ਨਿੱਜੀ ਸਕੂਲ ਬਚਾਓ ਮੁਹਿੰਮ ਪੂਰੇ ਸੂਬੇ ਵਿੱਚ ਸ਼ੁਰੂ ਕਰਨ ਦਾ ਫ਼ੈਸਲਾ
ਪੱਤਰ ਪ੍ਰੇਰਕ
ਟੋਹਾਣਾ, 27 ਜੁਲਾਈ
ਹਰਿਆਣਾ ਦੇ ਨਿੱਜੀ ਸਕੂਲਾਂ ਨੇ ਸਿੱਖਿਆ ਅਤੇ ਰੁਜ਼ਗਾਰ ਬਚਾਉਣ ਦੀ ਮੁਹਿੰਮ ਪੂਰੇ ਸੂਬੇ ਵਿੱਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਨਿੱਜੀ ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਕੁਲਭੂਸ਼ਣ ਸ਼ਰਮਾ ਨੇ ਇਥੇ ਨਿੱਜੀ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਸੂਬੇ ਵਿੱਚ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਲੌਕਡਾਊਨ ਕਾਰਨ ਬੰਦ ਪਏ ਨਿੱਜੀ ਸਕੂਲ ਨੂੰ ਬਚਾਉਣ ਲਈ ‘ਸੇਵ ਐਜ਼ੂਕੇਸ਼ਨ ਤੇ ਸੇਵ ਰੁਜ਼ਗਾਰ’ ਦੇ ਨਾਂਅ ਹੇਠ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਸ਼ਹਿਰਾਂ ਦੇ ਵੱਡੇ ਸਕੂਲਾਂ ਨੂੰ ਕਰੋਨਾ ਦੀ ਵੱਡੀ ਮਾਰ ਨਹੀਂ ਪਈ, ਪਰ ਛੋਟੇ ਸ਼ਹਿਰਾਂ ਵਿੱਚ ਨਿੱਜੀ ਸਕੂਲਾਂ ਦੀ ਮਾਲੀ ਹਾਲਤ ਤਰਸਯੋਗ ਬਣੀ ਹੋਈ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ 80 ਫ਼ੀਸਦੀ ਸਕੂਲਾਂ ਵਿੱਚ ਫ਼ੀਸ ਬਿਲਕੁਲ ਨਾ ਆਉਣ ’ਤੇ ਸਕੂਲ ਮਾਲਕ ਲਾਗਤਾਂ ਨਾਲ ਪਿਸ ਰਹੇ ਹਨ। ਸਕੂਲਾਂ ਦੇ ਮਾਲਕਾਂ ਨੇ ਕਿਹਾ ਕਿ ਸਰਕਾਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਾਲੀ ਮਦਦ ਕਰੇ ਤਾਂ ਹੀ ਸਕੂਲ ਸਟਾਫ ਨੂੰ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ 134ਏ ਤਹਿਤ ਵਿਦਆਰਥੀਆਂ ਦੀ ਫ਼ੀਸ ਸਰਕਾਰ ਤੁਰੰਤ ਜਮ੍ਹਾਂ ਕਰਵਾ ਕੇ ਰਾਹਤ ਦੇਵੇ। ਸ੍ਰੀ ਸ਼ਰਮਾ ਨੇ ਕਿਹਾ ਕਿ ਉਪਰੋਕਤ ਮੁਹਿੰਮ ਦਿੱਲੀ ਤੋਂ ਆਰੰਭੀ ਜਾਵੇਗੀ। ਇਸ ਮੌਕੇ ਸੂਬਾ ਕਾਰਜਕਾਰੀ ਮੈਂਬਰ ਤੇ ਸਥਾਨਕ ਇਕਾਈ ਦੇ ਅਹੁਦੇਦਾਰ ਮੌਜੂਦ ਸਨ।