ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੂੰ ਮਸਲੇ ਵਿਧਾਨ ਸਭਾ ’ਚ ਉੱਠਣ ਦੀ ਆਸ ਬੱਝੀ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਨਵੰਬਰ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਮਾਲਵਾ ਖੇਤਰ ’ਚੋਂ ਜਿੱਤੇ ਦੋ ਉਮੀਦਵਾਰਾਂ ਦੇ ਵਿਧਾਨ ਸਭਾ ਵਿੱਚ ਜਾਣ ਤੋਂ ਬਾਅਦ ਹੁਣ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਪਣੇ ਮਸਲਿਆਂ ਦਾ ਹੱਲ ਹੋਣ ਦੀ ਵੱਡੀ ਉਮੀਦ ਬੱਝੀ ਹੈ। ਇਨ੍ਹਾਂ ਦੋਨੇਂ ਨਵੇਂ ਬਣੇ ਵਿਧਾਇਕਾਂ ’ਚੋਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਆਪ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ, ਜੋ ਮਾਲਵਾ ਖੇਤਰ ਦੀ ਪ੍ਰਸਿੱਧ ਬੱਸ ਟਰਾਂਸਪੋਰਟ ਕੰਪਨੀ ਨਿਊ ਦੀਪ ਦੇ ਮੁੱਖ ਪ੍ਰਬੰਧਕਾਂ ’ਚੋਂ ਹਨ ਅਤੇ ਬਰਨਾਲਾ ਤੋਂ ਕਾਂਗਰਸ ਪਾਰਟੀ ਵੱਲੋਂ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ, ਬਰਨਾਲਾ ਦੀ ਢਿੱਲੋਂ ਟਰਾਂਸਪੋਰਟ ਕੰਪਨੀ ਨਾਲ ਜੁੜੇ ਹੋਏ ਹਨ। ਇਹ ਦੋਵੇਂ ਜਣੇ ਲੰਬੇ ਸਮੇਂ ਬੱਸ ਟਰਾਂਸਪੋਰਟ ਦਾ ਧੰਦਾ ਕਰਦੇ ਆ ਰਹੇ ਹਨ। ਇਨ੍ਹਾਂ ਦੇ ਵਿਧਾਇਕ ਬਣਨ ਤੋਂ ਬਾਅਦ ਟਰਾਂਸਪੋਰਟਰਾਂ ਨੂੰ ਇੱਕ ਨਵੀਂ ਆਸ ਪੈਦਾ ਹੋਈ ਹੈ ਕਿ ਹੁਣ ਵਿਧਾਨ ਸਭਾ ਵਿੱਚ ਟਰਾਂਸਪੋਰਟਰਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਉਠਾਉਣ ਲਈ ਇਹ ਨੁਮਾਇੰਦੇ ਆਪਣੀ ਆਵਾਜ਼ ਬੁਲੰਦ ਕਰਨਗੇ। ਨਵੇਂ ਜੇਤੂਆਂ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੇ ਅੰਤਰ ਨਾਲ ਹਰਾਇਆ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅਤੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾਇਆ ਹੈ। ਪੰਜਾਬ ਵਿੱਚ ਵੱਡੇ ਘਰਾਂ ਵੱਲੋਂ ਟਰਾਂਸਪੋਰਟ ਖੇਤਰ ਵਿੱਚ ਕਬਜ਼ਾ ਕਰਨ ਤੋਂ ਬਾਅਦ ਭਾਵੇਂ ਛੋਟੇ ਟਰਾਂਸਪੋਰਟਰਾਂ ਦਾ ਬੁਰਾ ਹਾਲ ਹੋ ਗਿਆ ਸੀ ਪਰ ਵਿਧਾਨ ਸਭਾ ਵਿੱਚ ਟਰਾਂਸਪੋਰਟਰਾਂ ਦੇ ਮਸਲਿਆਂ ਨੂੰ ਉਠਾਉਣ ਵਾਲਾ ਕੋਈ ਵੀ ਵਿਧਾਇਕ ਨਹੀਂ ਰਿਹਾ। ਹਾਲਾਂਕਿ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੇ ਕਬਜ਼ੇ ਖਿਲਾਫ਼ ਕਈ ਗੈਰ-ਟਰਾਂਸਪੋਰਟ ਵਿਧਾਇਕ ਮਸਲਿਆਂ ਨੂੰ ਸਦਨ ਦੇ ਸਾਹਮਣੇ ਰੱਖਦੇ ਰਹੇ ਹਨ ਪਰ ਪਹਿਲੀ ਵਾਰ ਸੱਤਾਧਾਰੀ ਧਿਰ ਨਾਲ ਜੁੜੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵਿਧਾੲਕ ਬਣਨ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟਰਾਂ ਵਿੱਚ ਮਸਲਿਆਂ ਨੂੰ ਸਰਕਾਰ ਸਾਹਮਣੇ ਰੱਖਣ ਦੀ ਵੱਡੀ ਉਮੀਦ ਬੱਝੀ ਹੈ। ਡਿੰਪੀ ਢਿੱਲੋਂ ਦੀ ਵੱਡੀ ਟਰਾਂਸਪੋਰਟ ਕੰਪਨੀ ਨਿਊ ਦੀਪ ਬੇਸ਼ੱਕ ਕਿਸੇ ਸਮੇਂ ਬਾਦਲਾਂ ਦੇ ਨੇੜਲੀਆਂ ਕੰਪਨੀਆਂ ਵਿੱਚ ਮੰਨੀ ਜਾਂਦੀ ਰਹੀ ਹੈ ਪਰ ਹੁਣ ਉਸਦੇ ਸੱਤਾਧਾਰੀ ਧਿਰ ਨਾਲ ਜੁੜਨ ਕਰ ਕੇ ਆਮ ਆਦਮੀ ਪਾਰਟੀ ਵੱਲੋਂ ਟਰਾਂਸਪੋਰਟਰਾਂ ਦੇ ਧੰਦੇ ਨੂੰ ਲਾਹੇਵੰਦ ਰੱਖਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਵੀ ਛੋਟੇ ਟਰਾਂਸਪੋਰਟਰਾਂ ਨੂੰ ਸਰਕਾਰ ਤੋਂ ਆਸ ਰਹੇਗੀ। ਉਧਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਬੇਸ਼ੱਕ ਵੱਡੇ ਘਰਾਂ ਨੂੰ ਬੱਸਾਂ ਵੇਚਣ ਦੀ ਚਰਚਾ ਹੈ ਪਰ ਫਿਰ ਵੀ ਉਸ ਤੋਂ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਵਜੋਂ ਬੱਸ ਮਾਲਕਾਂ ਅਤੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਬੱਸ ਸੇਵਾ ਨੂੰ ਸੁਚੱਜੀ ਅਤੇ ਹੋਰ ਬੇਹਤਰ ਬਣਾਉਣ ਲਈ ਮਸਲਿਆਂ ਨੂੰ ਉਠਾਉਣ ਦੀ ਫਿਲਹਾਲ ਵੱਡੇ-ਛੋਟੇ ਟਰਾਂਸਪੋਰਟਰਾਂ ਵਿੱਚ ਉਮੀਦ ਖੜ੍ਹੀ ਹੋਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਿਚੋਂ ਤਿੰਨ ਸੀਟਾਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਜਾਣ ਤੋਂ ਬਾਅਦ ਵਰਕਰਾਂ ਦੇ ਹੌਸਲੇ ਬੁਲੰਦ ਹਨ ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਪਾਰਟੀ ਲਈ ਇਹ ਰਾਹਤ ਵਾਲੀ ਗੱਲ ਹੈ।