ਬੱਲੋਪੁਰ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਹੱਲ
ਪੱਤਰ ਪ੍ਰੇਰਕ
ਲਾਲੜੂ, 17 ਸਤੰਬਰ
ਬੱਲੋਪੁਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪਿੰਡ ’ਚ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਪੀਣ ਵਾਲੇ ਪਾਣੀ ਦੀ ਲੰਬੇ ਸਮੇਂ ਤੋਂ ਕਿੱਲਤ ਦੇ ਮੱਦੇਨਜ਼ਰ ਵਿਧਾਇਕ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਵਾਂ ਟਿਊਬਵੈੱਲ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ ਜਿਸ ਲਈ ਟੈਂਡਰ ਪ੍ਰਕਿਰਿਆ ਪੁਰੀ ਹੋਣ ਤੋਂ ਬਾਅਦ ਅੱਜ ਟਿਊਬਵੈੱਲ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਵਿਧਾਇਕ ਸ੍ਰੀ ਰੰਧਾਵਾ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਬੱਲੋਪੁਰ ‘ਚ 8 ਇੰਚ ਦਾ ਬੋਰ ਲਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਡੂੰਘਾਈ 300 ਫੁੱਟ ਹੋਵੇਗੀ। ਇਸ ਟਿਊਬਵੈੱਲ ਨੂੰ ਲਗਾਉਣ ‘ਤੇ ਕਰੀਬ 28 ਲੱਖ 31 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਰੰਧਾਵਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਪਾਰਦਰਸੀ, ਪ੍ਰਭਾਵੀ ਅਤੇ ਜਵਾਬਦੇਹ ਪ੍ਰਸਾਸਨ ਦੇਣ ਲਈ ਵਚਨਬੱਧ ਹੈ। ਲਾਲੜੂ ਸਰਕਲ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ‘ਆਪ’ ਵਰਕਰਾਂ ਅਤੇ ਪਿੰਡ ਦੇ ਲੋਕਾਂ ਨੇ ਵਿਧਾਇਕ ਰੰਧਾਵਾ ਦਾ ਧੰਨਵਾਦ ਕੀਤਾ।