For the best experience, open
https://m.punjabitribuneonline.com
on your mobile browser.
Advertisement

ਸਮੁੰਦਰੀ ਤੂਫਾਨਾਂ ਦੀ ਸਮੱਸਿਆ

06:47 AM Dec 07, 2023 IST
ਸਮੁੰਦਰੀ ਤੂਫਾਨਾਂ ਦੀ ਸਮੱਸਿਆ
Advertisement

ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਆਈ ਬਹੁਤ ਭਾਰੀ ਬਾਰਸ਼ ਨੇ ਚੇਨੱਈ ਨੂੰ ਗੋਡਿਆਂ ਪਰਨੇ ਲਿਆ ਦਿੱਤਾ ਹੈ। ਇਸ ਕਾਰਨ ਹੁਣ ਤਕ 15 ਤੋਂ ਜ਼ਿਆਦਾ ਜਾਨਾਂ ਜਾਣ ਦੀ ਖ਼ਬਰ ਹੈ; ਬਾਰਸ਼ਾਂ ਕਾਰਨ ਆਏ ਹੜ੍ਹਾਂ ਦੇ ਪਾਣੀ ਵਿਚ ਸੜਕਾਂ, ਸਬਵੇਅ ਤੇ ਸਰਕਾਰੀ ਹਸਪਤਾਲ ਆਦਿ ਡੁੱਬ ਗਏ ਹਨ ਅਤੇ ਬਹੁਤ ਸਾਰੇ ਵਾਹਨ ਪਾਣੀ ਦੇ ਵਹਾਅ ਨਾਲ ਰੁੜ੍ਹ ਗਏ ਹਨ। ਜ਼ਾਹਿਰ ਹੈ ਕਿ ਸਮੁੰਦਰੀ ਤੂਫਾਨ ਬਾਰੇ ਅਗਾਊਂ ਚਿਤਾਵਨੀਆਂ ਦੇਣ ਵਾਲੇ ਸਿਸਟਮ ਵੱਲੋਂ ਇਸ ਸਬੰਧੀ ਪਹਿਲਾਂ ਹੀ ਖ਼ਬਰਦਾਰ ਕੀਤੇ ਜਾਣ ਦੇ ਬਾਵਜੂਦ ਦੇਸ਼ ਦੀ ਇਸ ਮਹਾਨਗਰ ਦਾ ਪ੍ਰਸ਼ਾਸਨ ਇਸ ਆਫ਼ਤ ਦੇ ਟਾਕਰੇ ਲਈ ਸਹੀ ਢੰਗ ਨਾਲ ਤਿਆਰ ਨਹੀਂ ਸੀ। ਇਸ ਦੇ ਬਾਵਜੂਦ ਬੇਮੇਲ ਟਿੱਪਣੀ ਕਰਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਦਾਅਵਾ ਕੀਤਾ ਹੈ ਕਿ ‘ਸ਼ਹਿਰ ਸਿਰਫ਼ ਸਾਡੇ ਵੱਲੋਂ 4000 ਕਰੋੜ ਰੁਪਏ ਦੀ ਲਾਗਤ ਨਾਲ ਗਾਰ ਕਢਵਾਉਣ ਲਈ ਕੀਤੇ ਗਏ ਕੰਮਾਂ ਦੀ ਬਦੌਲਤ ਬਚ ਗਿਆ ਹੈ’। ਉਨ੍ਹਾਂ ਮੁਤਾਬਿਕ ਸਮੁੰਦਰੀ ਤੂਫਾਨ ਕਾਰਨ ਇਸ ਵਾਰ ਹੋਈ ਬਾਰਸ਼ 2015 ਵਿਚ ਹੋਈ ਅਜਿਹੀ ਬਾਰਸ਼ ਨਾਲੋਂ ਜ਼ਿਆਦਾ ਸੀ ਜਦੋਂ ਇਸ ਕਾਰਨ ਕਰੀਬ 200 ਲੋਕ ਮਾਰੇ ਗਏ ਸਨ।
ਇਹ ਦੁਖਦਾਈ ਹੈ ਕਿ ਸਿਆਸੀ ਆਗੂ ਆਫ਼ਤ ਦੇ ਦੌਰ ਵਿਚ ਵੀ ਆਪਣੀ ਵਡਿਆਈ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਦਾਅਵੇ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਹਾਲਾਤ ਨੂੰ ਬਿਹਤਰ ਢੰਗ ਨਾਲ ਸਿੱਝਿਆ ਹੈ ਜਦੋਂਕਿ 2015 ਦੇ ਹੜ੍ਹਾਂ ਦੌਰਾਨ ਅੰਨਾ ਡੀਐੱਮਕੇ ਸਰਕਾਰ ਦੀ ਇਸ ਸਬੰਧੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ ਸੀ। ਚੇਨੱਈ ਵਿਚ ਆਏ ਹੜ੍ਹਾਂ ਨੇ ਮਣਾਂ-ਮੂੰਹੀਂ ਪਾਣੀ ਨੂੰ ਬਾਹਰ ਕੱਢਣ ਵਾਲੇ ਡਰੇਨੇਜ਼ ਸਿਸਟਮ ਵਿਚਲੀਆਂ ਖ਼ਾਮੀਆਂ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ। ਇਹ ਬਦਇੰਤਜ਼ਾਮੀ ਅਤੇ ਤਿਆਰੀਆਂ ਦੀ ਕਮੀ ਨੈਸ਼ਨਲ ਸਾਈਕਲੋਨ ਰਿਸਕ ਮਿਟੀਗੇਸ਼ਨ ਪ੍ਰਾਜੈਕਟ ਨੂੰ ਲਾਗੂ ਕੀਤੇ ਜਾਣ ਸਬੰਧੀ ਵੀ ਸਵਾਲ ਖੜ੍ਹੇ ਕਰਦੀ ਹੈ। ਇਹ ਪ੍ਰਾਜੈਕਟ ਚੱਕਰਵਾਤੀ ਤੂਫਾਨਾਂ ਦੇ ਖ਼ਤਰੇ ਵਾਲੇ 13 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦਾ ਹੈ। ਤਾਮਿਲਨਾਡੂ ਨੂੰ ਇਸ ਸਬੰਧ ਵਿਚ ਆਂਧਰਾ ਪ੍ਰਦੇਸ਼, ਗੁਜਰਾਤ, ਉੜੀਸਾ ਅਤੇ ਪੱਛਮੀ ਬੰਗਾਲ ਦੇ ਨਾਲ ਭਾਰੀ ਖ਼ਤਰੇ ਵਾਲੇ ਸੂਬਿਆਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਸ ਦੇ ਅਰਥ ਇਹ ਹਨ ਕਿ ਇਨ੍ਹਾਂ ਸੂਬਿਆਂ ਨੂੰ ਸਾਲ ਭਰ ਕਿਸੇ ਵੀ ਅਜਿਹੇ ਹਾਲਾਤ ਨਾਲ ਸਿੱਝਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਕਿਸੇ ਸਮੇਂ ਭਾਰਤ ਵਿਚ ਆਫ਼ਤ ਪ੍ਰਬੰਧਨ ਰਾਹਤ ਕੇਂਦਰ ਸਰਕਾਰ ਰਾਹੀਂ ਸੰਚਾਲਿਤ ਹੁੰਦਾ ਸੀ ਪਰ ਹਾਲੀਆ ਸਾਲਾਂ ਦੌਰਾਨ ਤਵੱਜੋ ਬਦਲ ਕੇ ਸੂਬਾ ਸਰਕਾਰਾਂ ਦੁਆਰਾ ਵਧੇਰੇ ਸਰਗਰਮ ਪਹੁੰਚ ਵੱਲ ਕੇਂਦਰਿਤ ਕੀਤੀ ਗਈ ਹੈ ਤਾਂ ਕਿ ਜਾਨ ਤੇ ਮਾਲ ਦੇ ਨੁਕਸਾਨ ਨੂੰ ਵੱਧ ਤੋਂ ਵੱਧ ਘਟਾਇਆ ਜਾ ਸਕੇ। ਇਸ ਸਬੰਧ ਵਿਚ ਉੜੀਸਾ ਨੇ ਸਭ ਤੋਂ ਬਿਹਤਰ ਕਦਮ ਚੁੱਕੇ ਹਨ ਅਤੇ ਆਫ਼ਤ ਪ੍ਰਬੰਧਨ ਕਰਨ ਲਈ ਲੋਕਾਂ ਨੂੰ ਪਹਿਲਾਂ ਸੂਚਨਾ ਦੇਣ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਚੇਨੱਈ ਵਰਗੇ ਸ਼ਹਿਰਾਂ ਵਿਚ ਇਹ ਸਮੱਸਿਆ ਵੀ ਹੈ ਕਿ ਇਹ ਸਮੁੰਦਰ ਦੇ ਕੰਢੇ ਸਥਿਤ ਹਨ ਅਤੇ ਸੰਘਣੀ ਵਸੋਂ ਕਾਰਨ ਚੱਕਰਵਾਤੀ ਤੂਫਾਨਾਂ ਦੀ ਮਾਰ ਇਨ੍ਹਾਂ ਸ਼ਹਿਰਾਂ ਵਿਚ ਵੱਡਾ ਨੁਕਸਾਨ ਕਰਦੀ ਹੈ। ਬੀਤੇ ਜੂਨ ਵਿਚ ਦੇਸ਼ ਦੇ ਪੱਛਮੀ ਸਾਹਿਲ ਉੱਤੇ ਮਾਰ ਕਰਨ ਵਾਲੇ ਚੱਕਰਵਾਤੀ ਤੂਫਾਨ ਬਿਪਰਜੁਆਏ ਕਾਰਨ ਗੁਜਰਾਤ ਅਤੇ ਇਸ ਦੇ ਗੁਆਂਢੀ ਸੂਬਿਆਂ ਵਿਚ ਕੁੱਲ ਮਿਲਾ ਕੇ ਦਰਜਨ ਭਰ ਹੀ ਜਾਨਾਂ ਗਈਆਂ ਸਨ। ਚੇਨੱਈ ਵਿਚ ਵਾਪਰੀ ਤ੍ਰਾਸਦੀ ਇਸ ਸਬੰਧੀ ਖੱਪਿਆਂ ਨੂੰ ਫ਼ੌਰੀ ਤੌਰ ’ਤੇ ਪੂਰਨ ਦੀ ਲੋੜ ਨੂੰ ਉਜਾਗਰ ਕਰਦੀ ਹੈ। ਕੇਂਦਰ ਅਤੇ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਸਿਆਸੀ ਸਬੰਧਤਾਵਾਂ ਦੇ ਬਾਵਜੂਦ ਆਫ਼ਤਾਂ ਦਾ ਅਸਰ ਘਟਾਉਣ ਲਈ ਕਰੀਬੀ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ।

Advertisement

Advertisement
Author Image

Advertisement
Advertisement
×