਦੋਵੇਂ ਧਿਰਾਂ ਦਰਮਿਆਨ ਇੱਥੇ ਫ਼ਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

Advertisement

Advertisement
Author Image

Advertisement