ਮੁਕੇਰੀਆਂ ਵਿੱਚ ਕੂੜੇ ਦੇ ਮਾੜੇ ਪ੍ਰਬੰਧਨ ਦਾ ਮਸਲਾ ਭਖਿਆ
ਪੱਤਰ ਪ੍ਰੇਰਕ
ਮੁਕੇਰੀਆਂ, 15 ਸਤੰਬਰ
ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਵੱਲੋਂ ਸ਼ਹਿਰ ਵਿੱਚ ਕੂੜੇ ਦੇ ਮਾੜੇ ਪ੍ਰਬੰਧਨ ਦਾ ਮਾਮਲਾ ਵਿਧਾਨ ਸਭਾ ਵਿੱਚ ਚੁੱਕਣ ਤੋਂ ਬਾਅਦ ਇਹ ਮਾਮਲਾ ਭਖ ਗਿਆ ਹੈ। ਨਗਰ ਕੌਂਸਲ ਵਲੋਂ ਕੂੜਾ ਸੁੱਟਣ ਲਈ ਲੱਭੀ ਗਈ ਨਵੀਂ ਥਾਂ ‘ਆਪ’ ਦੇ ਵਿਧਾਨ ਸਭਾ ਉਮੀਦਵਾਰ ਰਹੇ ਸੁਲੱਖਣ ਸਿੰਘ ਜੱਗੀ ਨੂੰ ਕਿੱਧਰੇ ਨਜ਼ਰ ਨਹੀਂ ਆ ਰਹੀ। ਸ੍ਰੀ ਜੱਗੀ ਨੇ ਨਗਰ ਕੌਂਸਲ ਅਧਿਕਾਰੀ ਵਲੋਂ ਲੋਕ ਸੰਪਰਕ ਵਿਭਾਗ ਰਾਹੀਂ ਕੂੜਾਂ ਡੰਪ ਲਈ ਲੱਭੀ ਥਾਂ ਬਾਰੇ ਦਿੱਤੇ ਬਿਆਨ ਨੂੰ ਸਰਕਾਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ ਕਰਾਰ ਦਿੰਦਿਆਂ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁਕੇਰੀਆਂ ਨਗਰ ਕੌਂਸਲ ਦੇ ਈਓ ਨੇ ਲੋਕ ਸੰਪਰਕ ਵਿਭਾਗ ਰਾਹੀਂ ਦਾਅਵਾ ਕੀਤਾ ਸੀ ਕਿ ਕੌਂਸਲ ਨੂੰ ਕੂੜਾ ਸੁੱਟਣ ਲਈ ਨਵੀਂ ਜਗ੍ਹਾ ਲੱਭ ਗਈ ਹੈ ਅਤੇ ਸ਼ਹਿਰ ਦਾ ਕੂੜਾ ਉੱਥੇ ਡੰਪ ਕੀਤਾ ਜਾ ਰਿਹਾ ਹੈ।
‘ਆਪ’ ਆਗੂ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਬੀਤੇ ਦਿਨ ਅਖਬਾਰ ਵਿੱਚ ਕੂੜੇ ਲਈ ਜਗ੍ਹਾ ਮਿਲਣ ਬਾਰੇ ਖਬਰ ਪੜ੍ਹਨ ਉਪਰੰਤ ਉਨ੍ਹਾਂ ਸਬੰਧਤ ਜਗ੍ਹਾ ਦੀ ਭਾਲ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਕਿੱਧਰੇ ਵੀ ਇਹ ਜਗ੍ਹਾ ਨਾ ਮਿਲੀ ਪਰ ਸ਼ਹਿਰ ਦੇ ਕੂੜਾ ਡੰਪਾਂ ਅੰਦਰ ਭਰਿਆ ਕੂੜਾ ਜ਼ਰੂਰ ਨਜ਼ਰ ਆਇਆ। ਖਬਰ ਨਾਲ ਲੱਗੀਆਂ ਤਸਵੀਰਾਂ ਅਤੇ ਖਬਰ ਬਾਰੇ ਜਦੋਂ ਉਨ੍ਹਾਂ ਕੌਂਸਲਰਾਂ ਕੋਲੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਗੁਮਰਾਹਕੁਨ ਬਿਆਨ ਈਓ ਵਲੋਂ ਆਪਣਾ ਆਪ ਬਚਾਉਣ ਲਈ ਦਿੱਤਾ ਗਿਆ ਸੀ। ਨਾ ਤਾਂ ਸ਼ਹਿਰ ਦਾ ਕੂੜਾ ਬਾਹਰ ਲਿਜਾਇਆ ਗਿਆ ਹੈ ਅਤੇ ਨਾ ਹੀ ਕੋਈ ਨਵੀਂ ਜਗ੍ਹਾ ਮਿਲੀ ਹੈ। ਇਸ ਜਾਣਕਾਰੀ ਨੂੰ ਲੋਕ ਸੰਪਰਕ ਵਿਭਾਗ ਨੇ ਵਾਚਣਾ ਠੀਕ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਹਾਲੇ ਤੱਕ ਜਗ੍ਹਾ ਬਾਰੇ ਸਪੱਸ਼ਟ ਨਹੀਂ ਹੋ ਸਕਿਆ, ਜਿਸ ਬਾਰੇ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਉਨ੍ਹਾਂ ਈਓ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੀ ਅਜਿਹੀ ਕਾਰਵਾਈ ਲੋਕਾਂ ਵਿੱਚ ਸਰਕਾਰ ਦਾ ਅਕਸ ਖਰਾਬ ਕਰ ਰਹੀ ਹੈ।
ਕੂੜਾ ਡੰਪ ਲਈ ਕਈ ਥਾਵਾਂ ਦੀ ਸ਼ਨਾਖਤ ਕੀਤੀ: ਈਓ
ਨਗਰ ਕੌਂਸਲ ਦੇ ਈਓ ਮਦਨ ਸਿੰਘ ਨੇ ਮੰਨਿਆ ਕਿ ਹਾਲੇ ਪੱਕੀ ਜਗ੍ਹਾ ਨਹੀਂ ਮਿਲੀ ਅਤੇ ਕੁਝ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿਸ ਬਾਰੇ ਮੀਟਿੰਗ ਰੱਖੀ ਗਈ ਹੈ। ਪਾਸ ਹੋਣ ਉਪਰੰਤ ਸ਼ਹਿਰ ਦਾ ਕੂੜਾ ਉੱਥੇ ਲਿਜਾਇਆ ਜਾਵੇਗਾ।