ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਅਕਾਲੀ ਦਲ ਬਾਰੇ ‘ਖ਼ਾਮੋਸ਼’ ਰਹੇ ਪ੍ਰਧਾਨ ਮੰਤਰੀ

06:40 AM May 25, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਦੋ ਦਿਨਾਂ ਚੋਣ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਿਸ਼ਾਨੇ ਤੋਂ ਮੁਕਤ ਰੱਖਿਆ ਜਿਸ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੌਰਾਨ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ ਅਤੇ ਕੌਮੀ ਪਾਰਟੀਆਂ ਖ਼ਿਲਾਫ਼ ਅਕਾਲੀ ਦਲ ਨੇ ਏਜੰਡਾ ਐਲਾਨਿਆ ਹੋਇਆ ਹੈ। ਪਹਿਲੀ ਦਫ਼ਾ ਹੈ ਕਿ ਭਾਜਪਾ ਸੂਬੇ ਵਿੱਚ ਇਕੱਲੇ ਤੌਰ ’ਤੇ 13 ਸੀਟਾਂ ’ਤੇ ਚੋਣ ਲੜ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕੌਮੀ ਪਾਰਟੀਆਂ ਖ਼ਿਲਾਫ਼ ਆਵਾਜ਼ ਚੁੱਕੀ ਹੈ ਜਿਨ੍ਹਾਂ ਨੂੰ ਪੰਜਾਬ ਵਿੱਚ ਵੋਟ ਨਾ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਕੱਲ੍ਹ ਪਟਿਆਲਾ ਵਿੱਚ ਚੋਣ ਰੈਲੀ ਕੀਤੀ ਅਤੇ ਅੱਜ ਜਲੰਧਰ ਤੇ ਗੁਰਦਾਸਪੁਰ ਵਿੱਚ ਚੋਣ ਰੈਲੀ ਕੀਤੀ ਹੈ। ਇਨ੍ਹਾਂ ਰੈਲੀਆਂ ਵਿੱਚ ਮੋਦੀ ਨੇ ‘ਇੰਡੀਆ ਗੱਠਜੋੜ’ ਦੇ ਹਿੱਸੇਦਾਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤਾਬੜ-ਤੋੜ ਹਮਲੇ ਕੀਤੇ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਰੈਲੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਭਾਸ਼ਣ ਦਾ ਹਿੱਸਾ ਨਹੀਂ ਬਣਾਇਆ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਭਾਜਪਾ ’ਤੇ ਹੱਲੇ ਬੋਲੇ ਜਾ ਰਹੇ ਹਨ, ਉਸ ਪਾਰਟੀ ਖ਼ਿਲਾਫ਼ ਪ੍ਰਧਾਨ ਮੰਤਰੀ ਵੱਲੋਂ ਇੱਕ ਸ਼ਬਦ ਵੀ ਨਾ ਬੋਲਣਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਬਠਿੰਡਾ ਸੰਸਦੀ ਹਲਕੇ ਵਿੱਚ ਵਿਰੋਧੀ ਧਿਰਾਂ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਮਤਲਬ ਭਾਜਪਾ ਨੂੰ ਵੋਟ ਪਾਉਣੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਰੇ ਚੰਗੀ ਜਾਂ ਕੋਈ ਮਾੜੀ ਟਿੱਪਣੀ ਨਾ ਕਰਨ ਤੋਂ ਸਿਆਸੀ ਹਲਕੇ ਕਈ ਅੰਦਾਜ਼ੇ ਲਗਾ ਰਹੇ ਹਨ। ਪ੍ਰਧਾਨ ਮੰਤਰੀ ਨੇ ਜਲੰਧਰ ਰੈਲੀ ਵਿੱਚ ਪੰਜਾਬ ’ਚ ਨਸ਼ਿਆਂ ਦੀ ਮਾਰ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਲੈ ਕੇ ਮੌਜੂਦਾ ਸਰਕਾਰ ਤੇ ਹੱਲੇ ਬੋਲੇ ਪ੍ਰੰਤੂ ਉਨ੍ਹਾਂ ਨਸ਼ਿਆਂ ਦੇ ਮਾਮਲੇ ’ਚ ਕਿਸੇ ਹੋਰ ਧਿਰ ਦਾ ਜ਼ਿਕਰ ਤੱਕ ਨਹੀਂ ਕੀਤਾ। ਨਰਿੰਦਰ ਮੋਦੀ ਦੀ ਅਕਾਲੀ ਦਲ ਬਾਰੇ ਚੁੱਪ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਕੋਈ ਆਖ ਰਿਹਾ ਹੈ ਕਿ ਚੋਣ ਨਤੀਜਿਆਂ ਮਗਰੋਂ ਅਕਾਲੀ ਦਲ ਮੁੜ ਭਾਜਪਾ ਨਾਲ ਹੱਥ ਮਿਲਾ ਸਕਦਾ ਹੈ। ਸੁਨੀਲ ਜਾਖੜ ਆਖ ਚੁੱਕੇ ਹਨ ਕਿ ਜੇ ਅਕਾਲੀ ਦਲ ਨਾਲ ਮੁੜ ਜੱਫੀ ਹੀ ਪਾਉਣੀ ਹੁੰਦੀ ਤਾਂ ਚੋਣਾਂ ਤੋਂ ਪਹਿਲਾਂ ਗੱਠਜੋੜ ਕਰ ਲੈਂਦੇ ਜਿਸ ਨਾਲ ਚੋਣਾਂ ਵਿੱਚ ਫ਼ਾਇਦਾ ਵੀ ਹੋਣਾ ਸੀ। ਦੇਖਿਆ ਜਾਵੇ ਤਾਂ ਮੋਦੀ ਨੇ ਰੈਲੀ ਵਿੱਚ ਕਿਸਾਨਾਂ ਲਈ ਕੇਂਦਰ ਵੱਲੋਂ ਚੁੱਕੇ ਕਦਮਾਂ ਦੀ ਚਰਚਾ ਕੀਤੀ ਪ੍ਰੰਤੂ ਉਨ੍ਹਾਂ ਕਿਸੇ ਕਿਸਾਨ ਅੰਦੋਲਨ ਦਾ ਜ਼ਿਕਰ ਨਹੀਂ ਕੀਤਾ।

Advertisement

Advertisement
Advertisement