For the best experience, open
https://m.punjabitribuneonline.com
on your mobile browser.
Advertisement

ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਗੰਭੀਰ

10:49 AM Oct 20, 2024 IST
ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਗੰਭੀਰ
ਸੰਗਰੂਰ ਦੀ ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਹੋਏ ਅੰਬਾਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਕਤੂਬਰ
ਜ਼ਿਲ੍ਹਾ ਸੰਗਰੂਰ ’ਚ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਹੋਏ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ ਜਿਸ ਕਾਰਨ ਮੰਡੀਆਂ ਵਿਚ ਥਾਂ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਲੈ ਕੇ ਪੁੱਜ ਰਹੇ ਕਿਸਾਨਾਂ ਨੂੰ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਆੜ੍ਹਤੀ ਵੀ ਪ੍ਰੇਸ਼ਾਨ ਹੋ ਰਹੇ ਹਨ। ਸਰਕਾਰੀ ਅੰਕੜੇ ਲਿਫਟਿੰਗ ਦੀ ਗੰਭੀਰ ਹੋਈ ਸਮੱਸਿਆ ਨੂੰ ਖੁਦ ਦਰਸਾਉਂਦੇ ਹਨ। ਜ਼ਿਲ੍ਹਾ ਸੰਗਰੂਰ ਵਿਚ ਸਰਕਾਰੀ ਏਜੰਸੀਆਂ ਵੱਲੋਂ ਕੱਲ੍ਹ ਤੱਕ 47203 ਮੀਟਰਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਵਿਚੋਂ ਸਿਰਫ਼ 2052 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ ਜਦੋਂਕਿ 45151 ਮੀਟਰਕ ਟਨ ਝੋਨੇ ਦੀ ਫਸਲ ਲਿਫਟਿੰਗ ਤੋਂ ਵਾਂਝੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਬਾਸਮਤੀ ਸਮੇਤ ਕੱਲ੍ਹ ਤੱਕ 1,10,306 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 1,01,437 ਮੀਟਰਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚੋਂ ਭਵਾਨੀਗੜ੍ਹ, ਚੀਮਾ, ਦਿੜ੍ਹਬਾ, ਸ਼ੇਰਪੁਰ, ਸ਼ੂਲਰ ਘਰਾਟ ਅਤੇ ਸੁਨਾਮ ਵਿਚ ਲਿਫਟਿੰਗ ਹਾਲੇ ਤੱਕ ਹੋ ਨਹੀਂ ਸਕੀ। ਸਥਾਨਕ ਅਨਾਜ ਮੰਡੀ ਵਿਚ ਖ਼ਰੀਦ ਹੋਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੁੱਟਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨਾਜ ਮੰਡੀ ਪਹਿਲਾਂ ਹੀ ਜਗਾਹ ਦੀ ਘਾਟ ਨਾਲ ਜੂਝ ਰਹੀ ਹੈ ਪਰੰਤੂ ਲਿਫਟਿੰਗ ਨਾ ਹੋਣ ਕਾਰਨ ਸਮੱਸਿਆ ਹੋਰ ਗੰਭੀਰ ਰੂਪ ਧਾਰ ਰਹੀ ਹੈ। ਅਜਿਹੀਆਂ ਹਾਲਤਾਂ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਸੰਘਰਸ਼ ਦੇ ਰਾਹ ’ਤੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਅਜਿਹੇ ਹਾਲਾਤ ਲਈ ਸਰਕਾਰ ਜ਼ਿੰਮੇਵਾਰ ਹੈ। ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਕਿਹਾ ਕਿ ਅਨਾਜ ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਫ਼ਸਲ ਸੁਟਵਾਉਣ ਲਈ ਥਾਂ ਨਹੀਂ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅਨਾਜ ਮੰਡੀ ਭਵਾਨੀਗੜ੍ਹ ਸਮੇਤ ਬਲਾਕ ਦੇ 18 ਖਰੀਦ ਕੇਂਦਰਾਂ ਵਿਖੇ ਖ਼ਰੀਦੇ ਗਏ ਝੋਨੇ ਦੀ ਲਿਫਟਿੰਗ ਦਾ ਕੰਮ ਠੱਪ ਹੋਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਦੇ ਸੁਪਰਡੈਂਟ ਕੁਲਵੰਤ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਭਵਾਨੀਗੜ੍ਹ ਸਮੇਤ ਬਲਾਕ ਦੇ 18 ਖ਼ਰੀਦ ਕੇਂਦਰਾਂ ਵਿੱਚ ਅੱਜ ਸ਼ਾਮ ਤੱਕ ਇੱਕ ਲੱਖ 94 ਹਜ਼ਾਰ ਕੁਇੰਟਲ ਝੋਨਾ ਆਇਆ ਹੈ ਅਤੇ ਇਸ ਵਿੱਚੋਂ ਇੱਕ ਲੱਖ 74 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ। ਇੱਕ ਲੱਖ 66 ਹਜ਼ਾਰ ਕੁਇੰਟਲ ਝੋਨਾ ਅਜੇ ਮੰਡੀਆਂ ਵਿੱਚ ਹੀ ਪਿਆ ਹੈ।

Advertisement

Advertisement
Advertisement
Author Image

Advertisement