ਸਬਜ਼ੀਆਂ ਅਤੇ ਫ਼ਲਾਂ ਦੇ ਭਾਅ ਅਸਮਾਨੀ ਚੜ੍ਹੇ
ਗੁਰਿੰਦਰ ਸਿੰਘ
ਲੁਧਿਆਣਾ, 14 ਜੁਲਾਈ
ਪੰਜਾਬ ਅਤੇ ਨਾਲ ਲੱਗਦੇ ਪਹਾੜੀ ਰਾਜਾਂ ’ਚ ਪਈ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਨੇ ਜਿੱਥੇ ਰੋਜ਼ਾਨਾ ਦੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਸਬਜ਼ੀਆਂ ਅਤੇ ਫ਼ਲਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਬਾਰਸ਼ ਅਤੇ ਹੜ੍ਹਾਂ ਕਾਰਨ ਬਾਹਰੀ ਰਾਜਾਂ ਤੋਂ ਸਬਜ਼ੀਆਂ ਨਾ ਆਉਣ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਜੁਲਾਈ ਦੇ ਪਹਿਲੇ ਦਨਿਾਂ ਵਿੱਚ 15-20 ਰੁਪਏ ਕਿੱਲੋ ਵਾਲਾ ਟਮਾਟਰ 220 ਰੁਪਏ ਕਿੱਲੋ ਮਿਲ ਰਿਹਾ ਹੈ। ਇਸੇ ਤਰ੍ਹਾਂ 120 ਰੁਪਏ ਵਾਲਾ ਅਦਰਕ 300 ਰੁਪਏ ਪ੍ਰਤੀ ਕਿਲੋ ਵਿਕ ਰਿਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ਦੇ ਭਾਅ ਵਧ ਗਏ ਹਨ। 20 ਰੁਪਏ ਕਿੱਲੋ ਵਾਲੀ ਘੀਆ 70-80 ਰੁਪਏ ਕਿੱਲੋ, ਗੋਭੀ 120-150 ਰੁਪਏ ਕਿੱਲੋ, ਟੀਂਡੇ ਅਤੇ ਪੇਠੇ ਦਾ ਭਾਅ ਵੀ 60-80 ਰੁਪਏ ਕਿੱਲੋ ਹੋ ਗਿਆ ਹੈ ਜਦਕਿ ਸ਼ਿਮਲਾ ਮਿਰਚ 80 ਰੁਪਏ ਕਿੱਲੋ ਅਤੇ ਮੂਲੀ 70-80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਸਬਜ਼ੀਆਂ ਨਾਲ ਝੂੰਗੇ ਵਿੱਚ ਮਿਲਣ ਵਾਲੇ ਧਨੀਏ ਦੇ ਭਾਅ ਵੀ ਸਾਰੀਆਂ ਹੱਦਾਂ ਬੰਨੇ ਟੱਪ ਕੇ 400 ਰੁਪਏ ਕਿੱਲੋ ਤੱਕ ਪੁੱਜ ਗਏ ਹਨ। ਫ਼ਲਾਂ ਦੀਆਂ ਕੀਮਤਾਂ ਵਿੱਚ ਵੀ ਹੈਰਾਨੀਜਨਕ ਵਾਧਾ ਹੋਇਆ ਹੈ। ਸਫ਼ੈਦਾ ਅੰਬ 120 ਰੁਪਏ, ਲੀਚੀ 180 ਰੁਪਏ, ਜ਼ਾਮਨ 120 ਰੁਪਏ, ਆਲੂਬੁਖਾਰਾ 140 ਰੁਪਏ ਅਤੇ ਦੁਸਹਿਰੀ ਅੰਬ ਵੀ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਚਾਰੀ ਅੰਬ ਰਾਮਕੇਲੇ ਦੇ ਭਾਅ ਨੂੰ ਵੀ ਅੱਗ ਲੱਗ ਗਈ ਹੈ। ਚਾਰ ਦਨਿ ਪਹਿਲਾਂ 60 ਰੁਪਏ ਕਿੱਲੋ ਵਾਲਾ ਰਾਮਕੇਲਾ ਅੰਬ 110 ਰੁਪਏ ਕਿਲੋ ਹੋ ਗਿਆ ਹੈ।
ਦੁੱਗਰੀ ਵਾਸੀ ਰਮਨੀਕ ਕੌਰ ਨੇ ਕਿਹਾ ਕਿ ਬਾਰਸ਼ ਕਾਰਨ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਉਨ੍ਹਾਂ ਦੇ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੁੱਗਰੀ ਵਿੱਚ ਸਬਜ਼ੀ ਵਿਕਰੇਤਾ ਅਲਾਮੂਦੀਨ ਨੇ ਦੱਸਿਆ ਕਿ ਹੜ੍ਹਾਂ ਕਾਰਨ ਸਬਜ਼ੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਬੰਦ ਹੋਣ ਕਾਰਨ ਭਾਅ ਵਧੇ ਹਨ।