ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ
ਗੁਰਿੰਦਰ ਸਿੰਘ
ਲੁਧਿਆਣਾ, 1 ਸਤੰਬਰ
ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਮੁੜ ਤੇਜ਼ੀ ਆ ਗਈ ਹੈ ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।
ਪਿਆਜ਼ ਦੀ ਲਗਾਤਾਰ ਵੱਧ ਰਹੀ ਕੀਮਤ ਨੇ ਇੱਕ ਵਾਰ ਮੁੜ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆਂਦੇ ਹਨ। ਜੁਲਾਈ ਮਹੀਨੇ ਵਿੱਚ ਪਿਆਜ਼ ਦੀ ਕੀਮਤ 25-30 ਰੁਪਏ ਪ੍ਰਤੀ ਕਿਲੋ ਹੋ ਗਈ ਜੋ ਹੁਣ ਵਧਕੇ ਦੁੱਗਣੀ ਹੋ ਗਈ ਹੈ। ਸਮੇਂ ਪਿਆਜ਼ 50-60 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ। ਇਸੇ ਤਰ੍ਹਾਂ ਟਮਾਟਰ ਦੀ ਕੀਮਤ ਵੀ ਚੜ੍ਹ ਕੇ 60-70 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਜੋ ਅਗਸਤ ਵਿੱਚ 35-40 ਰੁਪਏ ਪ੍ਰਤੀ ਕਿਲੋ ਸੀ। ਆਲੂ ਵੀ ਇਸ ਵਕਤ 30-35 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕਿਸੇ ਵੇਲੇ ਸਬਜ਼ੀ ਨਾਲ ਮੁਫ਼ਤ ਵਿੱਚ ਮਿਲਣ ਵਾਲੇ ਹਰੇ ਧਨੀਏ ਦੀ ਕੀਮਤ ਨੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ। ਇਸ ਵਕਤ ਹਰੇ ਧਨੀਏ ਦੀ ਕੀਮਤ 600 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਅਤੇ ਦੁਕਾਨਦਾਰ ਵੀ 20-30 ਰੁਪਏ ਦਾ ਧਨੀਆ ਦੇਣ ਤੋਂ ਇਨਕਾਰ ਕਰ ਰਹੇ ਹਨ। ਪਿਛਲੇ ਸਮੇਂ ਦੌਰਾਨ ਧਨੀਏ ਦੀ ਕੀਮਤ ਵੱਧ ਤੋਂ ਵੱਧ 300 ਰੁਪਏ ਪ੍ਰਤੀ ਕਿਲੋ ਸੀ। ਇਸ ਵਕਤ ਬਾਜ਼ਾਰ ਵਿੱਚ ਘੀਆ ਅਤੇ ਲੌਕੀ 40 ਤੋਂ 50 ਰੁਪਏ ਪ੍ਰਤੀ ਕਿਲੋ, ਅਰਬੀ 50 -60 ਰੁਪਏ ਪ੍ਰਤੀ ਕਿਲੋ, ਮਟਰ 150-160 ਰੁਪਏ ਪ੍ਰਤੀ ਕਿਲੋ, ਗੋਭੀ 80-90 ਰੁਪਏ ਪ੍ਰਤੀ ਕਿਲੋ, ਪੇਠਾ 40 ਤੋਂ 50 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 120 ਤੋਂ 140, ਗਾਜਰ 50 ਤੋਂ 60 ਰੁਪਏ, ਹਰੀ ਤੋਰੀ 30 ਤੋਂ 40 ਰੁਪਏ, ਬੈਂਗਨ 40 ਤੋਂ 50 ਰੁਪਏ ਅਤੇ ਨਿੰਬੂ 160 ਰੁਪਏ ਤੋਂ 180 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਸਬਜ਼ੀਆਂ ਨਾਲ ਝੂੰਗੇ ਵਜੋਂ ਮਿਲਣ ਵਾਲਾ ਹਰਾ ਧਨੀਆ ਵੀ 600 ਰੁਪਏ ਪ੍ਰਤੀ ਕਿਲੋ ਦੇ ਕਰੀਬ ਮੰਡੀ ਵਿੱਚ ਵਿਕ ਰਿਹਾ ਹੈ। ਇਸੇ ਤਰ੍ਹਾਂ ਲਸਣ ਅਤੇ ਅਦਰਕ ਦੀ ਕੀਮਤ ਵੀ ਘੱਟਣ ਦਾ ਨਾਮ ਨਹੀਂ ਲੈ ਰਹੀ। ਲੱਸਣ 350-400 ਰੁਪਏ ਕਿਲੋ, ਅਦਰਕ 200 ਤੋਂ 250 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।ਇਸੇ ਤਰ੍ਹਾਂ ਫ਼ਲਾਂ ਦੀਆਂ ਕੀਮਤਾਂ ਵੀ ਭਾਰੀ ਵਾਧੇ ਨਾਲ ਮੰਡੀ ਵਿੱਚ ਵਿਕ ਰਹੇ ਹਨ। ਇਸ ਵੇਲੇ ਪਪੀਤਾ 70 ਤੋਂ 80 ਰੁਪਏ ਪ੍ਰਤੀ ਕਿਲੋ, ਅਨਾਰ 150-200 ਪ੍ਰਤੀ ਕਿਲੋ, ਸੇਬ 180-200 ਰੁਪਏ ਕਿਲੋ ਅਤੇ ਅੰਬ ਅਤੇ ਆਲੂ ਬੁਖਾਰਾ ਦੀ ਕੀਮਤ ਵੀ ਅਸਮਾਨੀ ਚੜ੍ਹੀ ਹੋਈ ਹੈ। ਇਸ ਸਬੰਧੀ ਪੱਖੋਵਾਲ ਸਥਿਤ ਇੱਕ ਸਬਜ਼ੀ ਵਿਕਰੇਤਾ ਰਾਮ ਲਾਲ ਨੇ ਦੱਸਿਆ ਹੈ ਕਿ ਬਰਸਾਤੀ ਮੌਸਮ ਕਾਰਨ ਸਬਜ਼ੀ ਉਤਪਾਦਕਾਂ ਦੀਆਂ ਸਬਜ਼ੀਆਂ ਖਰਾਬ ਹੋ ਰਹੀਆਂ ਹਨ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੀਮਤਾਂ ਵੱਧ ਗਈਆਂ ਹਨ।