ਮੁਹਾਲੀ ’ਚੋਂ ਕੂੜੇ ਦੀ ਸਮੱਸਿਆ ਹੱਲ ਹੋਣ ਦੇ ਆਸਾਰ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 11 ਨਵੰਬਰ
ਮੁਹਾਲੀ ਵਿੱਚ ਕੂੜਾ ਪ੍ਰਬੰਧਨ ਦੀ ਸਮੱਸਿਆ (ਕੂੜੇ ਦੀ ਨਿਕਾਸੀ) ਦਾ ਮਸਲਾ ਹੱਲ ਹੋਣ ਦੀ ਆਸ ਬੱਝ ਗਈ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਨੇ ਸ਼ਹਿਰ ਤੋਂ ਕੂੜੇ ਦੀ ਨਿਕਾਸੀ ਕਰਨ ਵਾਲੀ ਕੰਪਨੀ ਨੂੰ ਰੋਜ਼ਾਨਾ 100 ਟਨ ਕੂੜੇ ਦੀ ਨਿਕਾਸੀ ਦੀ ਇਜਾਜ਼ਤ ਦੇਣ ਦੇ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਂਜ ਅਜੇ ਸਰਕਾਰੀ ਪੱਤਰ ਨਗਰ ਨਿਗਮ ਦਫ਼ਤਰ ਨਹੀਂ ਪੁੱਜਾ ਹੈ। ਉਧਰ, ਨਗਰ ਨਿਗਮ ਦੇ ਅਧਿਕਾਰੀਆਂ ਨੇ ਕੂੜੇ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਹੈ ਅਤੇ ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ ਅਤੇ ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ ਖ਼ੁਦ ਇਸ ਕੰਮ ਦੀ ਨਜ਼ਰਸਾਨੀ ਕਰ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਕੁੱਝ ਸਮਾਂ ਪਹਿਲਾਂ ਉੱਚ ਅਦਾਲਤ ਦੇ ਹੁਕਮਾਂ ’ਤੇ ਮੁਹਾਲੀ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ’ਤੇ ਪਾਬੰਦੀ ਲਗਾਈ ਗਈ ਸੀ। ਇਸ ਕਾਰਨ ਸ਼ਹਿਰ ਵਿੱਚ ਗੰਦਗੀ ਫੈਲ ਗਈ ਸੀ। ਕੂੜੇ ਦੇ ਮੁੱਦੇ ’ਤੇ ਕੁੱਝ ਦਿਨ ਪਹਿਲਾਂ ‘ਆਪ’ ਕੌਂਸਲਰ ਨੇ ਨਿਗਮ ਦਫ਼ਤਰ ਬਾਹਰ ਧਰਨਾ ਵੀ ਲਾਇਆ ਸੀ ਪਰ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਮਸਲੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਸੀ। ਡਿਪਟੀ ਮੇਅਰ ਨੇ ਲੜੀਵਾਰ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਅੱਜ ਉਨ੍ਹਾਂ ਨੇ ਧਰਨੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।
ਕੂੜੇ ਦੀ ਨਿਕਾਸੀ ਨਾਲ ਬਿਹਤਰ ਹੋਵੇਗੀ ਸਫ਼ਾਈ ਵਿਵਸਥਾ: ਮੇਅਰ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਕੂੜੇ ਦੀ ਨਿਕਾਸੀ ਦੀ ਸਮੱਸਿਆ ਹੱਲ ਹੋਣ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ ਬਿਹਤਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਵਿਭਾਗ ਵੱਲੋਂ ਇਸ ਮਤੇ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੁੰਦੀ ਤਾਂ ਅੱਜ ਸ਼ਹਿਰ ਦੇ ਇਹ ਹਾਲਾਤ ਨਾ ਬਣਦੇ।